ਪਟਿਆਲਾ : ਗੁਰਦੁਆਰਾ ਦੂਖ ਨਿਵਾਰਨ ਸਾਹਿਬ ( Gurdwara Dukh Niwaran Sahib ) ਕੰਪਲੈਕਸ ਵਿਚ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਖੁਲਾਸਾ ਕੀਤਾ ਹੈ।
ਇਸ ਮਾਮਲੇ ਵਿੱਚ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਚ ਸ਼ਰਾਬ ਪੀਣ ਵਾਲੀ ਔਰਤ ਨਸ਼ੇੜੀ ਸੀ, ਜਿਸਨੂੰ ਸ਼ਰਾਬ ਪੀਣ ਦੀ ਲੱਤ ਲੱਗੀ ਹੋਈ ਸੀ ਤੇ ਇਸਦਾ ਇਕ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਵੀ ਚਲ ਰਿਹਾ ਸੀ।
ਐਸਐਸਪੀ ਨੇ ਕਿਹਾ ਕਿ ਇਹ ਔਰਤ ਸ਼ਰਾਬ ਦਾ ਪਊਆ ਲੈ ਕੇ ਗੁਰਦੁਆਰਾ ਸਾਹਿਬ ਪਹੁੰਚੀ ਸੀ। ਇਥੇ ਸੰਗਤਾਂ ਨੇ ਉਸਨੂੰ ਸ਼ਰਾਬ ਪੀਣ ਤੋਂ ਰੋਕਿਆ ਤਾਂ ਇਸਨੇ ਉਲਟਾ ਉਹਨਾਂ ’ਤੇ ਹਮਲਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਔਰਤ ਨੂੰ ਸ਼ਰਾਬ ਪੀਣ ਤੋਂ ਇੱਕ ਸ਼ਰਧਾਲੂ ਨਿਰਮਲਜੀਤ ਸਿੰਘ ਸੈਣੀ ਤੈਸ਼ ਵਿੱਚ ਆ ਗਿਆ। ਉਸਨੇ ਆਪਣੀ ਲਾਇਸੰਸੀ ਰਿਵਾਲਵਰ ਨਾਲ 5 ਗੋਲੀਆਂ ਚਲਾਈਆਂ, ਜਿਸ ਵਿੱਚੋਂ ਚਾਰ ਔਰਤ ਨੂੰ ਲੱਗੀਆਂ ਅਤੇ ਇੱਕ ਸੇਵਾਦਾਰ ਨੂੰ ਲੱਗੀ।
ਉਨ੍ਹਾਂ ਨੇ ਦੱਸਿਆ ਕਿ ਔਰਤ ਮਾਰਨ ਵਾਲਾ ਨਿਰਮਲਜੀਤ ਸਿੰਘ ਸੈਣੀ ਇਕ ਬਹੁਤ ਹੀ ਧਾਰਮਿਕ ਆਸਥਾ ਵਾਲਾ ਸ਼ਰਧਾਲੁ ਹੈ। ਜ਼ਖਮੀ ਸੇਵਾਦਾਰ ਰਾਜਿੰਦਰਾ ਹਸਪਤਾਲ ਵਿਚ ਜੇਰੇ ਇਲਾਜ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ। ਐਸਐਸਪੀ ਨੇ ਦੱਸਿਆ ਕਿ ਇਸ ਔਰਤ ਕੋਲੋਂ ਜੋ ਆਧਾਰ ਕਾਰਡ ਮਿਲਿਆ ਹੈ, ਉਸ ’ਤੇ ਕਿਸੇ ਪੀਜੀ ਦਾ ਪਤਾ ਸੀ, ਜਿਥੇ ਇਹ ਬੀਤੇ 2-3 ਸਾਲਾਂ ਤੋਂ ਨਹੀਂ ਰਹਿ ਰਹੀ ਸੀ। ਹੁਣ ਤੱਕ ਉਸਦੀ ਲਾਸ਼ ਲੈਣ ਵਾਸਤੇ ਕੋਈ ਵੀ ਵਾਰਸ ਪੁਲਿਸ ਕੋਲ ਨਹੀਂ ਪੁੱਜਾ।
ਦੱਸ ਦਈਏ ਕਿ ਕੱਲ ਦੇਰ ਸ਼ਾਮ ਇੱਕ ਸ਼ਰਧਾਲੂ ਨੇ ਇੱਕ ਔਰਤ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ‘ਚ ਇਕ ਸੇਵਾਦਾਰ ਵੀ ਜ਼ਖਮੀ ਹੋਇਆ ਸੀ। ਮੁਲਜ਼ਮ ਸ਼ਰਧਾਲੂ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ। ਜਿਸ ਦੀ ਪਛਾਣ ਨਿਰਮਲਜੀਤ ਸਿੰਘ ਵਾਸੀ ਅਰਬਨ ਸਟੇਟ ਪਟਿਆਲਾ ਵਜੋਂ ਹੋਈ ਹੈ। ਮ੍ਰਿਤਕ ਔਰਤ ਦੀ ਪਛਾਣ ਪਰਵਿੰਦਰ ਕੌਰ (32) ਵਾਸੀ ਪਟਿਆਲਾ ਵਜੋਂ ਹੋਈ ਹੈ।
ਘਟਨਾ ਰਾਤ ਕਰੀਬ 10 ਵਜੇ ਵਾਪਰੀ। ਇਲਜ਼ਾਮ ਹੈ ਕਿ ਉਕਤ ਔਰਤ ਸਰੋਵਰ ਕੰਢੇ ਬੈਠ ਕੇ ਸ਼ਰਾਬ ਪੀ ਰਹੀ ਸੀ। ਗੁਰਦੁਆਰਾ ਸਟਾਫ਼ ਨੇ ਉਸ ਨੂੰ ਰੋਕਿਆ ਅਤੇ ਪੁੱਛਗਿਛ ਲਈ ਗੁਰਦੁਆਰਾ ਪ੍ਰਬੰਧਕ ਦੇ ਕਮਰੇ ਵਿੱਚ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਰ ਔਰਤ ਨੇ ਸੇਵਾਦਾਰਾਂ ‘ਤੇ ਸ਼ਰਾਬ ਦੀ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਔਰਤ ਨਾਲ ਪੁੱਛ-ਪੜਤਾਲ ਦੌਰਾਨ ਇੱਕ ਸ਼ਰਧਾਲੂ ਨਿਰਮਲਜੀਤ ਉਥੇ ਆ ਗਿਆ ਅਤੇ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਨਿਰਮਲਜੀਤ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਤੋਂ 5 ਗੋਲੀਆਂ ਚਲਾਈਆਂ। ਜਿਸ ਵਿੱਚੋਂ ਔਰਤ ਨੂੰ ਤਿੰਨ ਗੋਲੀਆਂ ਲੱਗੀਆਂ ਸਨ। ਜਦਕਿ ਇੱਕ ਸੇਵਾਦਾਰ ਨੂੰ ਵੀ ਗੋਲੀ ਲੱਗੀ ਹੈ। ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜ਼ਖ਼ਮੀ ਸੇਵਾਦਾਰ ਨੂੰ ਰਜਿੰਦਰਾ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਉਸ ਦੇ ਪੇਟ ਵਿੱਚ ਗੋਲੀ ਲੱਗੀ ਸੀ।