ਬੱਸੀ ਪਠਾਣਾਂ : ਸੂਬੇ ਵਿੱਚ ਹਿੰਸਕ ਝੜਪਾਂ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਮਾਮੂਲੀ ਗੱਲਾਂ ਨੂੰ ਲੈ ਕੇ ਲੋਕਾਂ ਦੀਆਂ ਆਪਸ ਵਿੱਚ ਝੜਪਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਸ ਕਾਰਨ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਇਸੇ ਦੌਰਾਨ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾਂ ‘ਚ ਦੋ ਧਿਰਾਂ ਵਿਚਾਲੇ ਗੋਲੀਬਾਰੀ ਹੋਈ ਹੈ।
ਜਾਣਕਾਰੀ ਮੁਤਾਬਕ ਬੱਸੀ ਪਠਾਣਾਂ ਵਿੱਚ ਬੀਤੀ ਰਾਤ ਦੋ ਧਿਰਾਂ ਵਿਚਕਾਰ ਹਿੰਸਕ ਝੜਪ ਮਗਰੋਂ ਜ਼ਖ਼ਮੀ ਹੋਏ ਦੋ ਵਿਅਕਤੀਆਂ ਨੂੰ ਇੱਥੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਹਸਪਤਾਲ ਪਹੁੰਚੀਆਂ ਦੋਵਾਂ ਧਿਰਾਂ ਦੇ ਸਮਰਥਕਾਂ ਨੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ। ਗੋਲੀ ਚੱਲਣ ਕਾਰਨ ਹਸਤਾਲ ਦੇ ਸਟਾਫ ਵਿੱਚ ਦਹਿਸ਼ਤ ਫੈਲ ਗਈ ਅਤੇ ਪੁਲੀਸ ਅਧਿਕਾਰੀਆਂ ਨੇ ਮੁਸਤੈਦੀ ਵਰਤਦਿਆਂ ਕੁੱਝ ਮਿੰਟਾਂ ਵਿੱਚ ਹੀ ਸਥਿਤੀ ਨੂੰ ਸੰਭਾਲ ਲਿਆ। ਹਾਲਾਂਕਿ ਗੋਲੀਬਾਰੀ ਦੀ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪ੍ਰਾਪਤ ਜਾਣਕਾਰੀ ਮੁਤਾਬਕ ਬਸੀ ਪਠਾਣਾਂ ਦੀ ਅਨਾਜ ਮੰਡੀ ਵਿੱਚ ਦੋ ਆੜ੍ਹਤੀਆਂ ਵਿਚਕਾਰ ਕੁਝ ਦਿਨਾਂ ਤੋਂ ਫੜ੍ਹ ਨੂੰ ਲੈ ਕੇ ਤਕਰਾਰ ਚੱਲ ਰਿਹਾ ਸੀ। ਬੀਤੀ ਰਾਤ ਹੋਏ ਝਗੜੇ ਮਗਰੋਂ ਇੱਕ ਆੜ੍ਹਤੀ ਕੋਲ ਮੁਨੀਮ ਵਜੋਂ ਕੰਮ ਕਰ ਰਹੇ ਸਮੀਰ ਖਾਨ ਅਤੇ ਦੂਜੀ ਧਿਰ ਦੇ ਨਰੇਸ਼ ਕੁਮਾਰ ਵਿਚਾਲੇ ਹੱਥੋਪਾਈ ਹੋ ਗਈ।
ਦੋਵੇਂ ਜ਼ਖ਼ਮੀ ਹੋ ਗਏ। ਦੋਵੇਂ ਧਿਰਾਂ ਆਪੋ-ਆਪਣੇ ਵਿਅਕਤੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲੈ ਕੇ ਆਈਆਂ। ਇੱਥੇ ਦੋਵਾਂ ਧਿਰਾਂ ਵਿੱਚ ਹੋਈ ਤਕਰਾਰ ਮਗਰੋਂ ਕੁੱਝ ਵਿਅਕਤੀਆਂ ਨੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ। ਬਸੀ ਪਠਾਣਾਂ ਦੇ ਡੀਐੱਸਪੀ ਅਮਰਪ੍ਰੀਤ ਸਿੰਘ ਤੇ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਭਾਰੀ ਗਿਣਤੀ ਵਿੱਚ ਪੁਲੀਸ ਬਲ ਲੈ ਕੇ ਹਸਪਤਾਲ ਵਿੱਚ ਪਹੁੰਚ ਗਏ ਅਤੇ ਸਥਿਤੀ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ ਹਥਿਆਰ ਜ਼ਬਤ ਕੀਤੇ ਗਏ ਹਨ। ਇਸ ਸਬੰਧੀ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।