Punjab

5 ਮੈਂਬਰੀ ਐਡਵਾਇਜ਼ਰੀ ਬੋਰਡ ਡਿਬਰੂਗੜ੍ਹ ਜੇਲ੍ਹ ਪਹੁੰਚਿਆ ! ਪੰਜਾਬ ਪੁਲਿਸ ਦੇ 2 ਅਫਸਰ ਵੀ ਸ਼ਾਮਲ ! 3 ਘੰਟੇ ਤੱਕ ਜੇਲ੍ਹ ਵਿੱਚ ਰਹੇ !

ਬਿਊਰੋ ਰਿਪੋਰਟ : ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਉਸ ਵੇਲੇ ਹਲਚਲ ਤੇਜ਼ ਹੋ ਗਈ ਜਦੋਂ NSA ਅਧੀਨ ਬੰਦ 9 ਸਿੱਖਾਂ ਨੂੰ ਲੈਕੇ ਐਡਵਾਇਜ਼ਰੀ ਬੋਰਡ ਪਹੁੰਚਿਆ । 5 ਮੈਂਬਰੀ ਐਡਵਾਇਜ਼ਰੀ ਬੋਰਡ ਦੁਪਹਿਰ 3 ਵਜੇ ਪਹੁੰਚਿਆ ਅਤੇ 3 ਘੰਟੇ ਦੇ ਤੱਕ ਜੇਲ੍ਹ ਵਿੱਚ ਹੀ ਰਿਹਾ । ਇਸ ਦੌਰਾਨ ਐਡਵਾਇਜ਼ਰੀ ਬੋਰਡ ਨੇ ਜੇਲ੍ਹ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਪਰ ਉਹ 9 ਸਿੱਖ ਕੈਦੀਆਂ ਨੂੰ ਮਿਲੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹਾਸਲ ਹੋ ਪਾਈ ਹੈ। ਪਿਛਲੇ ਹਫਤੇ ਹੀ ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਦੱਸਿਆ ਕਿ ਉਨ੍ਹਾਂ ਨੇ 5 ਮੈਂਬਰੀ ਐਵਵਾਇਜ਼ਰੀ ਬੋਰਡ ਦਾ ਗਠਨ ਕਰ ਦਿੱਤਾ ਹੈ ।

ਪੰਜਾਬ ਸਰਕਾਰ ਨੇ NSA ਨੂੰ ਲੈਕੇ ਜਿਹੜਾ ਐਡਵਾਇਜ਼ਰੀ ਬੋਰਡ ਬਣਾਇਆ ਹੈ ਉਸ ਦੇ ਮੁਖੀ ਰਿਟਾਇਰਡ ਜੱਜ ਸ਼ਬੀਹੁਲ ਹਰਸੈਨ ਹਨ । ਇਸ ਤੋਂ ਇਲਾਵਾ ਬੋਰਡ ਦੇ ਹੋਰ ਮੈਂਬਰ ਸੁਧੀਰ ਸ਼ਿਕੋਂਦ,ਦੀਪਾਸ਼ੂ ਜੈਨ,IPS ਰਾਕੇਸ਼ ਅਗਰਵਾਲ, ਅਤੇ ਰੁਪਿੰਦਰ ਕੌਰ ਭੱਟੀ SP CIA ਵੀ ਡਿਬਰੂਗੜ੍ਹ ਜੇਲ੍ਹ ਪਹੁੰਚੇ । NSA ਅਧੀਨ ਜੇਲ੍ਹ ਵਿੱਚ ਬੰਦ ਕੈਦੀ ਹਰ ਤਿੰਨ ਮਹੀਨੇ ਬਾਅਦ ਐਡਵਾਇਜ਼ਰੀ ਬੋਰਡ ਦੇ ਸਾਹਮਣੇ ਪੇਸ਼ ਹੁੰਦੇ ਹਨ । ਪੁਲਿਸ ਨੂੰ ਇੰਨਾਂ ਦੇ ਖਿਲਾਫ ਡਿਟੈਨਸ਼ਨ ਅਗਲੇ 3 ਮਹੀਨੇ ਵਧਾਉਣ ਦੇ ਲਈ ਨਵੇਂ ਸਬੂਤ ਦੇਣੇ ਹੋਣਗੇ । NSA ਦੇ ਕਾਨੂੰਨ ਮੁਤਾਬਿਕ ਪੁਲਿਸ ਵੱਧ ਤੋਂ ਵੱਧ 1 ਸਾਲ ਤੱਕ ਮੁਲਜ਼ਮਾਂ ਨੂੰ ਡਿਟੇਨ ਕਰ ਸਕਦੀ ਹੈ, ਇਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਨਾ ਹੋਵੇਗਾ । ਹੁਣ ਤੱਕ 9 ਸਿੱਖਾਂ ਨੂੰ NSA ਅਧੀਨ ਡਿਬਰੂਗੜ੍ਹ ਜੇਲ੍ਹ ਵਿੱਚ ਲਿਜਾਇਆ ਗਿਆ ਹੈ,ਇੰਨਾਂ ਵਿੱਚ ਕੁਲਵੰਤ ਸਿੰਘ ਧਾਲੀਵਾਲ, ਵਰਿੰਦਰ ਸਿੰਘ ਜੌਹਲ, ਗੁਰਮੀਤ ਸਿੰਘ ਬੁੱਕਣਵਾਲਾ, ਹਰਜੀਤ ਸਿੰਘ ਜੱਲੂਪੁਰ ਖੈੜਾ, ਭਗਵੰਤ ਸਿੰਘ ਬਾਜੇਕੇ, ਦਲਜੀਤ ਸਿੰਘ ਕਲਸੀ, ਬਸੰਤ ਸਿੰਘ, ਗੁਰਇੰਦਰਪਾਲ ਸਿੰਘ ਔਜਲਾ ਅਤੇ ਪਪਲਪ੍ਰੀਤ ਸਿੰਘ ਦਾ ਨਾਂ ਸ਼ਾਮਲ ਹੈ ।