ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੰਮ੍ਰਿਤਪਾਲ ਸਿੰਘ ਦੇ ਮਸਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਚੀਮਾ ਨੇ ਕਿਹਾ ਕਿ ਅੱਜ ਗੁਰਦੁਆਰਾ ਸਾਹਿਬ ਨੂੰ ਢਾਲ ਬਣਾ ਕੇ ਹਮਦਰਦੀ ਲੈਣ ਦੀ ਚਾਲ ਚੱਲਣ ਵਾਲੇ ਅੰਮ੍ਰਿਤਪਾਲ ਨੂੰ ਗੁਰੂਘਰ ਦੀ ਮਰਿਆਦਾ ਨੂੰ ਕਾਇਮ ਰਖਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ ਤੇ ਅਸਾਮ ਦੀ ਜੇਲ੍ਹ ‘ਚ ਭੇਜਿਆ ਗਿਆ ਹੈ। ਉਸ ਤੇ NSA ਵਰਗੇ ਕਾਨੂੰਨ ਵੀ ਲੱਗੇ ਹਨ। ਅੱਜ ਦੀ ਇਹ ਕਾਰਵਾਈ ਸਬੂਤ ਹੈ ਕਿ ਕਿਵੇਂ ਮੁੱਖ ਮੰਤਰੀ ਮਾਨ ਨੇ ਲੋਕਾਂ ਤੇ ਸਮਾਜ ਦੀ ਸੁਰੱਖਿਆ ਤੇ ਸ਼ਾਂਤੀ ਨੂੰ ਪਹਿਲ ਦਿੱਤੀ ਹੈ ਤੇ ਇਸ ਨੂੰ ਦੁਰਅੰਦੇਸ਼ੀ ਤੇ ਸਿਆਣਪ ਵਰਤਦੇ ਹੋਏ ਮੁੱਖ ਮੰਤਰੀ ਮਾਨ ਨੇ ਇਸ ਕਾਮਯਾਬੀ ਨੂੰ ਹਾਸਲ ਕੀਤਾ ਹੈ।
ਪਿੰਡ ਰੋਡੇ ਦੇ ਲੋਕਾਂ ਵੱਲੋਂ ਘੇਰਾਬੰਦੀ ਕੀਤੇ ਜਾਣ ਦੀ ਗੱਲ ਤੋਂ ਇਨਕਾਰ ਕਰੇ ਜਾਣ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਇਸ ਬਾਰੇ ਆਈਜੀ ਸਾਹਿਬ ਬੜੇ ਵਿਸਤਾਰ ਵਿੱਚ ਦੱਸ ਚੁੱਕੇ ਹਨ ਕਿ ਕਿਵੇਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਸਾਹਮਣੇ ਰੱਖਦੇ ਹੋਏ ਪੰਜਾਬ ਪੁਲਿਸ ਨੇ ਬੜੇ ਇਤਮਿਨਾਨ ਤੇ ਸ਼ਾਂਤਮਈ ਢੰਗ ਨਾਲ ਇਹ ਕਾਰਵਾਈ ਕੀਤੀ ਹੈ। ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਹੋਈ ਹੈ,ਨਾ ਕਿ ਉਸ ਨੇ ਆਤਮ-ਸਮਰਪਣ ਕੀਤਾ ਹੈ। ਜੇ ਉਸ ਨੇ ਆਤਮ ਸਮਰਪਣ ਕਰਨਾ ਹੁੰਦਾ ਤਾਂ ਪ੍ਰੈਸ ਸਾਹਮਣੇ ਆ ਕੇ ਆਪਣੀ ਗੱਲ ਰੱਖਦਾ।
ਚੀਮਾ ਨੇ ਅਜਨਾਲਾ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਥੇ ਕਿਸੇ ਕੇਸ ਵਿੱਚ ਫਸੇ ਇੱਕ ਵਿਅਕਤੀ ਨੂੰ ਛੁਡਵਾਉਣ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਇਆ ਗਿਆ ,ਜਦੋਂ ਕਿ ਉਹ ਕਾਨੂੰਨ ਦਾ ਸਹਾਰਾ ਲੈ ਕੇ ਵੀ ਬਾਹਰ ਆ ਸਕਦਾ ਸੀ। ਅੰਮ੍ਰਿਤਪਾਲ ਵੱਲੋਂ ਜਲੰਧਰ ਵਿੱਚ ਕੁਰਸੀਆਂ ਹਟਾਏ ਜਾਣ ਦੀ ਗੱਲ ਸੰਬੰਧੀ ਸਵਾਲ ਉੱਤੇ ਵਿੱਤ ਮੰਤਰੀ ਨੇ ਇਸ ਸੰਬੰਧੀ ਕਾਰਵਾਈ ਹੋਣ ਦੀ ਗੱਲ ਕਹੀ ਹੈ।
ਨਸ਼ਿਆਂ ਸੰਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਸ਼੍ਰੋਮਣੀ ਅਕਾਲੀ ਦਲ ਤੇ ਨਿਸ਼ਾਨਾ ਲਾਇਆ ਤੇ ਦਾਅਵਾ ਕੀਤਾ ਕਿ ਵੱਡੇ-ਵੱਡੇ ਨਸ਼ਿਆਂ ਦੇ ਸੌਦਾਗਰਾਂ ਨੂੰ ਇਹਨਾਂ ਨੇ ਪਾਲਿਆ ਹੈ ਪਰ ਹੁਣ ਆਪ ਸਰਕਾਰ ਨੇ ਕਾਰਵਾਈ ਕੀਤੀ ਹੈ।