ਅੰਮ੍ਰਿਤਸਰ : ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ( Jathedar Giani Harpreet Singh of Shri Akal Takht Sahib Ji ) ਨੇ ਪ੍ਰਕਾਸ਼ ਸਿੰਘ ਬਾਦਲ ( Parkash Singh Badal) ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਸਮੇਤ ਪੂਰੇ ਭਾਰਤ ਦੇ ਇੱਕ ਬਹੁਤ ਵੱਡੇ ਸਿਆਸੀ ਆਗੂ ਸਨ। ਉਨ੍ਹਾਂ ਦੇ ਦਿਹਾਂਤ ਦਾ ਬਹੁਤ ਦੁੱਖ ਹੈ। ਅਕਾਲੀ ਸਿਆਸਤ ਦੇ ਇੱਕ ਹੋਰ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਦਾ ਜਾਣਾ ਪੰਜਾਬ ਅਤੇ ਪੰਜਾਬੀਅਤ ਲਈ ਬੜਾ ਘਾਟਾ ਹੈ। ਬਾਦਲ ਨੇ ਜ਼ਮੀਨ ਉੱਤੇ ਰਹਿ ਕੇ, ਲੋਕਾਂ ਨਾਲ ਜੁੜ ਕੇ ਸਿਆਸਤ ਕੀਤੀ। ਅਜਿਹੇ ਸਿਆਸਤਦਾਨਾਂ ਦੀ ਪੂਰੇ ਭਾਰਤ ਵਿੱਚ ਕਮੀ ਹੈ, ਜਿਹੜੇ ਜ਼ਮੀਨ, ਲੋਕਾਂ ਦੇ ਨਾਲ ਜੁੜੇ ਹੋਣ।
ਦੱਸ ਦਈਏ ਕਿ ਬੀਤੇ ਕੱਲ੍ਹ ਦੇਰ ਸ਼ਾਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਦਾ ਦਿਹਾਂਤ ਹੋ ਗਿਆ ਸੀ । ਉਨ੍ਹਾਂ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਸ਼ਾਮ ਵੇਲੇ 95 ਸਾਲ ਦੀ ਉਮਰ ਵਿੱਚ ਅੰਤਿਮ ਸਾਹ ਲਏ । ਪਿਛਲੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ।
ਬਾਦਲ ਦੀ ਮ੍ਰਿਤਕ ਦੇਹ ਪਾਰਟੀ ਦੇ ਚੰਡੀਗੜ੍ਹ ਵਿਚਲੇ ਸੈਕਟਰ 28 ਸਥਿਤ ਦਫ਼ਤਰ ਵਿਚ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਹੈ। ਜਿਸ ਦੌਰਾਨ ਰਾਜਸੀ ਵਿਅਕਤੀਆਂ ਅਤੇ ਆਮ ਲੋਕਾਂ ਨੇ ਆਪਣੇ ਚਹੇਤੇ ਨੇਤਾ ਨੂੰ ਸ਼ਰਧਾਂਜਲੀ ਦਿੱਤੀ । ਇਸ ਦੌਰਾਨ ਸਿਆਸੀ ਅਖਾੜਿਆਂ ਦੌਰਾਨ ਪਾਰਟੀ ਦੇ ਖਿਲਾਫ਼ ਬੋਲਣ ਵਾਲੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਇਸ ਦੁੱਖ ਦੀ ਘੜੀ ਵਿੱਚ ਕਾਫੀ ਦੁਖੀ ਨਜ਼ਰ ਆਏ ਤੇ ਭਰੇ ਮਨ ਨਾਲ ਆਪਣੇ ਤਾਇਆ ਜੀ ਦੀ ਅੰਤਮ ਯਾਤਰਾ ਵਿੱਚ ਸ਼ਾਮਲ ਹੁੰਦੇ ਤੇ ਸੁਖਬੀਰ ਸਿੰਘ ਬਾਦਲ ਨਾਲ ਦੁੱਖ ਵੰਡਾਉਂਦੇ ਹੋਏ ਵੀ ਨਜ਼ਰ ਆਏ।