ਅੰਮ੍ਰਿਤਸਰ : ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਬੱਗਾ ਕਲਾਂ ‘ਚ ਰਿਸ਼ਤਿਆਂ ਨੂੰ ਚੂਰ-ਚੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪੋਤਰੇ ਨੇ ਬੜੀ ਬੇਰਹਿਮੀ ਨਾਲ ਆਪਣੀ ਬਜ਼ੁਰਗ ਦਾਦੀ ਦਾ ਕਤਲ ਕਰ ਦਿੱਤਾ। ਕਾਤਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਜੋਗਿੰਦਰ ਕੌਰ ਵਜੋਂ ਹੋਈ ਹੈ।
ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਬੱਗਾ ਕਲਾਂ ਦੇ ਰਹਿਣ ਵਾਲੇ ਬਲਦੇਵ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਹ ਆਪਣੇ ਸਹੁਰੇ ਗਿਆ ਹੋਇਆ ਸੀ। ਉਸ ਦਾ ਇੱਕ ਪੁੱਤਰ ਘਰ ਮੌਜੂਦ ਸੀ ਤਾਂ ਬਲਦੇਵ ਦੇ ਪੁੱਤਰ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਦਾਦੀ ਮਾਤਾ ਨਾਲ ਘਟਨਾ ਵਾਪਰ ਗਈ ਹੈ। ਇਸ ਤੋਂ ਬਾਅਦ ਪੁਲਿਸ ਵੱਲੋਂ ਥਾਣਾ ਰਾਜਾਸਾਸੀ ਵਿਖੇ ਮੁਕੱਦਮਾ ਦਰਜ ਕਰਨ ਉਪਰੰਤ ਜਦੋਂ ਮਾਤਾ ਦੇ ਪੋਤਰੇ ਮਨਤੇਜ ਸਿੰਘ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ‘ਪੋਤਰੇ ਮਨਤੇਜ ਸਿੰਘ ਨੇ ਕਬੂਲ ਕੀਤਾ ਕਿ ਮੈਨੂੰ ਮੇਰੇ ਦੋਸਤ ਨੇ ਕਿਹਾ ਕਿ ਤੇਰੀ ਦਾਦੀ ਤੇਰੇ ਵਿਦੇਸ਼ ਜਾਣ ਲਈ ਰਾਜ਼ੀ ਨਹੀਂ ਤੇ ਮੈਂ ਨਸ਼ੇ ਦੀ ਲੋਰ ‘ਚ ਆ ਕੇ ਦਾਦੀ ਦਾ ਕਤਲ ਕਰ ਦਿੱਤਾ।‘
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਨੇ ਦੱਸਿਆ ਕਿ ਅਜਨਾਲਾ ਅਧੀਨ ਆਉਂਦੇ ਪਿੰਡ ਬੱਗਾਕਲਾਂ ਵਿਖੇ ਇਕ ਪੋਤਰੇ ਵੱਲੋਂ ਆਪਣੀ ਹੀ ਦਾਦੀ ਦਾ ਕਤਲ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਜਦੋਂ ਜਾਂਚ ਦੌਰਾਨ ਵਜ੍ਹਾ ਪਤਾ ਲੱਗੀ ਕਿ ਉਸ ਵੱਲੋਂ ਸ਼ਰਾਬ ਦਾ ਨਸ਼ਾ ਕੀਤਾ ਹੋਇਆ ਸੀ ਅਤੇ ਉਸਦੇ ਕਿਸੇ ਦੋਸਤ ਨੇ ਕਿਹਾ ਕਿ ਉਸ ਦੀ ਦਾਦੀ ਵਿਦੇਸ਼ ਜਾਣ ਅੜਕਨ ਬਣੀ ਹੋਈ ਹੈ, ਜਿਸ ਕਰਕੇ ਉਸ ਲੜਕੇ ਵੱਲੋਂ ਆਪਣੀ ਦਾਦੀ ਦੇ ਸ੍ਰੀ ਸਾਹਿਬ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਉਸ ਨੇ ਦੱਸਿਆ ਕਿ ਫਿਲਹਾਲ ਉਹਨਾ ਵੱਲੋਂ ਮੁਲਜ਼ਮ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਸ ਕਾਤਲ ਦੇ ਵਿੱਚ ਜੇਕਰ ਮ੍ਰਿਤਕ ਮਾਤਾ ਦੇ ਪੋਤਰੇ ਤੋਂ ਇਲਾਵਾ ਹੋਰ ਵੀ ਕੋਈ ਵਿਅਕਤੀ ਸ਼ਾਮਲ ਹੋਇਆ ਤਾਂ ਉਸਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।