Punjab

12 ਦਿਨ ਪਹਿਲਾਂ ਘਰ ਤੋਂ ਗਿਆ ! ਹੁਣ ਆਈ ਇਹ ਖਬਰ ! ਮਾਪਿਆਂ ਦਾ ਇਕਲੌਤਾ ਪੁੱਤ !

ਬਿਊਰੋ ਰਿਪੋਰਟ : ਬਰਨਾਲਾ ਦਾ ਜਵਾਨ ਦੇਸ਼ ਦੇ ਲਈ ਸ਼ਹੀਦ ਹੋ ਗਿਆ ਹੈ। ਵਜੀਦਕੇ ਪਿੰਡ ਦਾ ਫੌਜੀ ਜਸਵੀਰ ਸਿੰਘ ਸਮਰਾ ਜੰਮੂ ਵਿੱਚ ਤਾਇਨਾਤ ਸੀ। ਡਿਊਟੀ ਦੌਰਾਨ ਜਸਵੀਰ ਸਿੰਘ ਦਹਿਸ਼ਤਗਰਦੀ ਹਮਲੇ ਵਿੱਚ ਸ਼ਹੀਦ ਹੋ ਗਿਆ। ਉਸ ਦੀ ਸ਼ਹਾਦਤ ਦੀ ਜਾਣਕਾਰੀ ਮਿਲਦੇ ਹੀ ਪਰਿਵਾਰ ਵਿੱਚ ਮਾਤਮ ਛਾ ਗਿਆ। ਜਸਵੀਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਪ੍ਰਸ਼ਾਸਨ ਵੱਲੋਂ ਜਸਵੀਰ ਦੇ ਸ਼ਹੀਦ ਹੋਣ ਦੀ ਜਾਣਕਾਰੀ ਉਸ ਦੇ ਪਰਿਵਾਰ ਨੂੰ ਦਿੱਤੀ ਗਈ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਫੌਜ ਦੇ ਨਾਲ ਸੰਪਰਕ ਕੀਤਾ ਅਤੇ ਫੌਜੀ ਦੀ ਸ਼ਹਾਦਤ ਦੀ ਖਬਰ ਫੈਲਣ ਨਾਲ ਪੂਰੇ ਪਿੰਡ ਵਿੱਚ ਸੋਗ ਪਸਰ ਗਿਆ। ਉਨ੍ਹਾਂ ਦੇ ਪੁਸ਼ਤੈਨੀ ਪਿੰਡ ਵਿੱਚ ਲੋਕਾਂ ਨੂੰ ਮਾਣ ਹੈ ਕਿ ਜਸਵੀਰ ਦੇਸ਼ ਦੇ ਲਈ ਸ਼ਹੀਦ ਹੋਇਆ ਹੈ ਪਰ ਪਰਿਵਾਰ ਨਾਲ ਹਮਦਰਦੀ ਵੀ ਹੈ ਕਿ ਇਕਲੌਤਾ ਪੁੱਤ ਛੋਟੀ ਉਮਰੇ ਚਲਾ ਗਿਆ ।

12 ਦਿਨ ਪਹਿਲਾਂ ਵਾਪਸ ਗਿਆ ਸੀ

ਫੌਜੀ ਜਸਵੀਰ ਸਿੰਘ ਸਰਮਾ 10 ਜੇਕੇ ਰਾਈਵਲ ਵਿੱਚ ਲਾਂਸ ਨਾਇਕ ਸੀ, ਉਨ੍ਹਾਂ ਦੀ ਮ੍ਰਿਤਕ ਦੇਹ ਜੱਦੀ ਪਿੰਡ ਵਜੀਦਕੇ ਵਿੱਚ ਪਹੁੰਚ ਗਈ ਹੈ। ਜਿੱਥੇ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। 10 ਦਿਨ ਪਹਿਲਾਂ 2 ਮਈ ਨੂੰ ਹੀ ਜਸਵੀਰ ਸਿੰਘ ਛੁੱਟੀ ਕੱਟ ਕੇ ਵਾਪਸ ਗਿਆ ਸੀ। ਪਿੰਡ ਦੀ ਸਰਪੰਚ ਗੁਰਮੀਤ ਕੌਰ ਅਤੇ ਪਤੀ ਬਲਵਿੰਦਰ ਨੇ ਦੱਸਿਆ ਕਿ 25 ਸਾਲਾ ਜਸਵੀਰ ਮਾਪਿਆਂ ਦੀ ਇਕਲੌਤੀ ਔਲਾਦ ਸੀ। ਹੁਣ ਤੱਕ ਉਸ ਦਾ ਵਿਆਹ ਨਹੀਂ ਹੋਇਆ ਸੀ। ਮਾਪਿਆਂ ਨੂੰ ਪੁੱਤਰ ਦੇ ਵਿਆਹ ਦੀ ਬਹੁਤ ਆਸ ਸੀ, ਉਨ੍ਹਾਂ ਨੂੰ ਉਮੀਦ ਸੀ ਕਿ ਅਗਲੀ ਵਾਰ ਜਦੋਂ ਜਸਵੀਰ ਘਰ ਆਵੇਗਾ ਤਾਂ ਵਿਆਹ ਕਰਵਾਉਣਗੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਤੋਂ ਪਹਿਲਾਂ ਹੀ ਜਸਵੀਰ ਸ਼ਹੀਦ ਹੋ ਗਿਆ ਅਤੇ ਮਾਪਿਆਂ ਨੂੰ ਉਮਰ ਭਰ ਦਾ ਗਮ ਦੇ ਗਿਆ ।

ਪਿਤਾ ਸਕੂਲ ਬੱਸ ਡਰਾਈਵਰ

ਜਸਵੀਰ ਸਿੰਘਘ ਗਰੀਬ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਨ੍ਹਾਂ ਕੋਲ ਬਹੁਤ ਹੀ ਥੋੜ੍ਹੀ ਜ਼ਮੀਨ ਹੈ ਅਤੇ ਇਸੇ ਲਈ ਪਿਤਾ ਸਕੂਲ ਬੱਸ ਚਲਾਉਂਦਾ ਸੀ, ਮਾਂ ਘਰ ਸੰਭਾਲ ਦੀ ਸੀ। ਦੇਸ਼ ਦੀ ਸੇਵਾ ਅਤੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਕਰਨ ਦੇ ਲਈ ਮਾਪਿਆਂ ਨੇ ਦਿਲ ‘ਤੇ ਪੱਥਰ ਰੱਖ ਕੇ ਆਪਣੇ ਇਕਲੌਤੇ ਪੁੱਤਰ ਨੂੰ ਦੇਸ਼ ਦੀ ਸੇਵਾ ਕਰਨ ਦੇ ਲਈ 6 ਸਾਲ ਪਹਿਲਾਂ ਭੇਜਿਆ ਸੀ, ਪਰ ਹੁਣ ਮਾਤਾ-ਪਿਤਾ ਇਕੱਲੇ ਰਹਿ ਗਏ ਹਨ । ਪੁੱਤਰ ਦਾ ਘਰ ਵਸਾਉਣ ਦਾ ਸੁਪਣਾ ਵੀ ਵਿੱਚ ਹੀ ਰਹਿ ਗਿਆ।