‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਪਿਛਲੇ ਕੁਝ ਦਿਨਾਂ ਤੋਂ ਚਿਹਰੇ ’ਤੇ ਤਿਰੰਗੇ ਵਰਗਾ ਸਟਿੱਕਰ ਲਾਈ ਕੁੜੀ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜਾਣ ਤੋਂ ਰੋਕਣ ਦੇ ਮਾਮਲੇ ਨੇ ਚਰਚਾ ਛੇੜੀ ਹੋਈ ਹੈ। ਇਸ ਮਾਮਲੇ ਵਿੱਚ ਆਮ ਲੋਕਾਂ ਤੋਂ ਲੈ ਕੇ ਵੱਖ ਵੱਖ ਸਿਆਸੀ ਆਗੂਆਂ, ਪੰਥਕ ਸ਼ਖਸੀਅਤਾਂ ਨੇ ਵੀ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਇਸ ਮਾਮਲੇ ਨੂੰ ਲੈ ਕੇ ਹੁਣ ਉਕਤ ਲੜਕੀ ਦੇ ਪਿਤਾ ਮੀਡੀਆ ਸਾਹਮਣੇ ਆਏ ਹਨ। ਇੱਕ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਉਨ੍ਹਾਂ ਨੇ ਪੂਰੀ ਘਟਨਾ ਦੱਸਦਿਆਂ ਮੁਆਫ਼ੀ ਵੀ ਮੰਗੀ ਪਰ ਨਾਲ ਹੀ ਸੇਵਾਦਾਰ ਦਾ ਕਸੂਰ ਵੀ ਜ਼ਰੂਰ ਕੱਢਿਆ। ਲੜਕੀ ਦੇ ਪਿਤਾ ਨੇ ਕੀ ਕੁਝ ਕਿਹਾ ਹੈ, ਤੁਸੀਂ ਵੀ ਇਸ ਖ਼ਬਰ ਵਿੱਚ ਪੜੋ…
ਲੜਕੀ ਦੇ ਪਿਤਾ ਨੇ ਕਿਹਾ ਕਿ “ਸ਼ਨੀਵਾਰ ਨੂੰ ਅਸੀਂ ਸਭ ਤੋਂ ਪਹਿਲਾਂ ਵਾਹਗਾ ਬਾਰਡਰ ਗਏ ਸੀ ਅਤੇ ਉਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਵਿਖੇ ਗਏ ਸੀ। ਮੇਰੀ ਬੇਟੀ ਮੱਥਾ ਟੇਕਣ ਲਈ ਲਾਈਨ ਵਿੱਚ ਲੱਗੀ ਹੋਈ ਸੀ ਕਿ ਸੇਵਾਦਾਰ ਨੇ ਮੇਰੀ ਬੇਟੀ ਨੂੰ ਉਸਦੇ ਚਿਹਰੇ ‘ਤੇ ਲੱਗੇ ਨਿਸ਼ਾਨ ਸਾਹਿਬ ਨੂੰ ਉਤਾਰ ਕੇ ਆਉਣ ਲਈ ਕਿਹਾ। ਮੇਰੀ ਬੇਟੀ ਨੇ ਇਸ ਸਵਾਲ ਪੁੱਛਿਆ ਕਿ ਕਿਉਂ, ਇਸ ਵਿੱਚ ਗਲਤ ਕੀ ਹੈ, ਇਹ ਤਾਂ ਭਾਰਤ ਦਾ ਝੰਡਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਇੰਡੀਆ ਨਹੀਂ, ਪੰਜਾਬ ਹੈ। ਮੈਂ ਪਿੱਛੇ ਖੜਾ ਸੀ। ਮੇਰੀ ਬੇਟੀ ਫਿਰ ਮੇਰੇ ਕੋਲ ਆਈ ਅਤੇ ਸਾਰੀ ਘਟਨਾ ਦੱਸੀ। ਬਾਅਦ ਵਿੱਚ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਅਜਿਹਾ ਕਿਉਂ ਕਰ ਰਹੇ ਹੋ। ਫਿਰ ਉਨ੍ਹਾਂ ਨੇ ਮੇਰੀ ਬੇਟੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂ ਉਸ ਤੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ, ਇਹ ਉਨ੍ਹਾਂ ਨੂੰ ਹੀ ਪਤਾ ਹੋਵੇਗਾ।
ਇੱਕ ਹੋਰ ਵਾਇਰਲ ਹੋ ਰਹੀ ਵੀਡੀਓ ਵਿੱਚ ਇਹ ਜਰਦਾ ਦਿਖਾ ਰਹੇ ਹਨ ਤਾਂ ਮੈਂ ਸਪੱਸ਼ਟ ਕਰ ਦਿੰਦਾ ਹਾਂ ਕਿ ਮੈਂ ਜਰਦਾ ਨਹੀਂ ਖਾਂਦਾ ਹਾਂ। ਬਾਅਦ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਏ ਅਤੇ ਉਨ੍ਹਾਂ ਨੇ ਸਾਡੇ ਤੋਂ ਮੁਆਫ਼ੀ ਮੰਗੀ ਅਤੇ ਸਾਨੂੰ ਦਰਸ਼ਨ ਕਰਨ ਲਈ ਕਿਹਾ। ਪਰ ਮੇਰੀ ਬੇਟੀ ਉਦਾਸ ਹੋ ਚੁੱਕੀ ਸੀ ਅਤੇ ਉਹ ਘਰ ਜਾਣ ਦੀ ਗੱਲ ਕਰਨ ਲੱਗ ਪਈ ਸੀ ਪਰ ਮੈਂ ਉਸਨੂੰ ਸਮਝਾਇਆ।
ਹਿੰਦੂ ਸਿੱਖ ਧਰਮ ਦਾ ਭਾਈਚਾਰਾ ਹੈ, ਇਸ ਲਈ ਜੇ ਮੇਰੀ ਵਜ੍ਹਾ ਕਰਕੇ ਕਿਸੇ ਨੂੰ ਕੋਈ ਠੇਸ ਪਹੁੰਚੀ ਹੋਵੇ, ਤਾਂ ਉਸਦੇ ਲਈ ਮੈਂ ਮੁਆਫ਼ੀ ਮੰਗਦਾ ਹਾਂ। ਇਸ ਮਸਲੇ ਨੂੰ ਧਰਮ ਦਾ ਮਾਮਲਾ ਨਾ ਬਣਾਇਆ ਜਾਵੇ। ਅਸੀਂ ਸੱਚੀ ਸ਼ਰਧਾ ਦੇ ਨਾਲ ਗਏ ਸੀ। ਲੋਕਾਂ ਨੂੰ ਮੇਰੀ ਬੇਟੀ ਦੇ ਮੂੰਹ ਉੱਤੇ ਲੱਗਾ ਤਿਰੰਗਾ ਦਿਸ ਗਿਆ, ਉਸਦੇ ਛੋਟੇ ਕੱਪੜੇ ਦਿਸ ਗਏ ਪਰ ਉਸਨੇ ਸਿਰ ਉੱਤੇ ਜੋ ਨਿਸ਼ਾਨ ਸਾਹਿਬ ਵਾਲਾ ਰੁਮਾਲਾ ਬੰਨਿਆ ਹੋਇਆ ਸੀ, ਉਹ ਕਿਸੇ ਨੂੰ ਨਹੀਂ ਦਿਸਿਆ, ਇਸ ਗੱਲ ਦਾ ਮੈਨੂੰ ਬਹੁਤ ਦੁੱਖ ਹੋਇਆ। ”