Punjab

ਸੁਖਪਾਲ ਸਿੰਘ ਖਹਿਰਾ ਦੇ ਹੱਕ ‘ਚ ਉੱਤਰੇ ਚੰਨੀ,ਆਪ ਨੂੰ ਲਿਆ ਨਿਸ਼ਾਨੇ ‘ਤੇ

ਪਟਿਆਲਾ : ਕਾਂਗਰਸੀ ਆਗੂ  ਸੁਖਪਾਲ ਸਿੰਘ ਖਹਿਰਾ ‘ਤੇ ਕੇਸ ਦਰਜ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਵੀ ਉਹਨਾਂ ਦੇ ਹੱਕ ਵਿੱਚ ਨਿੱਤਰੇ ਹਨ। ਆਪਣੇ ਕੀਤੇ ਟਵੀਟ ਵਿੱਚ ਉਹਨਾਂ ਸੁਖਪਾਲ ਸਿੰਘ ਖਹਿਰਾ ਵਿਰੁੱਧ ਕੀਤੀ ਐਫਆਈਆਰ ਨੂੰ ਬਦਲਾਖੋਰੀ ਵਾਲੀ ਕਾਰਵਾਈ ਦੱਸਦਿਆਂ ਇਸ ਦੀ ਸਖ਼ਤ ਨਿੰਦਾ ਕੀਤੀ ਹੈ।

ਉਹਨਾਂ ਆਪ ਦੀ ਇਸ ਕਾਰਵਾਈ ਨੂੰ ਜਨਤਕ ਮੁੱਦੇ ਉਠਾਉਣ ਲਈ ਬਦਲਾਖੋਰੀ ਦੱਸਿਆ ਹੈ ਤੇ ਕਿਹਾ ਹੈ ਕਿ ਪੰਜਾਬ ਵਿੱਚ ਵਿਰੋਧੀ ਧਿਰਾਂ ਲਈ ਇਹ ਵਿਵਹਾਰ ਆਮ ਹੈ। ਚੰਨੀ ਵੱਲੋਂ ਦਿੱਤੇ ਗਏ ਸਾਥ ਲਈ ਸੁਖਪਾਲ ਸਿੰਘ ਖਹਿਰਾ ਨੇ  ਉਹਨਾਂ ਦੀ ਧੰਨਵਾਦ ਕੀਤਾ ਹੈ।

 

ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਉਹਨਾਂ ਦੇ ਹੱਕ ‘ਚ ਟਵੀਟ ਕੀਤਾ ਸੀ। ਇੱਕ ਟਵੀਟ ਰਾਹੀਂ ਉਹਨਾਂ ਕਿਹਾ ਹੈ ਕਿ ਲੋਕਤੰਤਰ ਵਿੱਚ ਬੋਲਣ ਦੀ ਆਜ਼ਾਦੀ ਅਤੇ ਵਿਰੋਧ ਕਰਨ ਦਾ ਅਧਿਕਾਰ ਇੱਕ ਸਿਹਤਮੰਦ ਵਿਰੋਧੀ ਧਿਰ ਲਈ ਜ਼ਰੂਰੀ ਹਨ।ਆਪ ਵੱਲੋਂ ਤਾਨਾਸ਼ਾਹੀ ਤਰੀਕਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ ਤੇ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਦੀ ਆਵਾਜ਼ ਨੂੰ ਦਬਾਉਣ ਲਈ ਡਰਾਉਣ-ਧਮਕਾਉਣ ਦੇ ਸਾਧਨ ਵਜੋਂ ਵਰਤਿਆ ਜਾ ਰਿਹਾ ਹੈ।

ਸਿੱਧੂ ਨੇ ਇਹ ਵੀ ਕਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਵਿਰੁੱਧ ਕੀਤੀ ਗਈ ਕਾਰਵਾਈ ਖਰਾਬ ਹੋਈ ਕਣਕ ਦੇ ਕਿਸਾਨਾਂ ਦੇ ਮੁਆਵਜ਼ੇ ਦੀ ਮੰਗ ਲਈ ਆਵਾਜ਼ ਬੁਲੰਦ ਕਰਨ ਕਾਰਨ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਕੱਲ ਕਾਂਗਰਸ ਦੇ ਸੀਨੀਅਰ ਆਗੂ ਅਤੇ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਲਾ ਦੇ  ਖਿਲਾਫ SDM ਨੂੰ ਧਮਕਾਉਣ ਨੂੰ ਲੈ ਕੇ  FIR ਦਰਜ ਕੀਤੀ ਗਈ ਸੀ। ਜਿਸ ‘ਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੈਂ ਇਨ੍ਹਾਂ ਝੂਠੀਆਂ FIR ਤੋਂ ਡਰਨ ਵਾਲਾ ਨਹੀਂ ਹਾਂ। ਪੰਜਾਬ ਅਤੇ ਸਿੱਖਾਂ ਖਿਲਾਫ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈ ਦਾ ਉਹ ਡੱਟ ਕੇ ਵਿਰੋਧ ਕਰਦੇ ਰਹਿਣਗੇ । ਸੁਖਪਾਲ ਸਿੰਘ ਖਹਿਰਾ ਨੇ ਆਪਣੇ ਖਿਲਾਫ ਦਰਜ ਕੀਤੀ ਗਈ FIR ਬਾਰੇ ਵੀ ਜਾਣਕਾਰੀ ਵੀ ਸਾਰਿਆਂ  ਨਾਲ ਸਾਂਝੀ ਕੀਤੀ ਹੈ ।

ਆਪਣੇ ਟਵੀਟ ਚ ਉਹਨਾਂ ਲਿੱਖਿਆ ਹੈ ਕਿ ਮੈਂ ਗਿਣ ਰਿਹਾ ਸੀ ਕਿ ਮੇਰੇ 25 ਸਾਲ ਦੇ ਸਿਆਸੀ ਕੈਰੀਅਰ ਦੋਰਾਨ ਇਹ ਮੇਰੇ ਤੇ 11ਵੀਂ FIR ਦਰਜ ਹੋਈ ਹੈ। ਇਹ ਝੂਠੇ ਮੁਕੱਦਮੇ ਦਰਜ ਕਰਨ ਵਾਲੇ ਜਾਲਮ ਹਾਕਮਾਂ ਵਿੱਚ ਬਾਦਲ, BJP, ਕੈਪਟਨ ਅਤੇ ਹੁਣ ਭਗਵੰਤ ਮਾਨ ਸ਼ਾਮਿਲ ਹਨ ਪਰੰਤੂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਇੱਕ ਵੀ ਮੁਕੱਦਮਾ ਅਦਾਲਤ ਵਿੱਚ ਟਿੱਕ ਨਹੀਂ ਪਾਇਆ। ਇਸ ਵਿੱਚ ED ਵਾਲਾ ਮੁਕੱਦਮਾ ਵੀ ਹੈ ਜੋ ਕਿ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ। ਇਹ ਜਾਲਮ ਹਾਕਮ ਫਿਰ ਵੀ ਕੋਈ ਸਬਕ ਨਹੀਂ ਸਿੱਖਦੇ ਕਿ ਮੈਂ ਇਹਨਾਂ ਮੁਕੱਦਮਿਆਂ ਤੋਂ ਡਰਕੇ ਦੱਬਣ ਵਾਲਾ ਨਹੀਂ ਹਾਂ।