ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਵਾਰ ਫਿਰ ਆਪਣੀ ਹੀ ਸਰਕਾਰ ਖ਼ਿਲਾਫ਼ ਆਵਾਜ਼ ਚੁੱਕੀ ਹੈ। ਵਿਧਾਇਕ ਦਾ ਕਹਿਣਾ ਹੈ ਕਿ ਲੋਕਲ ਬਾਡੀ ਵਿਭਾਗ ਵਿੱਚ ਭ੍ਰਿਸ਼ਟਾਚਾਰ ਸਿਖਰਾਂ ’ਤੇ ਹੈ। ਸ਼ਿਕਾਇਤ ਕਰਨ ਅਤੇ ਗਵਾਹੀ ਦੇਣ ਦੇ ਬਾਵਜੂਦ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇੱਥੋਂ ਤੱਕ ਕਿ ਨਗਰ ਨਿਗਮ ਦੇ ਕਾਨੂੰਨਾਂ ਦੀ ਵੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਇਹ ਗੱਲਾਂ ਉਨ੍ਹਾਂ ਅੰਮ੍ਰਿਤਸਰ ਵਿਖੇ ਮੀਡੀਆ ਨੂੰ ਦੱਸੀਆਂ।
ਵਿਧਾਇਕ ਨੇ ਕਿਹਾ ਕਿ ਨਗਰ ਨਿਗਮ ਦਾ ਐਮਟੀਪੀ ਵਿਭਾਗ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਹੈ। ਅਧਿਕਾਰੀ ਕਿਸੇ ਵੀ ਜਨ ਨੁਮਾਇੰਦੇ ਦੀ ਸ਼ਿਕਾਇਤ ਵੱਲ ਧਿਆਨ ਨਹੀਂ ਦਿੰਦੇ। ਹਾਲਾਤ ਇਹ ਹਨ ਕਿ ਭ੍ਰਿਸ਼ਟਾਚਾਰ ਕਾਰਨ ਆਮ ਆਦਮੀ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਸ਼ਹਿਰ ਵਿੱਚ ਖੁੱਲ੍ਹੇਆਮ ਨਾਜਾਇਜ਼ ਇਮਾਰਤਾਂ ਅਤੇ ਹੋਟਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਨਿਯਮਾਂ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰਕੇ ਬਣ ਰਹੀਆਂ ਇਮਾਰਤਾਂ ਨੂੰ ਰੋਕਣ ਲਈ ਕੋਈ ਵੀ ਅਧਿਕਾਰੀ ਸੁਣਨ ਨੂੰ ਤਿਆਰ ਨਹੀਂ ਹੈ।
ਪਾਬੰਦੀ ਦੇ ਬਾਵਜੂਦ ਬਣ ਰਹੀਆਂ ਇਮਾਰਤਾਂ
ਅੰਦਰਲੇ ਸ਼ਹਿਰ ਵਿੱਚ ਅਦਾਲਤ ਵੱਲੋਂ ਉਸਾਰੀ ਕਾਰਜਾਂ ’ਤੇ ਰੋਕ ਲੱਗੀ ਹੋਈ ਹੈ ਪਰ ਉਥੇ ਵੱਡੇ-ਵੱਡੇ ਹੋਟਲ ਨਾਜਾਇਜ਼ ਤੌਰ ’ਤੇ ਖੜ੍ਹੇ ਹੋ ਗਏ ਹਨ। ਸ਼ਹਿਰ ਦੇ ਪੌਸ਼ ਏਰੀਆ ਗਰੀਨ ਐਵੀਨਿਊ ਵਿੱਚ ਇੱਕ ਬਹੁ-ਮੰਜ਼ਿਲਾ ਸਕੂਲ ਦੀ ਇਮਾਰਤ ਬਣ ਚੁੱਕੀ ਹੈ, ਜਦੋਂਕਿ ਨਿਯਮਾਂ ਅਨੁਸਾਰ ਇੱਥੇ ਇੰਨੀ ਉੱਚੀ ਇਮਾਰਤ ਨਹੀਂ ਬਣਾਈ ਜਾ ਸਕਦੀ।
ਵਿਭਾਗ ਨੇ ਇਸ ਇਮਾਰਤ ਨੂੰ ਬਣਾਉਣ ਲਈ ਐਨਓਸੀ ਕਿਵੇਂ ਦਿੱਤੀ। ਇਸ ਬਾਰੇ ਕੋਈ ਅਧਿਕਾਰੀ ਜਵਾਬ ਨਹੀਂ ਦੇ ਰਿਹਾ। ਨਾਜਾਇਜ਼ ਉਸਾਰੀ ਸਬੰਧੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੂੰ ਲਗਾਤਾਰ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਹੋਈ। ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਦੇਣ ਲਈ ਵਚਨਬੱਧ ਹੈ, ਫਿਰ ਵੀ ਅਧਿਕਾਰੀ ਖੁੱਲ੍ਹੇਆਮ ਮਨਮਾਨੀਆਂ ਕਰ ਰਹੇ ਹਨ।