Jalandhar Lok Sabha Bypoll : ਜਲੰਧਰ ‘ਚ ਵੋਟਿੰਗ ਦੌਰਾਨ ਸ਼ਾਹਕੋਟ ‘ਚ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਆਪ ਅਤੇ ਕਾਂਗਰਸ ਵਰਕਰਾਂ ਦੀ ਆਪਸ ਵਿੱਚ ਝੜਪ ਹੋਈ ਹੈ। ਕਾਂਗਰਸ ਵਰਕਰਾਂ ਉੱਤੇ ਸ਼ਾਹਕੋਟ ਦੇ ਪਿੰਡ ਰੁਪੇਵਾਲ ‘ਚ ਬਾਬਾ ਬਕਾਲਾ ਤੋਂ ਆਪ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਕਮਰੇ ‘ਚ ਬੰਦ ਕਰਨ ਦੇ ਇਲਜ਼ਾਮ ਲੱਗੇ ਹਨ। ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਵੀ ਮੌਕੇ ਉੱਤੇ ਮੌਜੂਦ ਸਨ। ਉੱਧਰ ਕਾਂਗਰਸੀ ਵਿਧਾਇਕਾਂ ਨੇ ਆਪ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਆਪ ਦੇ ਵਿਧਾਇਕ ਬਾਹਰੋਂ ਦੂਸਰੇ ਹਲਕਿਆਂ ਤੋਂ ਆ ਕੇ ਲੋਕਾਂ ਨੂੰ ਡਰਾ ਧਮਕਾ ਰਹੇ ਹਨ। ਮੌਕੇ ਉੱਤੇ ਪੁਲਿਸ ਵੀ ਪਹੁੰਚ ਗਈ। ਹਾਲਾਂਕਿ, ਦੋਵਾਂ ਪਾਰਟੀਆਂ ਵੱਲੋਂ ਇੱਕ ਦੂਜੇ ਉੱਤੇ ਲਗਾਏ ਗਏ ਦੋਸ਼ਾਂ ਨੂੰ ਨਕਾਰਿਆ ਜਾ ਰਿਹਾ ਹੈ।
ਸ਼ਾਹਕੋਟ ਹਲਕੇ ਦੇ ਪਿੰਡ ਰੁਪੇਵਾਲ ਦੇ ਸਰਪੰਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਪਿੰਡਾਂ ਵਿੱਚ ਬੂਥਾਂ ਉੱਤੇ ਫਿਰ ਰਹੇ ਹਨ ਜੋ ਕਿ ਗਲਤ ਹੈ ਕਿਉਂਕਿ ਕਾਨੂੰਨੀ ਤੌਰ ਉੱਤੇ ਉਹ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਉਹ 8 ਤਰੀਕ ਤੱਕ ਹੀ ਪ੍ਰਚਾਰ ਲਈ ਹਲਕੇ ਵਿੱਚ ਫਿਰ ਸਕਦੇ ਸਨ। ਜਦੋਂ ਉਹਨਾਂ ਨੂੰ ਕਾਰਨ ਪੁੱਛਿਆ ਕਿ ਉਹ ਇੱਥੇ ਕੀ ਕਰ ਰਹੇ ਹਨ ਤਾਂ ਉਨ੍ਹਾਂ ਕੋਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਬਾਅਦ ਵਿੱਚ ਉੱਚ ਪੁਲਿਸ ਅਧਿਕਾਰੀਆਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਹਰਪਾਲ ਚੀਮਾ ਦਾ ਬੀਜੇਪੀ ਨੂੰ ਕਰਾਰਾ ਜਵਾਬ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਸ਼ਵਨੀ ਸ਼ਰਮਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਹਾਰ ਰਹੀਆਂ ਧਿਰਾਂ ਇਸ ਤਰ੍ਹਾਂ ਦੇ ਇਲਜ਼ਾਮ ਲਗਾਉਂਦੀਆਂ ਹਨ। ਇਹਨਾਂ ਨੇ ਮਿਲਫੈੱਡ ਦੀ ਗੱਲ ਕੀਤੀ ਹੈ ਪਰ ਮਿਲਕਫੈੱਡ ਦੇ ਚੇਅਰਮੈਨ ਤਾਂ ਇਸ ਸਮੇਂ ਮੇਰੇ ਨਾਲ ਬੈਠੇ ਹੋਏ ਹਨ, ਸੋ ਇੱਥੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਝੂਠ ਬੋਲ ਰਹੇ ਹਨ। ਕਿਸੇ ਇੱਕ ਵੋਟਰ ਦੀ ਕੋਈ ਵੀ ਸ਼ਿਕਾਇਤ ਨਹੀਂ ਆਈ।