ਬਰਨਾਲਾ : ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਕਣਕ ਦੀ ਵਾਢੀ ਤੇ ਕਣਕ ਦੀ ਤੂੜੀ ਬਣਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਖਾਲੀ ਖੇਤਾਂ ਵਿੱਚ ਪਾਣੀ ਨਾ ਲਾਇਆ ਜਾਵੇ, ਇਸ ਨਾਲ ਜਿੱਥੇ ਇੱਕ ਵਾਰ 3 ਲੱਖ ਲੀਟਰ ਪਾਣੀ ਦੀ ਬਰਬਾਦੀ ਹੁੰਦੀ ਹੈ, ਉੱਥੇ ਇਸ ਨਾਲ ਜ਼ਮੀਨ ਵਿੱਚ ਹਾਨੀਕਾਰਕ ਉੱਲੀਆਂ ਅਤੇ ਕੀਟ ਪੈਦਾ ਹੁੰਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਬਜਾਏ ਖੇਤਾਂ ਵਿੱਚ ਧੁੱਪ ਲੱਗਣ ਦਿੱਤੀ ਜਾਵੇ ਤਾਂ ਕਿ ਗਰਮੀ ਨਾਲ ਹਾਨੀਕਾਰਕ ਉੱਲੀਆਂ, ਕੀਟ ਅਤੇ ਨਦੀਨ ਨਸ਼ਟ ਹੋ ਜਾਣ।
ਡਾ. ਜਗਦੀਸ਼ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਵਾਹ ਕੇ ਕੁਦਰਤੀ ਖਾਦ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਆਉਂਦਾ ਹੈ। ਉਹਨਾਂ ਕਿਹਾ ਕਿ ਕਿਸਾਨ ਵੀਰ ਹਰੀ ਖਾਦ ਦੇ ਲਈ ਜੰਤਰ ਦਾ 20 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਕੇ 6—8 ਹਫਤੇ ਦੀ ਫਸਲ ਨੂੰ ਖੇਤ ਵਿੱਚ ਦਬਾ ਦੇਣ। ਉਨ੍ਹਾਂ ਜਾਣਕਾਰੀ ਦਿਦਿੰਆਂ ਕਿਹਾ ਕਿ ਇਸ ਨਾਲ ਪ੍ਰਤੀ ਏਕੜ ਇੱਕ ਬੋਰੀ ਯੂਰੀਏ ਦੀ ਬਚਤ ਦੇ ਨਾਲ ਨਾਲ ਝੋਨੇ ਵਿੱਚ ਲੋਹੇ ਦੀ ਘਾਟ ਵੀ ਪੂਰੀ ਹੋਵੇਗੀ।
ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਹਰੀ ਖਾਦ ਜ਼ਮੀਨ ਦੀਆਂ ਹੇਠਲੀਆਂ ਤਹਿਆਂ ਵਿੱਚ ਪਹੁੰਚ ਚੁੱਕੇ ਖੁਰਾਕੀ ਤੱਤਾਂ ਨੂੰ ਉਪਰਲੀ ਤਹਿ ਵਿੱਚ ਲਿਆ ਕੇ ਅਗਲੀ ਫਸਲ ਨੂੰ ਮੁਹਈਆ ਕਰਵਾਊਂਦੀ ਹੈ, ਜਿਸ ਨਾਲ ਮਿੱਟੀ ਦੇ ਜੈਵਿਕ ਮਾਦੇ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਉਹਨਾਂ ਇਹ ਵੀ ਕਿਹਾ ਕਿ ਕੁਝ ਕਿਸਾਨਾਂ ਵੱਲੋਂ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਵਿੱਚ ਪਾਣੀ ਖੜਾ ਕਰ ਦਿੰਦੇ ਹਨ।