Punjab

ਲੁਧਿਆਣਾ ਸਰਕਾਰੀ ਹਸਪਤਾਲ ਚੋਂ ਨਵ ਜੰਮਿਆ ਬੱਚਾ ਚੋਰੀ , ਮਰੀਜ਼ ਦੇਖਣ ਦੇ ਬਹਾਨੇ ਵਾਰਡ ‘ਚ ਦਾਖਲ ਹੋਈ ਸੀ ਔਰਤ

New born baby stolen from Ludhiana government hospital commotion in the hospital by parents

ਲੁਧਿਆਣਾ : ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਸਿਵਲ ਹਸਪਤਾਲ ‘ਚੋਂ ਇੱਕ ਔਰਤ ਤਿੰਨ ਦਿਨਾਂ ਨਵਜੰਮੇ ਬੱਚਾ ਚੋਰੀ ਕਰਕੇ ਫਰਾਰ ਹੋ ਗਈ। ਇਸ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਹਫੜਾ-ਦਫੜੀ ਮੱਚ ਗਈ।

ਜਾਣਕਾਰੀ ਅਨੁਸਾਰ ਜ਼ਿਲਾ ਲੁਧਿਆਣਾ ਦੇ ਸਿਵਲ ਹਸਪਤਾਲ ‘ਚੋਂ ਸੋਮਵਾਰ ਤੜਕੇ 3:15 ਵਜੇ ਤਿੰਨ ਦਿਨ ਦਾ ਬੱਚਾ ਚੋਰੀ ਹੋ ਗਿਆ। ਹਸਪਤਾਲ ਵਿੱਚ ਲੱਗੇ ਕੈਮਰਿਆਂ ਅਨੁਸਾਰ 12:04 ਵਜੇ ਇੱਕ ਆਦਮੀ ਅਤੇ ਇੱਕ ਔਰਤ ਓਟੀ ਕੰਪਲੈਕਸ ਵਿੱਚ ਆਰਾਮ ਕਰਨ ਲਈ ਰੁਕੇ।

ਇਸ ਤੋਂ ਬਾਅਦ ਕਰੀਬ 3:15 ਵਜੇ ਔਰਤ ਇਹ ਕਹਿ ਕੇ ਵਾਰਡ ‘ਚ ਦਾਖਲ ਹੋਈ ਕਿ ਉਹ ਇਕ ਮਰੀਜ਼ ਨੂੰ ਮਿਲਣ ਜਾ ਰਹੀ ਹੈ, ਜਿਸ ਦਾ ਆਪਰੇਸ਼ਨ ਹੋਇਆ ਹੈ। ਜਦੋਂ ਸਟਾਫ ਨੇ ਉਸ ਨੂੰ ਮਰੀਜ਼ ਦਾ ਨਾਂ ਪੁੱਛਿਆ ਤਾਂ ਉਸ ਨਾਂ ਦਾ ਕੋਈ ਮਰੀਜ਼ ਨਹੀਂ ਸੀ, ਪਰ ਫਿਰ ਉਹ ਮਹਿਲਾ ਵਾਰਡ ਵਿਚ ਦਾਖਲ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਔਰਤ ਖੇਡਣ ਦੇ ਬਹਾਨੇ ਬੱਚੇ ਨੂੰ ਚੁੱਕ ਕੇ ਲੈ ਗਈ ਅਤੇ ਮੌਕਾ ਦੇਖ ਕੇ ਰਾਤ ਨੂੰ ਉਕਤ ਵਿਅਕਤੀ ਸਮੇਤ ਫਰਾਰ ਹੋ ਗਈ। ਕੁਝ ਸਮੇਂ ਬਾਅਦ ਜਦੋਂ ਮਹਿਲਾ ਸ਼ਬਨਮ ਵਾਸੀ ਕਾਰਾਬਰਾ ਰੋਡ ਬੈੱਡ ਤੋਂ ਉੱਠੀ ਤਾਂ ਉਹ ਹੈਰਾਨ ਰਹਿ ਗਈ। ਔਰਤ ਬੱਚੇ ਨੂੰ ਨੇੜੇ ਨਾ ਦੇਖ ਕੇ ਉੱਚੀ-ਉੱਚੀ ਰੋਣ ਲੱਗੀ।

ਹਸਪਤਾਲ ਦੇ ਸਟਾਫ ‘ਤੇ ਗੰਭੀਰ ਦੋਸ਼

ਸ਼ਬਨਮ ਨੇ ਹਸਪਤਾਲ ਦੇ ਸਟਾਫ ‘ਤੇ ਵੀ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਸਟਾਫ ਨੂੰ ਦੱਸਿਆ ਕਿ ਉਸ ਦਾ ਬੱਚਾ ਚੋਰੀ ਹੋ ਗਿਆ ਹੈ ਤਾਂ ਸਟਾਫ ਨੇ ਉਸ ਦੀ ਗੱਲ ਵੀ ਨਹੀਂ ਸੁਣੀ। ਉਲਟਾ ਸਟਾਫ ਨਰਸਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਬੱਚੇ ਦੀ ਦੇਖਭਾਲ ਕਿਉਂ ਨਹੀਂ ਕੀਤੀ। ਸ਼ਬਨਮ ਨੇ ਸਟਾਫ ‘ਤੇ ਚਾਈਲਡ ਲਿਫਟਰਾਂ ਨਾਲ ਮਿਲੀਭੁਗਤ ਦਾ ਦੋਸ਼ ਲਗਾਇਆ ਹੈ।

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਸੀਸੀਟੀਵੀ ਵੀ ਮੁਹੱਈਆ ਕਰਵਾ ਦਿੱਤੇ ਗਏ ਹਨ ਤਾਂ ਜੋ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾ ਸਕੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ, ਇਸ ਲਈ ਪੀੜਤ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਕਾਬਿਲੇਗੌਰ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤਰ੍ਹਾਂ ਦੀਆਂ ਦੋ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।