Punjab

8ਵੀਂ ਦੇ ਨਤੀਜਿਆਂ ‘ਚ ਪਹਿਲੇ ਤਿੰਨੋਂ ਨੰਬਰ ‘ਤੇ ਕੁੜੀਆਂ ! ਮਾਨਸਾ ਦੇ ਇੱਕੋ ਸਰਕਾਰੀ ਸਕੂਲ ਵੱਲੋਂ ਪਹਿਲਾ ਤੇ ਦੂਜਾ ਥਾਂ ਹਾਸਲ !

 

ਬਿਊਰੋ ਰਿਪੋਰਟ : ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਦਾ ਨਤੀਜਾ ਆ ਗਿਆ ਹੈ । 5ਵੀਂ ਕਲਾਸ ਵਾਗ 8ਵੀਂ ਵਿੱਚ ਵੀ ਮਾਨਸਾ ਜ਼ਿਲ੍ਹੇ ਨੇ ਬਾਜ਼ੀ ਮਾਰੀ ਹੈ । ਪਹਿਲੇ ਤਿੰਨੋ ਨੰਬਰਾਂ ‘ਤੇ ਕੁੜੀਆਂ ਰਹੀਆਂ । ਮਾਨਸਾ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਡਰੀ ਸਕੂਲ ਬੁਢਲਾਡਾ ਦੀ ਲਵਪ੍ਰੀਤ ਕੌਰ 600 ਵਿੱਚੋ 600 ਨੰਬਰ ਹਾਸਲ ਕਰਕੇ ਪਹਿਲੇ ਨੰਬਰ ‘ਤੇ ਰਹੀ ਜਦਕਿ ਇਸੇ ਸਕੂਲ ਦੀ ਗੁਰਅੰਕਿਤ ਕੌਰ ਨੇ ਵੀ 600 ਵਿੱਚੋ 600 ਨੰਬਰ ਲੈਕੇ ਦੂਜਾ ਥਾਂ ਹਾਸਲ ਕੀਤਾ । ਲੁਧਿਆਣਾ ਦੀ ਸਮਰਪ੍ਰੀਤ ਕੌਰ 600 ਵਿੱਚੋ 598 ਨੰਬਰ ਲਿਆ ਕੇ ਤੀਜੇ ਨੰਬਰ ‘ਤੇ ਰਹੀ । ਖਾਸ ਗੱਲ ਇਹ ਰਹੀ ਹੈ 356 ਬੱਚਿਆਂ ਨੇ 97 ਫੀਸਦੀ ਤੋਂ ਉੱਤੇ ਨੰਬਰ ਹਾਸਲ ਕੀਤੇ ਹਨ । ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਵਿਦਿਆਰਥੀ ਬੋਰਡ ਦੀ ਅਧਿਕਾਰਿਤ ਵੈਬਸਾਈਟ https://www.pseb.ac.in/ ਤੇ ਜਾ ਕੇ ਨਤੀਜੇ ਚੈੱਕ ਕਰ ਸਕਦੇ ਹਨ।

ਕੁੱਲ ਪਾਸ ਫੀਸਦ ਵਿੱਚ ਵੀ ਕੁੜੀਆਂ ਨੇ ਬਾਜ਼ੀ ਮਾਰੀ

ਕੁੱਲ ਪਾਸ ਫੀਸਦ ਵਿੱਚ ਵੀ ਕੁੜੀਆਂ ਮੁੰਡਿਆ ਤੋਂ ਅੱਵਲ ਰਹੀਆਂ, 98.68 ਫੀਸਦੀ ਕੁੜੀਆਂ ਪਾਸ ਹੋਇਆ ਜਦਕਿ 97.41 ਫੀਸਦੀ ਮੁੰਡੇ ਪਾਸ ਹੋਏ । ਕੁੱਲ ਪਾਸ ਫੀਸਦ 98.01 ਰਿਹਾ । ਸਰਕਾਰੀ ਸਕੂਲਾਂ ਦਾ ਪਾਸ ਫੀਸਦ 97.88 ਰਿਹਾ, ਗੈਰ ਸਰਕਾਰੀ ਸਕੂਲਾਂ ਦੇ 99.12 ਫੀਸਦੀ ਬੱਚੇ ਪਾਸ ਹੋਏ ਜਦਕਿ ਸਰਕਾਰੀ ਸਹਾਇਤਾ ਨਾਲ ਚੱਲ ਰਹੇ ਏਡਿਡ ਸਕੂਲਾਂ ਦਾ ਪਾਸ ਫੀਸਦ 94.44 ਰਿਹਾ ।

ਇਸ ਸਾਲ ਪਾਸ ਫੀਸਦੀ ਵਿੱਚ ਕਮੀ ਆਈ

ਪੰਜਾਬ ਸਕੂਲ ਸਿੱਖਆ ਬੋਰਡ ਮੁਤਾਬਿਕ 2 ਲੱਖ 98 ਹਜ਼ਾਰ127 ਵਿਦਿਆਰਥੀਆਂ ਨੇ 8ਵੀਂ ਦਾ ਇਮਤਿਹਾਨ ਦਿੱਤਾ ਸੀ, 2 ਲੱਖ 92 ਹਜ਼ਾਰ 206 ਵਿਦਿਆਰਥੀ ਪਾਸ ਹੋਏ ਜੋਕਿ 98.01 ਪਾਸ ਫੀਸਦ ਹੈ । 2021 ਅਤੇ 2022 ਦੇ ਮੁਕਾਬਲੇ ਇਹ ਕੁਝ ਘਟਿਆ ਹੈ । 2021 ਵਿੱਚ 99.88 ਫੀਸਦੀ ਬੱਚੇ ਪਾਸ ਹੋਏ ਸਨ ਜਦਕਿ 2022 ਵਿੱਚ 98.25 ਫੀਸਦੀ ਬੱਚੇ ਪਾਸ ਹੋਏ ਸਨ ।

ਜਿਲ੍ਹੇ ਪੱਧਰ ‘ਤੇ ਪਾਸ ਫੀਸਦ

8ਵੀਂ ਦੇ ਬੋਰਡ ਦੇ ਇਮਤਿਹਾਨਾਂ ਦੇ ਨਤੀਜੇ ਵਿੱਚ ਜ਼ਿਲ੍ਹਾ ਪੱਧਰ ‘ਤੇ ਪਠਾਨਕੋਟ ਨੇ ਬਾਜ਼ੀ ਮਾਰੀ ਹੈ ਇੱਥੇ 99.33 ਫੀਸਦੀ ਵਿਦਿਆਰਥੀ ਪਾਸ ਹੋਏ ਹਨ । ਇਸ ਤੋਂ ਬਾਅਦ ਕਪੂਰਥਲਾ 99.10 ਫੀਸਦੀ ਨਾਲ ਦੂਜੇ ਨੰਬਰ ‘ਤੇ ਰਿਹਾ। 99.08 ਫੀਸਦੀ ਵਿਦਿਆਰਥੀਆਂ ਦੇ ਨਾਲ ਗੁਰਦਾਸਪੁਰ ਜ਼ਿਲ੍ਹੇ ਨੇ ਤੀਜਾ ਥਾਂ ਹਾਸਲ ਕੀਤਾ । ਫਿਰੋਜ਼ਪੁਰ 98.91 ਫੀਸਦੀ ਵਿਦਿਆਰਥੀ ਪਾਸ ਹੋਏ ਉਹ ਚੌਥੇ ਨੰਬਰ ‘ਤੇ ਰਹੇ । ਜਦਕਿ ਅੰਮ੍ਰਿਤਸਰ ਨੇ 98.88 ਫੀਸਦੀ ਨਾਲ ਪੰਜਵਾਂ ਨੰਬਰ ਹਾਸਿਲ ਕੀਤਾ। ਪੂਰੇ ਪੰਜਾਬ ਵਿੱਚ ਟਾਪ ਕਰਨ ਵਾਲੇ ਪਹਿਲੇ 2 ਵਿਦਿਆਰਥੀਆਂ ਦਾ ਮਾਨਸਾ ਜ਼ਿਲ੍ਹਾ 97.62 ਫੀਸਦ ਦੇ ਨਾਲ 16ਵੇਂ ਨੰਬਰ ‘ਤੇ ਰਿਹਾ ਹੈ।