Jalandhar Lok Sabha Bypoll : ਜਲੰਧਰ ਲੋਕ ਸਭਾ ਸੀਟ ਲਈ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਇੱਥੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ, ਜੋ ਸ਼ਾਮ 6 ਵਜੇ ਤੱਕ ਚੱਲੇਗੀ।
ਲੋਕ ਸਭਾ ਹਲਕੇ ਦੇ 16,21,800 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਅਤੇ ਇਸ ਚੋਣ ਮੈਦਾਨ ਵਿੱਚ ਕੁੱਲ 19 ਉਮੀਦਵਾਰ ਉੱਤਰੇ ਹਨ। ਸਾਰੇ 19 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਲੋਕ ਅੱਜ ਕਰਨਗੇ। ਵੋਟਰਾਂ ‘ਚ 8,44,904 ਪੁਰਸ਼ ਅਤੇ 7,76,855 ਔਰਤ ਵੋਟਰ ਹਨ ਅਤੇ 41 ਥਰਡ ਜੈਂਡਰ ਵੋਟਰ ਹਨ।
ਕਰਮਜੀਤ ਕੌਰ, ਕਾਂਗਰਸ ਉਮੀਦਵਾਰ
ਜਲੰਧਰ ਜ਼ਿਮਨੀ ਚੋਣ ਲਈ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਜਲੰਧਰ ਵਿੱਚ ਵੋਟ ਪਾਉਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਸਾਰੇ ਜਿੱਤ ਦਾ ਦਾਅਵਾ ਕਰਨਗੇ ਪਰ ਨਤੀਜਾ ਸਾਨੂੰ 13 ਮਈ ਨੂੰ ਹੀ ਮਿਲੇਗਾ। ਅੱਜ ਸਾਰਾ ਜਲੰਧਰ ਜ਼ਿਲ੍ਹਾ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਿਹਾ ਹੈ, ਖ਼ਾਸ ਕਰਕੇ ਔਰਤਾਂ। ਉਨ੍ਹਾਂ ਨੇ ਕਿਹਾ ਕਿ ਪਰਿਵਾਰ, ਪਾਰਟੀ ਅਤੇ ਜਲੰਧਰ ਵਾਸੀਆਂ ਨੂੰ ਸੰਤੋਖ ਸਿੰਘ ਚੌਧਰੀ ਦੀ ਕਮੀ ਮਹਿਸੂਸ ਹੁੰਦੀ ਰਹੇਗੀ ਪਰ ਉਨ੍ਹਾਂ ਵਾਂਗੂੰ ਮੈਨੂੰ ਵੀ ਲੋਕਾਂ ਦਾ ਨਿੱਘ ਪਿਆਰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਅਨੇਕਾਂ ਮੁੱਦੇ ਹਨ ਪਰ ਪਹਿਲ ਦੇ ਆਧਾਰ ਉੱਤੇ ਔਰਤਾਂ ਦੇ ਲਈ ਮੈਂ ਖ਼ਾਸ ਤੌਰ ਉੱਤੇ ਕੰਮ ਕਰਾਂਗੀ। ਉਹਨਾਂ ਨੇ ਔਰਤ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦਾ ਦਾਅਵਾ ਕੀਤਾ।
ਆਪ ਪਾਰਟੀ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਆਪ ਨੂੰ ਹਾਲੇ ਇੱਕ ਸਾਲ ਹੋਇਆ ਹੈ ਅਤੇ ਅਸੀਂ 136 ਸਾਲ ਪੁਰਾਣੀ ਪਾਰਟੀ ਹੋਣ ਦੇ ਨਾਤੇ ਉਸ ਕੰਮ ਉੱਤੇ ਆਧਾਰਿਤ ਲੋਕਾਂ ਤੋਂ ਵੋਟ ਮੰਗ ਰਹੇ ਹਾਂ। ਸਾਡਾ ਪਰਿਵਾਰ ਇਸ ਪਾਰਟੀ ਨਾਲ 97 ਸਾਲਾਂ ਤੋਂ ਜੁੜਿਆ ਹੋਇਆ ਹੈ। ਆਪ ਪਾਰਟੀ ਦੀ ਕੋਈ ਵਿਚਾਰਧਾਰਾ ਨਹੀਂ ਹੈ, ਉਨ੍ਹਾਂ ਨੇ ਹਰ ਜੰਗਲ ਤੋਂ ਇੱਕ ਇੱਕ ਲੱਕੜੀ ਖਿੱਚਣ ਦੀ ਕੋਸ਼ਿਸ਼ ਕੀਤੀ ਹੈ।
ਸੁਸ਼ੀਲ ਕੁਮਾਰ ਰਿੰਕੂ, ਆਪ ਉਮੀਦਵਾਰ
ਸੁਸ਼ੀਲ ਕੁਮਾਰ ਰਿੰਕੂ ਨੇ ਵੀ ਅੱਜ ਵੋਟ ਪਾਈ। ਇਸ ਮੌਕੇ ਉਨ੍ਹਾਂ ਨੇ ਪੇਪਰਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜਦੋਂ ਸਾਰਾ ਸਾਲ ਪੜਾਈ ਕੀਤੀ ਹੋਵੇ ਤਾਂ ਪੇਪਰ ਵਾਲੇ ਦਿਨ ਕੋਈ ਘਬਰਾਹਟ ਨਹੀਂ ਹੁੰਦੀ। ਰਿੰਕੂ ਨੇ ਕਿਹਾ ਕਿ ਅਸੀਂ ਘਬਰਾ ਨਹੀਂ ਰਹੇ, ਇਸ ਲਈ ਅਸੀਂ ਪੂਰਾ ਆਤਮ ਵਿਸ਼ਵਾਸ਼ ਮਹਿਸੂਸ ਕਰ ਰਹੇ ਹਾਂ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਮੈਨੂੰ ਮੁਕਾਬਲੇ ਵਾਲੀ ਕੋਈ ਗੱਲ ਨਜ਼ਰ ਨਹੀਂ ਆ ਰਹੀ ਕਿਉਂਕਿ ਜਿਵੇਂ ਆਪ ਨੇ ਮੁਹਿੰਮ ਕੀਤੀ ਹੈ, ਉਸਦੇ ਮੁਕਾਬਲੇ ਕਾਂਗਰਸ ਪਾਰਟੀ ਵਿੱਚ ਫੋਟੋ ਕਲਚਰ ਜ਼ਿਆਦਾ ਨਜ਼ਰ ਆਇਆ ਕਿਉਂਕਿ ਕਾਂਗਰਸ ਦੇ ਲੀਡਰ ਸਿਰਫ਼ ਫੋਟੋ ਖਿਚਾ ਕੇ ਜਾਂਦੇ ਰਹੇ ਹਨ। ਚੋਣਾਂ ਦੇ ਨਤੀਜਿਆਂ ਵਿੱਚ ਵੱਡਾ ਫਰਕ ਰਹੇਗਾ।
ਰਿੰਕੂ ਨੇ ਦਾਅਵਾ ਕੀਤਾ ਕਿ ਜੇ ਉਹ ਮੈਂਬਰ ਪਾਰਲੀਮੈਂਟ ਬਣਦੇ ਹਾਨ ਤਾਂ ਉਹ ਜਲੰਧਰ ਲਈ ਤਿੰਨ ਕੰਮ ਸਭ ਤੋਂ ਪਹਿਲਾਂ ਕਰਨਗੇ ਜਿਸ ਵਿੱਚ ਆਦਮਪੁਰ ਦੀ ਸੜਕ, ਆਦਮਪੁਰ ਦਾ ਫਲਾਈਓਵਰ, ਜਲੰਧਰ ਦਾ ਹਵਾਈ ਅੱਡਾ ਅਤੇ ਸਮਾਰਟ ਸਿਟੀ ਦੇ ਰੁਕੇ ਪ੍ਰਾਜੈਕਟਾਂ ਨੂੰ ਪੂਰਾ ਕਰਨਾ ਸ਼ਾਮਲ ਹੈ।
ਕਾਂਗਰਸ ਵੱਲੋਂ ਗੱਦਾਰ ਹੋਣ ਦੇ ਲਗਾਏ ਦੋਸ਼ਾਂ ਦਾ ਰਿੰਕੂ ਨੇ ਜਵਾਬ ਦਿੰਦਿਆਂ ਕਿਹਾ ਕਿ ਗੱਦਾਰੀ ਤਾਂ ਉਨ੍ਹਾਂ ਨੇ ਕੀਤੀ ਹੈ ਜਿਨ੍ਹਾਂ ਨੇ ਪੂਰੇ 9 ਸਾਲਾਂ ਵਿੱਚ ਹਲਕੇ ਦੇ ਕਿਸੇ ਵੀ ਹਲਕੇ ਵਿੱਚ ਪੈਸੇ ਨਹੀਂ ਦਿੱਤੇ, ਸਾਰੇ ਪੈਸੇ ਆਪਣੇ ਉੱਤੇ ਵਰਤਦੇ ਰਹੇ ਹਨ। ਇਸ ਲਈ ਇਸਦਾ ਜਵਾਬ ਹੁਣ ਲੋਕ ਦੇਣਗੇ।
ਅਕਾਲੀ-ਬਸਪਾ ਉਮੀਦਵਾਰ ਸੁਖਵਿੰਦਰ ਸੁੱਖੀ
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਅਕਾਲੀ ਅਤੇ ਬਸਪਾ ਵਰਕਰਾਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਅਸੀਂ ਤਾਂ ਸਿਰਫ਼ ਸਮਾਂ ਹੀ ਉਡੀਕ ਰਹੇ ਹਾਂ ਕਿਉਂਕਿ ਸਾਡੀ ਜਿੱਤ ਪੱਕੀ ਹੈ। ਚੌਧਰੀ ਪਰਿਵਾਰ ਫਿਲੌਰ ਤੋਂ ਜ਼ਿਆਦਾਤਾਰ ਹਾਰਿਆ ਹੈ। ਚੌਧਰੀ ਪਰਿਵਾਰ ਨੂੰ 9 ਸਾਲ ਮਿਲੇ ਹਨ ਪਰ ਨੌਂ ਸਾਲਾਂ ਵਿੱਚ ਉਹ ਕੋਈ ਉਦਾਹਰਣ ਨਹੀਂ ਦੇ ਸਕੇ ਕਿ ਉਨ੍ਹਾਂ ਨੇ ਲੋਕਾਂ ਲਈ ਕੁੱਝ ਕੀਤਾ ਹੈ। ਲੋਕਾਂ ਵਿੱਚ ਆਪ ਪ੍ਰਤੀ ਨਰਾਜ਼ਗੀ ਬਹੁਤ ਹੈ, ਉਨ੍ਹਾਂ ਨੇ ਹਾਲੇ ਤੱਕ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦੀ ਗਾਰੰਟੀ ਪੂਰੀ ਨਹੀਂ ਕੀਤੀ ਹੈ। ਪੰਜਾਬ ਵਿੱਚ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਸਾਰਾ ਸਿਰਫ਼ ਅਕਾਲੀ ਦਲ ਨੇ ਹੀ ਕੀਤਾ ਹੈ। ਅਕਾਲੀ-ਬਸਪਾ ਜਦੋਂ ਇਕੱਠੀ ਹੋ ਜਾਂਦੀ ਹੈ ਤਾਂ ਬਾਕੀ ਸਾਰੀਆਂ ਪਾਰਟੀਆਂ ਰੁਲ ਜਾਂਦੀਆਂ ਹਨ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ
ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਅੱਜ ਜਲੰਧਰ ਪਹੁੰਚ ਕੇ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਸੀਚੇਵਾਲ ਨੇ ਕਿਹਾ ਕਿ ਲੋਕ ਆਪਣੀ ਸਰਕਾਰ ਆਪ ਚੁਣਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ਸੀਚੇਵਾਲ ਨੇ ਆਪ ਸਰਕਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜ਼ਿਆਦਾਤਾਰ ਲੋਕ ਵੋਟ ਆਪ ਨੂੰ ਪਾ ਰਹੇ ਹਨ, ਕਿਉਂਕਿ ਇਸ ਪਾਰਟੀ ਨੇ ਵਾਤਾਵਰਣ ਲਈ ਕਈ ਕੰਮ ਕੀਤੇ ਹਨ।
ਕਾਂਗਰਸੀ ਵਿਧਾਇਕ ਪਰਗਟ ਸਿੰਘ
ਕਾਂਗਰਸੀ ਵਿਧਾਇਕ ਆਗੂ ਪਰਗਟ ਸਿੰਘ ਵੀ ਜਲੰਧਰ ਵਿੱਚ ਵੋਟ ਪਾਉਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਨੌਂ ਸਾਲ ਬੀਜੇਪੀ ਦਾ ਦਿੱਲੀ ਵਿੱਚ ਰਾਜ ਰਿਹਾ ਹੈ ਅਤੇ 15 ਮਹੀਨੇ ਆਪ ਦਾ ਪੰਜਾਬ ਵਿੱਚ ਰਾਜ ਰਿਹਾ ਹੈ ਅਤੇ ਅੱਜ ਉਸ ਪ੍ਰਦਰਸ਼ਨ ਦੇ ਆਧਾਰ ਉੱਤੇ ਲੋਕ ਵੋਟ ਪਾ ਰਹੇ ਹਨ। ਪੰਜਾਬ ਵਿੱਚ ਆਪ ਵਾਲੇ ਇੱਕ ਦੋ ਦਿਨ ਵਿੱਚ ਜੋ ਗੁੰਡਾਗਰਦੀ ਕਰ ਰਹੀ ਹੈ, ਉਹ ਪਹਿਲਾਂ ਕਿਸੇ ਪਾਰਟੀ ਵੱਲੋਂ ਨਹੀਂ ਕੀਤੀ ਗਈ। ਜਲੰਧਰ ਵਿੱਚ ਜੇ ਆਪ ਸਰਕਾਰ ਨੇ ਇੱਕ ਇੱਟ ਵੀ ਲਗਾਈ ਹੋਵੇ ਤਾਂ ਲੋਕ ਬੇਸ਼ੱਕ ਵੋਟ ਆਪ ਨੂੰ ਪਾ ਦੇਣ। ਆਪ ਫੋਟੋ ਕਲਚਰ, ਗੁੰਡਾ ਕਲਚਰ ਪ੍ਰਮੋਟ ਕਰ ਰਹੇ ਹਨ।
ਬੀਜੇਪੀ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ
ਬੀਜੇਪੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਹਾਲਾਤ ਵੀ ਬਦਲ ਚੁੱਕੇ ਹਨ ਅਤੇ ਲੋਕਾਂ ਦੇ ਮਨ ਵੀ ਬਦਲ ਚੁੱਕੇ ਹਨ। ਲੋਕਾਂ ਨੇ ਇਸ ਵਾਰ ਮਨ ਬਣਾ ਲਿਆ ਹੈ ਕਿ ਇਸ ਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਬੀਜੇਪੀ ਨੂੰ ਵੋਟ ਦੇਣੀ ਹੈ। ਰਵਾਇਤੀ ਪਾਰਟੀਆਂ ਨੇ ਲੋਕਾਂ ਦੇ ਕੰਮ ਹੀ ਨਹੀਂ ਕੀਤੇ ਜਿਸ ਕਰਕੇ ਲੋਕ ਆਪਣਾ ਮਨ ਬਦਲ ਚੁੱਕੇ ਹਨ। ਆਪ ਦੇ ਮੰਤਰੀ ਤਾਂ ਵਾਰੀ ਸਿਰ ਅਸਤੀਫ਼ੇ ਦੇ ਰਹੇ ਹਨ, ਕੁਝ ਕੁ ਭ੍ਰਿਸ਼ਟ ਹੋ ਰਹੇ ਹਨ। ਆਪ ਨੂੰ ਪਹਿਲਾਂ ਸੰਗਰੂਰ ਵਾਲਿਆਂ ਨੇ ਜਵਾਬ ਦਿੱਤਾ ਅਤੇ ਹੁਣ ਜਲੰਧਰ ਵਾਲੇ ਜਵਾਬ ਦੇਣਗੇ।