ਕਰਨਾਟਕ : ਦੇਸ਼ ਦੇ ਦੱਖਣੀ ਹਿੱਸੇ ‘ਚ ਸਥਿਤ ਸੂਬੇ ਕਰਨਾਟਕ ਵਿੱਚ ਅੱਜ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਸੂਬੇ ਦੇ 224 ਵਿਧਾਨ ਸਭਾ ਹਲਕਿਆਂ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਸ਼ਾਮ 6 ਵਜੇ ਤੱਕ ਚੱਲੇਗੀ। ਕਰਨਾਟਕ ਵਿੱਚ 224 ਵਿਧਾਨ ਸਭਾ ਹਲਕਿਆਂ ਲਈ ਹੋ ਰਹੀ ਵੋਟਿੰਗ ਵਿੱਚ 2,615 ਉਮੀਦਵਾਰ ਮੈਦਾਨ ਵਿੱਚ ਹਨ।
ਰਾਜ ਭਰ ਦੇ 58,545 ਪੋਲਿੰਗ ਸਟੇਸ਼ਨਾਂ ‘ਤੇ ਕੁੱਲ 5,31,33,054 ਵੋਟਰ ਆਪਣੀ ਵੋਟ ਸ਼ਕਤੀ ਦਾ ਇਸਤੇਮਾਲ ਕਰ ਰਹੇ ਹਨ । ਇਹਨਾਂ 224 ਵਿਧਾਨ ਸਭਾ ਹਲਕਿਆਂ ਵਿੱਚ ਭਾਜਪਾ, ਕਾਂਗਰਸ ਅਤੇ ਜੇਡੀ (ਐਸ) ਦੇ ਉਮੀਦਵਾਰਾਂ ਦੇ ਨਾਲ-ਨਾਲ ਹੋਰ ਵੀ ਕਈਆਂ ਦੀ ਕਿਸਮਤ ਦਾ ਫੈਸਲਾ ਅੱਜ ਹੋਣਾ ਹੈ । ਕਰਨਾਟਕ ਵਿੱਚ ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ 113 ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਮਤਦਾਨ ਲਈ ਕਿਹਾ ਹੈ।ਜਦੋਂ ਕਿ ਕਾਂਗਰਸ ਪਾਰਟੀ ਨੇ ਵੋਟਰਾਂ ਨੂੰ ‘ਸਮਝਦਾਰੀ ਨਾਲ ਵੋਟ ਪਾਉਣ’ ਦੀ ਅਪੀਲ ਕੀਤੀ ਹੈ।
ਚੋਣ ਕਮਿਸ਼ਨ ਨੇ ਕਿਹਾ ਹੈ ਕਿ ਅੱਜ ਸਵੇਰੇ 11 ਵਜੇ ਤੱਕ ਉਡੁਪੀ ਵਿੱਚ ਸਭ ਤੋਂ ਵੱਧ 30.26% ਵੋਟਿੰਗ ਦਰਜ ਕੀਤੀ ਗਈ। ਸ਼ੁਰੂਆਤੀ ਰੁਝਾਨਾਂ ਨੇ ਵੀ ਖੇਤਰ ਤੋਂ ਭਾਰੀ ਮਤਦਾਨ ਦਾ ਸੰਕੇਤ ਦਿੱਤਾ।
ਚੋਣ ਕਮਿਸ਼ਨ ਦੇ ਅਨੁਸਾਰ ਬੁੱਧਵਾਰ ਨੂੰ ਚੱਲ ਰਹੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਸਵੇਰੇ 11 ਵਜੇ ਤੱਕ ਲਗਭਗ 20.99 ਪ੍ਰਤੀਸ਼ਤ ਮਤਦਾਨ ਦਰਜ ਕੀਤਾ ਗਿਆ ਸੀ।