Punjab

ਝੱਖੜ ਅਤੇ ਮੀਂਹ ਨੇ ਦਰੱਖ਼ਤਾਂ ਦੇ ਨਾਲ ਸੜਕਾਂ ‘ਤੇ ਲੱਗੇ ਖੰਭੇ ਵੀ ਉਖਾੜੇ , ਰਾਤ ਦੀ ਬਿਜਲੀ ਹੋਈ ਗੁਲ

ਚੰਡੀਗੜ੍ਹ : ਬੀਤੀ ਰਾਤ ਪੰਜਾਬ ਵਿੱਚ ਇੱਕ ਦਮ ਆਏ ਝੱਖੜ ਅਤੇ ਮੀਂਹ ਨੇ ਨੁਕਸਾਨ ਕੀਤਾ। ਦਰਖਤਾਂ ਦੇ ਨਾਲ ਸੜਕਾਂ ਤੇ ਖੰਭੇ ਵੀ ਡਿੱਗ ਗਏ। ਬਰਨਾਲਾ ਤੋਂ ਮਿਲੀ ਰਿਪੋਰਟ ਮੁਤਾਬਕ ਬੀਤੀ ਰਾਤ ਕਰੀਬ 11 ਵਜੇ ਤੋਂ ਤੇਜ਼ ਹਨੇਰੀ, ਝੱਖੜ ਅਤੇ ਮੀਂਹ ਸ਼ੁਰੂ ਹੋ ਗਿਆ। ਇਸ ਨਾਲ ਦਰਖਤਾਂ ਦੇ ਨਾਲ ਸੜਕਾਂ ਤੇ ਖੰਭੇ ਵੀ ਡਿੱਗ ਗਏ।

ਕਈ ਘਰਾਂ ਵਿੱਚ ਵੀ ਨੁਕਸਾਨ ਹੋਇਆ ਹੈ। ਰਾਤ ਤੋਂ ਹੀ ਬਿਜਲੀ ਗਈ ਹੋਈ ਹੈ। ਇਸ ਤਰ੍ਹਾਂ ਹੋਰਨਾਂ ਜ਼ਿਲਿਆਂ ਵਿੱਚੋਂ ਵੀ ਇਹੀ ਰਿਪੋਰਟ ਮਿਲ ਰਹੀ ਹੈ। ਤੇਜ਼ ਤੂਫ਼ਾਨ ਕਾਰਨ ਜਿੱਥੇ ਦਰੱਖ਼ਤਾ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ ਉੱਥੇ ਹੀ ਪਸ਼ੂ ਪਾਲਕਾਂ ਦਾ ਵੀ ਨੁਕਸਾਨ ਹੋਇਆ ਹੋਇਆ ਹੈ। ਬਰਨਾਲਾ ਦੇ ਪਿੰਡ ਕੈਰੇ ਦੇ ਇਕ ਪਸ਼ੂ ਪਾਲਕ ਕਿਸਾਨ ਦਾ ਪਸ਼ੂਆਂ ਲਈ ਪਾਇਆ ਸ਼ੈਡ ਡਿੱਗਣ ਕਾਰਨ ਕਈ ਪਸ਼ੂ ਮਾਰੇ ਗਏ। ਇਸ ਕਾਰਨ ਕਿਸਾਨ ਦਾ ਲੱਖਾਂ ਦਾ ਨੁਕਸਾਨ ਹੋ ਗਿਆ।

ਸੰਗਰੂਰ ਜ਼ਿਲਾ ਦੇ ਲੌਂਗੋਵਾਲ ਤੋਂ ਸੁਨਾਮ ਰੋਡ ਤੇ ਸ਼ੇਰੋਂ ਤੱਕ ਥਾਂ ਥਾਂ ਤੇ ਵੱਡੇ ਵੱਡੇ ਦਰਖ਼ਤ ਡਿੱਗੇ ਪਏ ਹਨ ਅਤੇ ਬਿਜਲੀ ਦੀਆਂ ਤਾਰਾਂ ਟੁੱਟੀਆਂ ਪਈਆਂ ਹਨ। ਕੁੱਝ ਸਥਾਨਕ ਲੋਕ ਆਪਣੇ ਪੱਧਰ ’ਤੇ ਰਸਤਿਆਂ ਨੂੰ ਸਾਫ਼ ਕਰਨ ’ਚ ਲੱਗੇ ਹੋਏ ਸਨ।

ਮੌਸਮ ਕੇਂਦਰ ਚੰਡੀਗੜ੍ਹ ਦੀ ਤਾਜ਼ਾ ਅੱਪਡੇਟ ਮੁਤਾਬਕ 18 ਮਈ ਯਾਨੀ ਅੱਜ ਸੂਬੇ ਦੀ ਕਈ ਜਿਲ੍ਹਿਆਂ ਵਿੱਚ ਤੇਜ਼ ਹਵਾਵਾਂ, ਝੱਖੜ ਅਤੇ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।

ਤਾਜ਼ਾ ਅੱਪਡੇਟ ਮੁਤਾਬਕ ਅਗਲੇ ਇੱਕ ਦੋ ਘੰਟਿਆਂ ਦੌਰਾਨ ਨਵਾਂ ਸ਼ਹਿਰ , ਜਲੰਧਰ ,ਕਪੂਰਥਲਾ , ਤਰਨ ਤਾਰਨ, ਰੂਪਨਗਰ , ਲੁਧਿਆਣਾ , ਮੋਗਾ , ਫ਼ਿਰੋਜਪੁਰ , ਫ਼ਰੀਦਕੋਟ , ਮੁਕਤਸਰ , ਫ਼ਾਜ਼ਿਲਕਾ , ਬਠਿੰਡਾ ਬਰਨਾਲਾ , ਮਾਨਸਾ , ਪਟਿਆਲਾ , ਫ਼ਤਹਿਗੜ੍ਹ ਸਾਹਿਬ , ਸੰਗਰੂਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ( ਮੋਹਾਲੀ) ‘ਚ ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਆਉਣ ਵਾਲੇ 2 ਤੋਂ 3 ਘੰਟਿਆਂ ਦੌਰਾਨ ਇਹਨਾਂ ਸ਼ਹਿਰਾਂ ਵਿੱਚ ਤੇਜ਼ ਹਨੇਰੀ ,ਮੀਂਹ ਅਤੇ ਝੱਖੜ ਪੈਣ ਦੀ ਸੰਭਾਵਨਾ ਹੈ।