ਕਰਨਾਲ : ਕਣਕ ਦੇ ਉਤਪਾਦਨ ਦੇ ਸਾਰੇ ਪੰਜ ਰਾਜਾਂ ਪੰਜਾਬ, ਹਰਿਆਣਾ, ਯੂ.ਪੀ., ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵਧੀਆ ਝਾੜ ਨਿਕਲ ਰਿਹਾ ਹੈ। ਇਸਦਾ ਪ੍ਰਗਟਾਵਾ ਭਾਰਤੀ ਖੇਤੀ ਖੋਜ ਪ੍ਰੀਸ਼ਦ ਭਾਵ ਆਈ.ਸੀ.ਏ.ਆਰ ਨੇ ਕੀਤਾ ਹੈ। ਆਈਸੀਏਆਰ ਨੇ ਅਨੁਮਾਨ ਲਗਾਇਆ ਸੀ ਕਿ ਦੇਸ਼ ਵਿੱਚ ਉਤਪਾਦਨ 112 ਮਿਲੀਅਨ ਟਨ ਹੋਵੇਗਾ, ਪਰ ਕਣਕ ਦੇ ਉਤਪਾਦਨ ਦੇ ਹਿਸਾਬ ਨਾਲ ਜਾਪਦਾ ਹੈ ਕਿ ਇਹ ਅੰਕੜਾ ਵੀ ਪਾਰ ਹੋ ਜਾਵੇਗਾ ਅਤੇ ਇੱਕ ਨਵਾਂ ਅੰਕੜਾ ਆਵੇਗਾ।
ਆਈ.ਸੀ.ਏ.ਆਰ ਦੇ ਡਾਇਰੈਕਟਰ ਗਿਆਨੇਂਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਮੌਸਮ ਦੀ ਫ਼ਸਲ ਉੱਤੇ ਮਾਰ ਪਈ ਸੀ ਤਾਂ ਚਿੰਤਾ ਸੀ ਕਿ ਕਣਕ ਦਾ ਝਾੜ ਘੱਟ ਹੋਵੇਗਾ, ਪਰ ਹੁਣ ਇਹ ਚਿੰਤਾ ਦੂਰ ਹੋ ਗਈ ਹੈ, ਕਿਉਂਕਿ ਡਿੱਗੀਆਂ ਫਸਲਾਂ ਵਿੱਚ ਵੀ ਉਤਪਾਦਨ ਚੰਗਾ ਹੋਇਆ ਹੈ। ਜਦੋਂ ਕਿ ਖੜ੍ਹੀ ਫਸਲ ਦਾ ਉਤਪਾਦਨ ਅਤੇ ਗੁਣਵੱਤਾ ਵੀ ਬਹੁਤ ਵਧੀਆ ਹੈ।
ਪ੍ਰਤੀ ਏਕੜ 30 ਕੁਇੰਟਲ ਤੱਕ ਦਾ ਝਾੜ
ਆਈ.ਸੀ.ਏ.ਆਰ. ਦੇ ਮੁਤਾਬਕ, ਮਾੜੇ ਮੌਸਮ ਵਿੱਚ ਵੀ, ਕਿਸਾਨਾਂ ਨੇ ਪ੍ਰਤੀ ਏਕੜ 30 ਕੁਇੰਟਲ ਤੱਕ ਦਾ ਝਾੜ ਹਾਸਲ ਕੀਤਾ ਹੈ। ਕਣਕ ਦੀਆਂ ਨਵੀਆਂ ਕਿਸਮਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਮਾੜੇ ਮੌਸਮ ਵਿੱਚ ਕਿਵੇਂ ਬਚ ਸਕਦੀਆਂ ਹਨ ਅਤੇ ਕਿੰਨਾ ਉਤਪਾਦਨ ਹੋ ਸਕਦਾ ਹੈ। ICAR ਦੀਆਂ ਉਮੀਦਾਂ ਤੋਂ ਵੱਧ ਨਤੀਜ਼ੇ ਦੇਣ ਵਾਲੀਆਂ ਕਿਸਮਾਂ ਵਿੱਚ DBW-327, 332, 370, 372 ਸ਼ਾਮਲ ਹਨ।
ਕਿਉਂ ਘੱਟ ਹੋਇਆ ਮੌਸਮ ਦਾ ਅਸਰ?
ਉਨ੍ਹਾਂ ਦੱਸਿਆ ਕਿ ਕਿਸਾਨ ਸਮਝਦਾਰ ਹੋ ਗਿਆ ਹੈ ਅਤੇ ਉਹ ਮੌਸਮ ਨੂੰ ਸਮਝਦਾ ਹੈ। ਜਦੋਂ ਮੀਂਹ ਪੈਣ ਲੱਗਾ ਤਾਂ ਉਸ ਨੇ ਖੇਤ ਦੀ ਸਿੰਚਾਈ ਬਿਲਕੁਲ ਨਹੀਂ ਕੀਤੀ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਜਦੋਂ ਮੀਂਹ ਪਿਆ ਤਾਂ ਕਣਕ ‘ਤੇ ਕੋਈ ਅਸਰ ਨਹੀਂ ਹੋਇਆ ਅਤੇ ਉਤਪਾਦਨ ਵੀ ਚੰਗਾ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸਾਨ ਜਾਗਰੂਕ ਹੋ ਗਿਆ ਹੈ ਅਤੇ ਹੁਣ ਕਿਸਾਨ ਨਵੀਆਂ ਕਿਸਮਾਂ ਵਿੱਚ ਵਿਸ਼ਵਾਸ ਕਰਨ ਲੱਗ ਪਿਆ ਹੈ ਅਤੇ ਉਨ੍ਹਾਂ ਵਿੱਚ ਦਿਲਚਸਪੀ ਵੀ ਲੈਣ ਲੱਗਾ ਹੈ।
ਫਿਲਹਾਲ ਉਤਪਾਦਨ ਦੀ ਅਸਲ ਸਥਿਤੀ ਬਾਰੇ ਸਾਨੂੰ ਚਾਰ-ਪੰਜ ਦਿਨ ਉਡੀਕ ਕਰਨੀ ਪਵੇਗੀ ਕਿਉਂਕਿ ਕੁਝ ਰਾਜਾਂ ਵਿੱਚ ਕਣਕ ਦੀ ਵਾਢੀ ਅਜੇ ਵੀ ਚੱਲ ਰਹੀ ਹੈ ਅਤੇ ਕਣਕ ਅਜੇ ਮੰਡੀਆਂ ਵਿੱਚ ਨਹੀਂ ਪਹੁੰਚੀ ਹੈ, ਇਸ ਲਈ ਅਜੇ ਅੰਕੜੇ ਸਪੱਸ਼ਟ ਨਹੀਂ ਕੀਤੇ ਜਾ ਸਕਦੇ ਹਨ।