ਚੰਡੀਗੜ੍ਹ : ਕਿਸਾਨਾਂ ਨੇ ਪੰਜਾਬ ਵਿੱਚ ਅੱਜ ਦਾ ਰੇਲਾ ਰੋਕਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਐਥਲੀਟ ਪਹਿਲਵਾਨਾਂ ਵੱਲੋਂ ਲਗਾਏ ਧਰਨੇ ਦੇ ਸਮਰਥਨ ਵਿੱਚ ਗਏ ਗ੍ਰਿਫ਼ਤਾਰ ਕਿਸਾਨਾਂ ਨੂੰ ਦਿੱਲੀ ਪੁਲਿਸ ਵੱਲੋਂ ਰਿਹਾਅ ਕਰਨ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ।
ਦੱਸ ਦੇਈਏ ਕਿ ਬੀਤੇ ਦਿਨ ਦਿੱਲੀ ਦੇ ਜੰਤਰ ਮੰਤਰ ਵਿਖੇ ਐਥਲੀਟ ਪਹਿਲਵਾਨਾਂ ਵੱਲੋਂ ਲਗਾਏ ਧਰਨੇ ਨੂੰ ਸਮਰਥਨ ਦੇਣ ਗਏ ਕਿਸਾਨ ਮਜ਼ਦੂਰ ਜਥੇਬੰਦੀ ਦੇ ਵਫ਼ਦ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਦੇ ਵਿਰੋਧ ਵਜੋਂ ਅੱਜ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਰੇਲਾਂ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਦਫਤਰ ਸਕੱਤਰ ਸਰਵਣ ਸਿੰਘ ਪੰਧੇਰ ਨੇ ਇੱਕ ਵੀਡੀਓ ਜਾਰੀ ਕਰਦਿਆਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਜਪਾ ਸੰਸਦ ਅਤੇ ਕੁਸ਼ਤੀ ਮਹਾਂਸੰਘ ਦੇ ਮੁਖੀ ਬ੍ਰਿਜਭੁਸ਼ਣ ਸ਼ਰਨ ਸਿੰਘ ਵਲੋ ਮਹਿਲਾ ਪਹਿਲਵਾਨਾਂ ਨਾਲ ਯੋਨ ਸੋਸ਼ਣ ਕਰਨ ਖਿਲਾਫ ਪਹਿਲਵਾਨਾਂ ਵਲੋ ਜੰਤਰ ਮੰਤਰ ਦਿੱਲੀ ਵਿਖੇ ਪਿਛਲੇ 12 ਦਿਨਾਂ ਤੋਂ ਲਗਾਏ ਧਰਨੇ ਦੀ ਹਮਾਇਤ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜੱਥਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜਨ ਸਕੱਤਰ ਰਾਣਾ ਰਣਬੀਰ ਸਿੰਘ, ਸੂਬਾ ਆਗੂ ਡਾ:ਕੰਵਰਦਲੀਪ ਸਿੰਘ,ਸਤਨਾਮ ਸਿੰਘ ਹਰੀਕੇ, ਹਰਿਆਣਾ ਦੇ ਕਿਸਾਨ ਆਗੂ ਅਭਿਮੰਨਉ ਕੋਹਾੜ, ਸੰਜੇ ਖਰੇਟਾ ਦੀ ਅਗਵਾਈ ਹੇਠ ਜਾ ਰਹੇ ਜਥੇ ਨੂੰ ਦਿੱਲੀ ਪੁਲਿਸ ਵੱਲੋਂ ਦਿੱਲੀ ਸਿੰਘੁ ਬਾਰਡਰ ਵਿਖੇ ਗ੍ਰਿਫ਼ਤਾਰ ਕਰਕੇ ਬਵਾਨਾ ਥਾਣੇ ਲਿਜਾਇਆ ਗਿਆ ਸੀ, ਜਿਨ੍ਹਾਂ ਨੂੰ ਦੇਰ ਰਾਤ ਪ੍ਰਸਾਸ਼ਨ ਵੱਲੋਂ ਰਿਹਾਅ ਕਰ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਦੇ ਵਿਰੋਧ ‘ਚ ਸੂਬੇ ਭਰ ਵਿੱਚ ਜੋ ਅੱਜ ਰੇਲ ਰੋਕੋ ਅੰਦੋਲਨ ਕੀਤਾ ਜਾਣਾ ਸੀ , ਉਹ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਕੱਲ੍ਹ ਦੇਰ ਰਾਤ ਪ੍ਰਸਾਸ਼ਨ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਰੇ ਕਿਸਾਨਾਂ ਨੂੰ ਛੱਡ ਦਿੱਤਾ ਗਿਆ ਹੈ।
ਕਿਸਾਨ ਆਗੂ ਨੇ ਕਿਹਾ ਕਿ ਦਿੱਲੀ ਦੇ ਜੰਤਰ ਮੰਤਰ ਵਿਖੇ ਐਥਲੀਟ ਪਹਿਲਵਾਨਾਂ ਵੱਲੋਂ ਲਗਾਏ ਧਰਨੇ ‘ਤੇ ਸਰਕਾਰ ਵੱਲੋਂ ਕੀਤੀ ਗਈ ਘੇਰਾਬੰਦੀ ਦੀ ਉਹ ਸਖ਼ਤ ਨਿਖੇਧੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲਵਾਨਾਂ ਨਾਲ ਜੋ ਵਿਵਹਾਰ ਕੀਤਾ ਜਾ ਰਿਹਾ ਹੈ, ਉਸ ਨਾਲ ਪੂਰੇ ਸੰਸਾਰ ਵਿੱਚ ਭਾਰਤ ਦਾ ਨਾਮ ਬਦਨਾਮ ਹੋ ਰਿਹਾ ਹੈ।
ਕਿਸਾਨ ਆਗੂ ਨੇ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਣ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਆਮ ਲੋਕਾਂ ਲਈ ਕਨੂੰਨ ਕੁੱਝ ਹੋਰ ਅਤੇ ਭਾਜਪਾ ਆਗੂਆਂ ਲਈ ਕਾਨੂੰਨ ਕੁਝ ਹੋਰ ਵਰਤ ਰਹੀ ਹੈ, ਜਿਸਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।