ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਅੱਜ ਆਪਣੇ ਘਰ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸ਼ਹੀਦ ਹੋਏ ਚਾਰ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਆਪਣੇ ਪੁੱਤ ਨੂੰ ਯਾਦ ਕਰਦਿਆਂ ਮਾਤਾ ਨੇ ਕਿਹਾ ਕਿ ਮੂਸੇਵਾਲਾ ਸਾਰਿਆਂ ਦਾ ਪੁੱਤ ਸੀ। ਜੇ ਸਾਨੂੰ ਇਨਸਾਫ਼ ਦੀ ਮਾੜੀ ਜਿਹੀ ਵੀ ਉਮੀਦ ਹੁੰਦੀ ਤਾਂ ਸਾਨੂੰ ਬੋਲਣ ਦੀ ਕੀ ਲੋੜ ਸੀ।
ਸਿੱਧੂ ਦੀ ਮਾਤਾ ਚਰਨ ਕੌਰ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਸਾਰੀ ਉਮਰ ਸੱਤਾ ਵਿੱਚ ਨਹੀਂ ਰਹੇਗੀ। ਇਸ ਲਈ ਗੁਮਾਨ ਕਰਨ ਦੀ ਬਜਾਏ ਇਨਸਾਫ਼ ਦੇਵੇ। ਉਨ੍ਹਾਂ ਕਿਹਾ ਕਿ ਆਮ ਬੰਦੇ ਨੂੰ ਵਿਦੇਸ਼ ਜਾਣ ਲਈ ਵੀਜ਼ਾ ਨਹੀਂ ਮਿਲਦਾ ਪਰ ਸਿੱਧੂ ਦੇ ਕਤਲ ਮਗਰੋਂ ਗੈਂਗਸਟਰ ਵਿਦੇਸ਼ਾਂ ਵਿੱਚ ਘੁੰਮ ਰਹੇ ਹਨ ਪਰ ਸਰਕਾਰ ਕੁਝ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਆਪਣੇ ਪੁੱਤਰ ਦੇ ਇਨਸਾਫ਼ ਲਈ ਬੋਲਦੇ ਹਨ, ਜੇਕਰ ਸਰਕਾਰ ਉਨ੍ਹਾਂ ਨੂੰ ਇਨਸਾਫ਼ ਦੇ ਦੇਵੇ ਤਾਂ ਉਹ ਕਿਉਂ ਬੋਲਣਗੇ?
ਉਨ੍ਹਾਂ ਨੇ ਕਿਹਾ ਕਿ ਉਹ ਆਖ਼ਰੀ ਸਾਹ ਤੱਕ ਆਪਣੇ ਪੁੱਤਰ ਦੇ ਇੰਨਸਾਫ ਲਈ ਲੜਨਗੇ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੀ। ਇਸ ਲਈ ਹੁਣ ਸਿੱਧੂ ਮੂਸੇਵਾਲਾ ਨੂੰ ਬਦਨਾਮ ਕਰਨ ਦੀਆਂ ਸਾਜਿਸਾਂ ਰਚੀਆਂ ਜਾ ਰਹੀਆਂ ਹਨ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੇ ਕਤਲ ਦੇ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਸਰਕਾਰ ਇਨਸਾਫ ਦੇਣ ਦੀ ਬਜਾਏ ਉਨ੍ਹਾਂ ਦੇ ਪੁੱਤਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਰਕਾਰ ਨੂੰ ਪਤਾ ਲੱਗ ਗਿਆ ਕਿ ਉਹ ਜਲੰਧਰ ਚੋਣ ਤੱਕ ਪਹੁੰਚ ਸਕਦੇ ਹਨ ਤਾਂ ਸਿੱਧੂ ਮੂਸੇਵਾਲੇ ਦਾ ਅਕਸ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਨਵੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਉਹ ਜਲਦੀ ਹੀ ਜਲੰਧਰ ਜਾ ਕੇ ਸਰਕਾਰ ਵਿਰੁੱਧ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਬਜਾਏ ਹੋਰ ਕਿਸੇ ਵੀ ਪਾਰਟੀ ਨੂੰ ਵੋਟ ਪਾਉਣ।
ਵਿਧਾਇਕ ਦੇਵ ਮਾਨ ਵੱਲੋਂ ਸਿੱਧੂ ਮੂਸੇਵਾਲਾ ਬਾਰੇ ਦਿੱਤੇ ਬਿਆਨ ‘ਤੇ ਪਲਟਵਾਰ ਕਰਦਿਆਂ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਭਾਰੀ ਹਥਿਆਰਾਂ ਨਾਲ ਲੈਸ ਗੈਂਗਸਟਰ ਲਗਾਤਾਰ 10 ਦਿਨ ਤੱਕ ਉਨ੍ਹਾਂ ਦੇ ਘਰ ਦੇ ਸਾਹਮਣੇ ਘੁੰਮਦੇ ਰਹੇ। ਉਨ੍ਹਾਂ ਕਿਹਾ ਕਿ ਇਹ ਕਿਸ ਦੀ ਜ਼ਿਮੇਵਾਰੀ ਹੈ। ਸਿੱਧੂ ਮੂਸੇਵਾਲਾ ਨੇ ਖੁਦ ਹੀ ਸੜਕਾਂ ‘ਤੇ ਗੈਂਗਸਟਰਾਂ ਦਾ ਸਫਾਇਆ ਕਰਨਾ ਸੀ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਿਧਾਇਕਾਂ ਨੂੰ ਮੂੰਹ ਬੰਦ ਕਰਨ ਲਈ ਕਹਿਣ।
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਾਰੇ ਸਬੂਤ ਹਨ ਕਿ ਉਨ੍ਹਾਂ ਦੇ ਪੁੱਤਰ ਦੀ ਸੁਰੱਖਿਆ ਕਿਵੇਂ ਲੀਕ ਹੋਈ, ਪਰ ਸਰਕਾਰ ਉਨ੍ਹਾਂ ਦੇ ਬੇਟੇ ਨੂੰ ਇਨਸਾਫ਼ ਨਹੀਂ ਦੇਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਮੈਂ ਜਦੋਂ ਤੱਕ ਮੈਂ ਜਿਉਂਦਾ ਹਾਂ, ਉਦੋਂ ਤੱਕ ਇਨਸਾਫ਼ ਲਈ ਲੜਾਂਗਾ।