International

ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ‘ਚ ਮਾਹੌਲ ਖਰਾਬ, ਦੇਸ਼ ਭਰ ‘ਚ ਇੰਟਰਨੈੱਟ ਬੰਦ

After the arrest of Imran Khan, violence in Pakistan, 6 deaths, internet shutdown across the country

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਦੇਸ਼ ਵਿੱਚ ਤਿੱਖੇ ਵਿਰੋਧ ਪ੍ਰਦਸ਼ਨ ਸ਼ੁਰੂ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਦੇ ਸਮਰਥਕ ਪੇਸ਼ਾਵਰ, ਇਸਲਾਮਾਬਾਦ ਸਮੇਤ ਕਈ ਸ਼ਹਿਰਾਂ ਵਿੱਚ ਅੱਗਜ਼ਨੀ ਅਤੇ ਭੰਨਤੋੜ ਕਰ ਰਹੇ ਹਨ। ਹੁਣ ਤੱਕ 6 ਲੋਕਾਂ ਦੀ ਮੌਤ ਦੀ ਖਬਰ ਹੈ।

ਪਹਿਲੀ ਵਾਰ, ਖਾਨ ਦੇ ਸਮਰਥਕਾਂ ਨੇ ਰਾਵਲਪਿੰਡੀ ਵਿੱਚ ਫੌਜ ਦੇ ਹੈੱਡਕੁਆਰਟਰ ਦੇ ਮੁੱਖ ਗੇਟ ਨੂੰ ਤੋੜ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਅਦਾਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਈ ਥਾਵਾਂ ‘ਤੇ ਪ੍ਰਦਰਸ਼ਨਕਾਰੀ ਹਿੰਸਕ ਹੋ ਗਏ ਅਤੇ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਲਾਹੌਰ ਦੇ ਗਵਰਨਰ ਹਾਊਸ ਨੂੰ ਸਾੜ ਦਿੱਤਾ ਗਿਆ। ਕਰਾਚੀ ਦੇ ਕੈਂਟ ਇਲਾਕੇ ‘ਚ ਹਮਲਾ ਹੋਇਆ।

ਫੌਜ ਨੇ ਅਲ ਕਾਦਿਰ ਯੂਨੀਵਰਸਿਟੀ ਘੁਟਾਲੇ ਮਾਮਲੇ ‘ਚ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਹੈ। ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਇਮਰਾਨ ਅਗਲੇ 4-5 ਦਿਨਾਂ ਤੱਕ ਜਾਂਚ ਏਜੰਸੀ NAB ਦੀ ਹਿਰਾਸਤ ‘ਚ ਰਹਿਣਗੇ। ਉਸ ‘ਤੇ ਅਰਬਾਂ ਰੁਪਏ ਦੇ ਘੁਟਾਲੇ ਅਤੇ ਮਨੀ ਲਾਂਡਰਿੰਗ ਦਾ ਦੋਸ਼ ਹੈ। ਇਮਰਾਨ ਦੋ ਮਾਮਲਿਆਂ ਵਿੱਚ ਜ਼ਮਾਨਤ ਲਈ ਹਾਈ ਕੋਰਟ ਪੁੱਜੇ ਸਨ, ਜਿੱਥੇ ਪਾਕਿਸਤਾਨ ਰੇਂਜਰਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਪਾਕਿਸਤਾਨ ਨਾਲ ਸਬੰਧਤ ਤਾਜ਼ਾ ਅਪਡੇਟ…

ਪੀਟੀਆਈ ਸਮਰਥਕਾਂ ਨੇ ਦੇਰ ਰਾਤ ਲਾਹੌਰ ਵਿੱਚ ਇੱਕ ਫੌਜੀ ਕਮਾਂਡਰ ਦੇ ਘਰ ਨੂੰ ਅੱਗ ਲਗਾ ਦਿੱਤੀ। ਕਈ ਹੋਰ ਫੌਜੀ ਅਫਸਰਾਂ ਦੇ ਘਰਾਂ ‘ਤੇ ਹਮਲੇ ਹੋਏ। ਹਿੰਸਾ ਦੇ ਮੱਦੇਨਜ਼ਰ ਅੱਜ ਦੇਸ਼ ਭਰ ਦੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ। ਰਾਜਧਾਨੀ ਇਸਲਾਮਾਬਾਦ ਅਤੇ ਪੰਜਾਬ ਸੂਬੇ ਵਿੱਚ ਦੋ ਦਿਨਾਂ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੇਸ਼ਾਵਰ ਵਿੱਚ 30 ਦਿਨਾਂ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਪੀਟੀਆਈ ਨੇਤਾ ਫਵਾਦ ਚੌਧਰੀ ਨੇ ਕਿਹਾ ਹੈ ਕਿ ਪਾਰਟੀ ਇਸਲਾਮਾਬਾਦ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਤੱਕ ਪਹੁੰਚ ਕਰੇਗੀ। ਪੀਟੀਆਈ ਨੇਤਾ ਕਾਸਿਮ ਸੂਰੀ ਨੇ ਦਾਅਵਾ ਕੀਤਾ ਹੈ ਕਿ ਕਵੇਟਾ ਵਿੱਚ ਪ੍ਰਦਰਸ਼ਨ ਦੌਰਾਨ ਇੱਕ ਪਾਰਟੀ ਵਰਕਰ ਦੀ ਮੌਤ ਹੋ ਗਈ। ਇਸਲਾਮਾਬਾਦ ਪੁਲਿਸ ਨੇ ਕਿਹਾ ਕਿ 5 ਅਧਿਕਾਰੀ ਜ਼ਖਮੀ ਹੋ ਗਏ, ਜਦਕਿ 43 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲਿਆ ਗਿਆ।