ਅਮਰੀਕਾ ( road accident in America ) ਦੇ ਟੈਕਸਾਸ ਦੇ ਸਰਹੱਦੀ ਕਸਬੇ ਬ੍ਰਾਊਨਸਵਿਲੇ ਵਿੱਚ ਐਤਵਾਰ ਨੂੰ ਇੱਕ ਸ਼ਰਨਾਰਥੀ ਕੈਂਪ ਦੇ ਬਾਹਰ ਇੱਕ ਬੱਸ ਸਟਾਪ ‘ਤੇ ਖੜ੍ਹੇ ਲੋਕਾਂ ਨੂੰ ਇੱਕ ਐਸਯੂਵੀ ਨੇ ਹੇਠਾਂ ਦਰੜ ਦਿੱਤਾ। ਇਸ ਹਾਦਸੇ ਕਾਰਨ ਅੱਠ ਲੋਕਾਂ ਦੀ ਮੌਤ ਅਤੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਬ੍ਰਾਊਨਸਵਿਲੇ ਪੁਲਿਸ ਦੇ ਜਾਂਚ ਅਧਿਕਾਰੀ ਮਾਰਟਿਨ ਸੈਂਡੋਵਾਲ ਨੇ ਦੱਸਿਆ ਕਿ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 8:30 ਵਜੇ ਵਾਪਰਿਆ।
ਬਿਸ਼ਪ ਐਨਰਿਕ ਸੈਨ ਪੇਡਰੋ ਓਜ਼ਾਨਮ ਸੈਂਟਰ ਦੇ ਸ਼ਰਨਾਰਥੀ ਨਿਰਦੇਸ਼ਕ ਵਿਕਟਰ ਮਾਲਡੋਨਾਡੋ ਨੇ ਦੱਸਿਆ ਕਿ ਬੱਸ ਸਟਾਪ ‘ਤੇ ਬੈਠਣ ਦੀ ਕੋਈ ਵਿਵਸਥਾ ਨਹੀਂ ਸੀ ਅਤੇ ਲੋਕ ਸੜਕ ਦੇ ਕਿਨਾਰੇ ਬੈਠੇ ਬੱਸ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਜ਼ਿਆਦਾਤਰ ਵੈਨੇਜ਼ੁਏਲਾ ਦੇ ਸਨ।
ਮਾਲਡੋਨਾਡੋ ਨੇ ਕਿਹਾ ਕਿ “ਇਸ ਘਟਨਾ ਦੀ ਸਾਹਮਣੇ ਆਈ ਵੀਡੀਓ ਵਿੱਚ ਇਕ SUV ਨੇ ਇੱਕ ਬੱਸ ਸਟਾਪ ‘ਤੇ ਖੜ੍ਹੇ ਲੋਕਾਂ ਨੂੰ ਦਰੜ ਦਿੱਤਾ, ਜਿਸ ਕਾਰਨ ਅੱਠ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖ਼ਮੀ ਗਏ ਹਨ।” ਸੈਂਡੋਵਾਲ ਨੇ ਦੱਸਿਆ ਕਿ ਹਾਦਸਾ ਸਵੇਰੇ 8:30 ਵਜੇ ਵਾਪਰਿਆ ਅਤੇ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਸੀ ਜਾਂ ਅਚਨਚੇਤ ਵਾਪਰਿਆ।
ਮਾਲਡੋਨਾਡੋ ਨੇ ਕਿਹਾ ਕਿ ਬੱਸ ਸਟਾਪ ਵਿੱਚ ਪਹੁੰਚਣ ਤੋਂ ਬਾਅਦ, SUV ਪਲਟ ਗਈ ਅਤੇ ਲਗਭਗ 200 ਫੁੱਟ (60 ਮੀਟਰ) ਤੱਕ ਚਲਦੀ ਰਹੀ। ਉਨ੍ਹਾਂ ਮੇ ਦੱਸਿਆ ਕਿ ਸਟੈਂਡ ‘ਤੇ ਖੜ੍ਹੇ ਲੋਕਾਂ ਤੋਂ ਕਰੀਬ 30 ਫੁੱਟ (9 ਮੀਟਰ) ਦੂਰ ਫੁੱਟਪਾਥ ‘ਤੇ ਪੈਦਲ ਜਾ ਰਹੇ ਕੁਝ ਲੋਕ ਵੀ ਹਾਦਸੇ ਦੀ ਲਪੇਟ ‘ਚ ਆ ਗਏ ਹਨ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਚਸ਼ਮਦੀਦਾਂ ਨੇ ਉਸ ਨੂੰ ਪੁਲਿਸ ਦੇ ਆਉਣ ਤੱਕ ਕਾਬੂ ਕਰ ਲਿਆ।
ਬ੍ਰਾਊਨਸਵਿਲੇ ਪੁਲਿਸ ਵਿਭਾਗ ਦੇ ਲੈਫਟੀਨੈਂਟ ਮਾਰਟਿਨ ਸੈਂਡੋਵਾਲ ਨੇ ਕਿਹਾ ਕਿ ਐਸਯੂਵੀ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ਾਂ ਦੇ ਨਾਲ-ਨਾਲ ਡਰਾਈਵਰ ਨੂੰ ਵਾਧੂ ਚਾਰਜ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੈਂਡੋਵਾਲ ਨੇ ਫੌਕਸ ਨਿਊਜ਼ ‘ਤੇ ਕਿਹਾ, ‘ਅਸੀਂ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਾਂ ਕਿ ਹਾਦਸੇ ਦੇ ਸਮੇਂ ਡਰਾਈਵਰ ਨਸ਼ੇ ‘ਚ ਸੀ ਜਾਂ ਨਹੀਂ।’
ਸੈਂਡੋਵਾਲ ਨੇ ਦੱਸਿਆ ਕਿ ਕਾਰ ਪਲਟਣ ਕਾਰਨ ਡਰਾਈਵਰ ਨੂੰ ਸੱਟਾਂ ਲੱਗਣ ਕਾਰਨ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਉਸਦਾ ਨਾਮ ਜਾਂ ਉਮਰ ਜਨਤਕ ਨਹੀਂ ਕੀਤੀ ਹੈ।