ਸ਼ਾਹਡੋਲ : ਮੱਧ ਪ੍ਰਦੇਸ਼ ਵਿੱਚ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ ਹੈ। ਤਿੰਨ ਮਾਲ ਗੱਡੀਆਂ ਦੇ ਆਪਸ ‘ਚ ਟਕਰਾ ਜਾਣ ਤੋਂ ਬਾਅਦ ਰੇਲਵੇ ਵਿਭਾਗ ‘ਚ ਹੜਕੰਪ ਮਚ ਗਿਆ। ਇਸ ਦਿਲ ਦਹਿਲਾ ਦੇਣ ਵਾਲੇ ਹਾਦਸੇ ‘ਚ 1 ਲੋਕੋ ਪਾਇਲਟ ਦੀ ਮੌਤ ਹੋ ਗਈ, ਜਦਕਿ 2 ਹੋਰ ਰੇਲਵੇ ਕਰਮਚਾਰੀ ਜ਼ਖਮੀ ਦੱਸੇ ਜਾ ਰਹੇ ਹਨ।
ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਪਹਿਲਾਂ ਤਾਂ ਮੌਕੇ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਅਚਾਨਕ ਕਿਵੇਂ ਹੋ ਗਿਆ। ਇਸ ਸਭ ਦੇ ਵਿਚਕਾਰ ਵੱਡਾ ਸਵਾਲ ਇਹ ਹੈ ਕਿ ਜਦੋਂ ਇਕ ਮਾਲ ਗੱਡੀ ਪਹਿਲਾਂ ਹੀ ਇਕ ਟ੍ਰੈਕ ‘ਤੇ ਖੜ੍ਹੀ ਸੀ ਤਾਂ ਦੂਜੀ ਰੇਲਗੱਡੀ ਨੂੰ ਉਸੇ ਲਾਈਨ ‘ਤੇ ਆਉਣ ਦਾ ਸਿਗਨਲ ਕਿਵੇਂ ਦਿੱਤਾ ਗਿਆ?
ਇੰਝ ਵਾਪਰੀ ਘਟਨਾ
ਜਾਣਕਾਰੀ ਮੁਤਾਬਕ ਤਿੰਨ ਮਾਲ ਗੱਡੀਆਂ ਦੇ ਇਕੱਠੇ ਟਕਰਾਉਣ ਦੀ ਇਹ ਘਟਨਾ ਸਵੇਰੇ 6:25 ਵਜੇ ਵਾਪਰੀ। ਸ਼ਾਹਡੋਲ ਦੇ ਨਾਲ ਲੱਗਦੇ ਸਿੰਘਪੁਰ ਰੇਲਵੇ ਸਟੇਸ਼ਨ ‘ਤੇ ਪਹਿਲਾਂ ਹੀ ਇਕ ਮਾਲ ਗੱਡੀ ਖੜ੍ਹੀ ਸੀ। ਸਵੇਰੇ ਇਕ ਹੋਰ ਮਾਲ ਗੱਡੀ ਆ ਕੇ ਉਸ ਨਾਲ ਟਕਰਾ ਗਈ। ਹਾਦਸੇ ਸਮੇਂ ਇਕ ਹੋਰ ਮਾਲ ਗੱਡੀ ਸਿੰਘਪੁਰ ਸਟੇਸ਼ਨ ਤੋਂ ਲੰਘ ਰਹੀ ਸੀ, ਜਿਸ ਦੀ ਟੱਕਰ ਹੋ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਟਰੇਨ ਦੇ ਇੰਜਣ ਨੂੰ ਅੱਗ ਲੱਗ ਗਈ। ਮਾਲ ਗੱਡੀ ਦੇ ਡੱਬੇ ਇੱਕ ਦੂਜੇ ‘ਤੇ ਚੜ੍ਹ ਗਏ। ਘਟਨਾ ਸਥਾਨ ਦਾ ਨਜ਼ਾਰਾ ਬਹੁਤ ਹੀ ਡਰਾਉਣਾ ਸੀ। ਕਈ ਬੋਗੀਆਂ ਪਟੜੀ ਤੋਂ ਉਤਰ ਗਈਆਂ ਸਨ ਅਤੇ ਉੱਥੇ ਵੀ ਅੱਗ ਲੱਗ ਗਈ। ਹਾਦਸੇ ਕਾਰਨ ਇਸ ਸੈਕਸ਼ਨ ‘ਤੇ ਰੇਲ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਭਿਆਨਕ ਰੇਲ ਹਾਦਸੇ ‘ਚ ਇਕ ਲੋਕੋ ਪਾਇਲਟ ਦੀ ਮੌਤ ਹੋ ਗਈ, ਜਦਕਿ ਦੋ ਹੋਰ ਰੇਲਵੇ ਕਰਮਚਾਰੀ ਜ਼ਖਮੀ ਹੋ ਗਏ। ਫਿਲਹਾਲ ਇਹ ਨਹੀਂ ਪਤਾ ਕਿ ਜਦੋਂ ਮਾਲ ਗੱਡੀ ਪਹਿਲਾਂ ਹੀ ਇਕ ਲਾਈਨ ‘ਤੇ ਖੜ੍ਹੀ ਸੀ ਤਾਂ ਦੂਜੀ ਟਰੇਨ ਨੂੰ ਉਸੇ ਟ੍ਰੈਕ ‘ਤੇ ਆਉਣ ਦੀ ਇਜਾਜ਼ਤ ਕਿਵੇਂ ਮਿਲੀ? ਇਸ ਸਵਾਲ ਦਾ ਜਵਾਬ ਜਾਂਚ ਤੋਂ ਬਾਅਦ ਹੀ ਮਿਲ ਸਕਦਾ ਹੈ।
ਸਿੰਘਪੁਰ ਰੇਲਵੇ ਸਟੇਸ਼ਨ ਬਿਲਾਸਪੁਰ-ਕਟਨੀ ਰੇਲਵੇ ਲਾਈਨ ‘ਤੇ ਪੈਂਦਾ ਹੈ। ਇਕ ਤੋਂ ਬਾਅਦ ਇਕ 3 ਮਾਲ ਗੱਡੀਆਂ ਦੇ ਹਾਦਸਾਗ੍ਰਸਤ ਹੋਣ ਕਾਰਨ ਇਸ ਸੈਕਸ਼ਨ ‘ਤੇ ਟਰੇਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਖੁਸ਼ਕਿਸਮਤੀ ਨਾਲ ਜਦੋਂ ਇਹ ਭਿਆਨਕ ਰੇਲ ਹਾਦਸਾ ਵਾਪਰਿਆ, ਉਸ ਸਮੇਂ ਸਿੰਘਪੁਰ ਰੇਲਵੇ ਸਟੇਸ਼ਨ ‘ਤੇ ਕੋਈ ਯਾਤਰੀ ਰੇਲ ਗੱਡੀ ਨਹੀਂ ਸੀ ਅਤੇ ਨਾ ਹੀ ਉਸ ਸਮੇਂ ਉਥੋਂ ਕੋਈ ਯਾਤਰੀ ਰੇਲਗੱਡੀ ਵੀ ਨਹੀਂ ਲੰਘ ਰਹੀ ਸੀ, ਨਹੀਂ ਤਾਂ ਵੱਡੀ ਗਿਣਤੀ ਵਿਚ ਲੋਕ ਮਾਰੇ ਜਾ ਸਕਦੇ ਸਨ।