ਜਲੰਧਰ : ਕਾਂਗਰਸ ਦੇ ਸੀਨੀਅਰ ਆਗੂ ਅਤੇ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ‘ਤੇ ਅਹੁਦੇ ਦੀ ਦੁਰਵਰਤੋਂ ਦੇ ਵੱਡੇ ਇਲਜ਼ਾਮ ਲਗਾਏ ਹਨ । ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਮੰਤਰੀ ਕਟਰੂਚੱਕ ਨੇ ਆਪਣੇ ਦਫਤਰ ਵਿੱਚ ਤਿੰਨ ਪਰਿਵਾਰਕ ਮੈਂਬਰਾਂ ਦੀ ਸਿਆਸੀ ਨਿਯੁਕਤੀਆਂ ਕੀਤੀਆਂ ਹਨ, ਜਿਸ ਦਾ ਨੋਟਿਫਿਕੇਸ਼ਨ ਵੀ ਖਹਿਰਾ ਨੇ ਨਸ਼ਰ ਕੀਤਾ ਹੈ । ਉਨ੍ਹਾਂ ਨੇ ਕਿਹਾ ਮੰਤਰੀ ਨੇ ਆਪਣੇ ਪੁੱਤਰ ਨੂੰ ਫੋਨ ਅਟੈਂਡੈਂਟ ਲਗਾਇਆ ਹੈ ਜਦਕਿ ਆਪਣੀ ਸਾਲੀ ਦੇ ਪੁੱਤਰ ਨੂੰ ਸਪੈਸ਼ਲ ਸਹਾਇਕ ਨਿਯੁਕਤ ਕੀਤਾ ਹੈ । ਅਤੇ ਉਸ ਦੇ ਘਰ ਦੇ ਪਤੇ ਨਾਲ ਵੀ ਛੇੜਖਾਨੀ ਕੀਤੀ ਗਈ । ਇਸ ਤੋਂ ਇਲਾਵਾ ਖਹਿਰਾ ਨੇ ਕਟਾਰੂਚੱਕ ਦੇ ਖਾਣਾ ਬਣਾਉਣ ਵਾਲੇ ਰਸੋਈਏ ਦੀ ਨਿਯੁਕਤੀ ਨੂੰ ਲੈਕੇ ਸਵਾਲ ਖੜੇ ਕੀਤੇ ਹਨ । ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦੇ ਹੋਏ ਮੁੱਖ ਮੰਤੀਰ ਭਗਵੰਤ ਮਾਨ ਨੂੰ ਮੰਤਰੀ ਲਾਲ ਸਿੰਘ ਕਟਾਰੂਚੱਕ ਨੂੰ ਡਿਸਮਿਸ ਕਰਨ ਦੇ ਨਾਲ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਸਰਕਾਰ ਇੱਕ ਵਾਈਟ ਪੇਪਰ ਜਾਰੀ ਕਰਕੇ ਕਿ ਜਿੰਨੇ ਵੀ ਮੰਤਰੀ ਹਨ ਉਹ ਜਨਤਕ ਕਰਨ ਕਿ ਉਨ੍ਹਾਂ ਦੇ ਦਫਤਰ ਵਿੱਚ ਨਿਯੁਕਤ ਕੀਤੇ ਗਏ ਲੋਕ ਕੌਣ ਹਨ ?
I urge @BhagwantMann to immediately dismiss & arrest Minister Lal Chand Kataruchak for misusing his official position to appoint his son as his telephone attendant,his sister in law’s son as special assistant by tempering his address from Hp to his native village & his Pa as cook pic.twitter.com/hJRKEkWOnB
— Sukhpal Singh Khaira (@SukhpalKhaira) April 28, 2023
ਮਾਨ ਨੂੰ ਕਾਰਵਾਈ ਦੀ ਚੁਣੌਤੀ
ਸੁਖਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਗਾਉਂਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੋਂ ਪੁੱਛਿਆ ਕਿ ਤੁਹਾਨੂੰ ਆਪਣੇ ਜ਼ਿਲ੍ਹੇ ਵਿੱਚ ਕੋਈ ਵੀ ਆਮ ਆਦਮੀ ਪਾਰਟੀ ਦਾ ਵਰਕਰ ਨਹੀਂ ਮਿਲਿਆ । ਉਨ੍ਹਾਂ ਕਿਹਾ ਕਟਰੂਚੱਖ ਨੇ ਆਪਣੇ ਪੁੱਤਰ ਰਾਬਿਨ ਸਿੰਘ ਨੂੰ ਆਪਣਾ ਟੈਲੀਫੋਨ ਅਟੈਂਡੈਂਟ ਨਿਯੁਕਤ ਕੀਤਾ,ਜਦਕਿ ਅੱਜ ਤੱਕ ਪਹਿਲਾਂ ਕਦੇ ਵੀ ਨਹੀਂ ਹੋਇਆ ਕਿ ਕਿਸੇ ਮੰਤਰੀ ਨੇ ਆਪਣੇ ਪੁੱਤਰ ਦੇ ਲਈ ਇਹ ਨਿਯੁਕਤੀ ਕੀਤੀ ਹੋਵੇ। ਇਸ ਤੋਂ ਇਲਾਵਾ ਸਾਲੀ ਦੇ ਪੁੱਤਰ ਵਿਕਾਸ ਦੇਵੀਆਲ ਨੂੰ ਸਪੈਸ਼ਲ ਸਹਾਇਕ ਨਿਯੁਕਤ ਕੀਤਾ। ਵਿਕਾਸ ਕਾਂਗੜੇ ਦੇ ਮੁਠਾਲੀ ਪਿੰਡ ਦਾ ਰਹਿਣ ਵਾਲਾ ਹੈ । ਖਹਿਰਾ ਨੇ ਦਾਅਵਾ ਕੀਤਾ ਵਿਕਾਸ ਦਾ ਅਧਾਰ ਕਾਰਡ ਵੀ ਉਨ੍ਹਾਂ ਕੋਲ ਹੈ ਜੋ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਗਏ ਪੱਤਰ ਵਿੱਚ ਭੇਜਿਆ ਹੈ। ਉਨ੍ਹਾਂ ਨੇ ਦੱਸਿਆ ਕਟਰੂਚੱਕ ਦੇ ਨਾਲ ਉਸ ਦੇ ਪੀਏ ਵੱਜੋਂ ਕੰਮ ਕਰਨ ਵਾਲੇ ਸਾਹਿਲ ਸੈਣੀ ਨੂੰ ਉਨ੍ਹਾਂ ਨੇ ਆਪਣਾ ਸਰਕਾਰੀ ਕੁੱਕ ਦੱਸਿਆ ਹੈ । ਖਹਿਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੱਤੀ ਕਿ ਜੇਕਰ ਤੁਸੀਂ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਥੋੜ੍ਹਾ ਵੀ ਮਨ ਦੇ ਹੋ ਤਾਂ ਫੌਰਨ ਮੰਤਰੀ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਂ। ਉਨ੍ਹਾਂ ਕਿਹਾ ਵੈਸੇ ਮੈਨੂੰ ਉਮੀਦ ਘੱਟ ਹੀ ਹੈ ਕਿਉਂਕਿ ਉਹ ਸਿਆਸਤ ਦੇ ਨਸ਼ੇ ਵਿੱਚ ਚੂਰ ਹਨ।
NSA ਅਧੀਨ ਬੰਦ ਸਿੱਖ ਕੈਦੀਆਂ ਬਾਰੇ ਖੁਲਾਸਾ
ਸੁਖਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਦੇ ਨੌਜਵਾਨ ਨੌਕਰੀ ਲਈ ਵਿਦੇਸ਼ਾਂ ਨੂੰ ਜਾ ਰਹੇ ਹਨ ਅਤੇ ਮਾਨ ਦੇ ਮੰਤਰੀ ਆਪਣੇ ਪਰਿਵਾਰਾਂ ਨੂੰ ਨੌਕਰੀਆਂ ਦੇ ਰਹੇ ਹਨ । ਖਹਿਰਾ ਨੇ ਕਿਹਾ PSPCL ਵਿੱਚ ਗੈਰ ਪੰਜਾਬੀਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ, ਸ਼ਰਤ ਰੱਖ ਦਿੱਤੀ ਗਈ ਸੀ 6 ਮਹੀਨੇ ਦੇ ਅੰਦਰ ਪੰਜਾਬ ਦਾ ਪੇਪਰ ਹੋਵੇਗਾ ਸਰਕਾਰ ਡੋਮੀਸਾਇਲ ਸਰਟਿਫਿਕੇਟ ਨੂੰ ਕਿਉਂ ਨਹੀਂ ਜ਼ਰੂਰੀ ਕਰਦੀ ਹੈ । ਪਟਵਾਰੀ ਦੀਆਂ ਨੌਕਰੀਆਂ ਵਿੱਚ ਗੜਬੜ ਹੋਈ, ਹਾਈਕੋਰਟ ਨੇ ਵੀ ਇਸ ਨੂੰ ਮੰਨਿਆ । ਖਹਿਰਾ ਨੇ NSA ਅਧੀਨ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਿੱਖ ਕੈਦੀਆਂ ਦਾ ਮੁੱਦਾ ਵੀ ਚੁੱਕਿਆ ਉਨ੍ਹਾਂ ਕਿਹਾ ਜਾਣ ਬੁਝ ਕੇ ਉਨ੍ਹਾਂ ਨੂੰ ਭੇਜਿਆ ਗਿਆ ਹੈ ਤਾਂਕਿ ਉੱਥੇ ਦੇ ਮੌਸਮ, ਖਾਣਾ-ਪੀਣਾ,ਭਾਸ਼ਾ ਨੂੰ ਲੈਕੇ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏ।
ਮੇਰੀ ਜ਼ਬਾਨ ਬੰਦ ਕਰਨ ਦੀ ਕੋਸ਼ਿਸ਼
ਸੁਖਪਾਲ ਸਿੰਖ ਖਹਿਰਾ ਨੇ ਆਪਣੇ ਖਿਲਾਫ ਤਾਜ਼ਾ FIR ਨੂੰ ਝੂਠਾ ਦੱਸਿਆ,ਉਨ੍ਹਾਂ ਦੱਸਿਆ ਕਿ ਮੇਰੇ ਖਿਲਾਫ 11 ਪਰਚੇ ਹੋਏ ਹਨ ਸਾਰੇ ਅਦਾਲਤ ਵਿੱਚ ਖਾਰਜ ਕਰ ਦਿੱਤੇ ਗਏ ਹਨ । ਖਹਿਰਾ ਨੇ ਕਿਹਾ ਇਸ ਦੇ ਲਈ ਬਾਦਲ ਅਤੇ ਕੈਪਟਨ ਦਾ ਪਰਿਵਾਰ ਜ਼ਿੰਮੇਵਾਰ ਹੈ। ਹੁਣ ਭਗਵੰਤ ਮਾਨ ਸਰਕਾਰ ਵੀ ਮੇਰੀ ਜ਼ਬਾਨ ਬੰਦ ਕਰਵਾਉਣਾ ਚਾਹੁੰਦੀ ਹਨ ਮੇਰੇ ਖਿਲਾਫ SDM ਨੂੰ ਧਮਕਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ ਜਦਕਿ ਸਾਰੀ ਕਾਰਵਾਈ FACE BOOK ‘ਤੇ ਹੈ ਕੋਈ ਵੀ ਵੇਖ ਸਕਦਾ ਹੈ । ਉਨ੍ਹਾਂ ਨੇ ਕਿਹਾ ਸਿਰਫ ਲੋਕਾਂ ਦੀ ਆਵਾਜ਼ ਚੁੱਕੀ ਹੈ ਕਿਸੇ ਨੂੰ ਧਮਕੀ ਨਹੀਂ ਦਿੱਤੀ ਅਤੇ ਗੈਰ ਸੰਵਿਧਾਨਿਕ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਹੈ ।