ਬਿਊਰੋ ਰਿਪੋਰਟ : ਪੰਜਾਬ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਨੂੰ ਲੈਕੇ ਵੱਡੀ ਖਬਰ ਸਾਹਮਣੇ ਆਈ ਹੈ, ਉਨ੍ਹਾਂ ਦੀ ਰਾਤ ਪੌਣੇ 1 ਵਜੇ ਰੇਕੀ ਕੀਤੀ ਗਈ ਹੈ । ਇੱਕ ਬਾਈਕ ‘ਤੇ ਤਿੰਨ ਸਵਾਰਾਂ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਹੈ । ਜਦੋਂ ਮਨਕੀਰਤ ਆਪਣੀ ਸੁਸਾਇਟੀ ਦੇ ਅੰਦਰ ਪਹੁੰਚੇ ਤਾਂ ਉਨ੍ਹਾਂ ਦੇ ਗੰਨਮੈਨ ਬਾਹਰ ਨਿਕਲੇ ਉਨ੍ਹਾਂ ਨੂੰ ਵੇਖ ਕੇ ਤਿੰਨੋ ਬਾਈਕ ਸਵਾਰ ਨੇ ਯੂ ਟਰਨ ਕਰ ਲਿਆ ਅਤੇ ਫਰਾਰ ਹੋ ਗਏ । ਮਨਕੀਰਤ ਦੇ ਸੁਰੱਖਿਆ ਮੁਲਾਜ਼ਮ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਤੱਕ ਉਹ ਜਾ ਚੁੱਕੇ ਸਨ । ਸੁਰੱਖਿਆ ਗਾਰਡ ਮੁਤਾਬਿਕ ਕਾਫੀ ਦੇਰ ਤੋਂ ਬਾਈਕ ਸਵਾਰ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਉਹ ਕੋਈ ਫੈਨ ਹੋ ਸਕਦੇ ਹਨ ਪਰ ਰਾਤ ਪੌਣੇ 1 ਵਜੇ ਫੈਨ ਹੋਣਾ ਮੁਸ਼ਕਲ ਹੈ । ਮਨਕੀਰਤ ਔਲਖ ਹੋਮਲੈਂਡ ਅਪਾਰਟਮੈਂਟ ਵਿੱਚ ਰਹਿੰਦੇ ਹਨ । ਰਾਤ ਨੂੰ ਜਿਸ ਵੇਲੇ ਉਹ ਆ ਰਹੇ ਸਨ ਤਾਂ ਉਨ੍ਹਾਂ ਦੇ ਨਾਲ 2 ਗੱਡੀਆਂ ਸਨ। ਉਧਰ SSP ਮੁਹਾਲੀ ਵੱਲੋਂ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ।
ਸੀਨੀਅਰ ਅਫਸਰਾਂ ਦੀ ਟੀਮ ਜਾਂਚ ਕਰ ਰਹੀ ਹੈ
ਮਨਕੀਰਤ ਔਲਖ ਦੀ ਟੀਮ ਨੇ ਬਾਈਕ ਸਵਾਰਾਂ ਵੱਲੋਂ ਰੇਕੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ ਜਿਸ ਤੋਂ ਬਾਅਦ SSP ਮੁਹਾਲੀ ਵੱਲੋਂ ਸੀਨੀਅਰ ਅਫਸਰਾਂ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਹਨ । ਪੁਲਿਸ ਨੇ ਹੋਮਲੈਂਡ ਦੇ ਬਾਹਰ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ । ਇਸ ਦੀ ਜਾਂਚ ਕੀਤੀ ਜਾ ਰਹੀ ਹੈ । ਜਿਹੜੀ ਹੁਣ ਤੱਕ ਸੀਸੀਟੀਵੀ ਸਾਹਮਣੇ ਆਈ ਹੈ ਉਸ ਵਿੱਚ ਤਿੰਨ ਨੌਜਵਾਨ ਮੋਟਰ ਸਾਈਕਲ ‘ਤੇ ਸਵਾਰ ਹੋਏ ਨਜ਼ਰ ਆ ਰਹੇ ਹਨ । ਪੁਲਿਸ ਮੋਟਰ ਸਾਈਕਲ ਦਾ ਨੰਬਰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਦੇ ਅਧਾਰ ‘ਤੇ ਰੇਕੀ ਕਰਨ ਵਾਲਿਆਂ ਤੱਕ ਪਹੁੰਚਿਆ ਜਾਵੇ। ਮਨਕੀਰਤ ਔਲਖ ਨੂੰ ਪਹਿਲਾਂ ਹੀ ਕਈ ਵਾਰ ਧਮਕੀ ਮਿਲ ਚੁੱਕੀ ਹੈ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦਿੱਤੀ ਗਈ ਸੀ।
ਮਨਕੀਰਤ ਔਲਖ ਦੀ ਜਾਨ ਨੂੰ ਖਤਾਰ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬੰਬੀਹਾ ਗਰੁੱਪ ਵੱਲੋਂ ਮਨਕੀਰਤ ਔਲਖ ਨੂੰ ਕਈ ਵਾਰ ਧਮਕੀ ਮਿਲ ਚੁੱਕੀ ਹੈ । ਕਾਲਜ ਸਮੇਂ ਦੌਰਾਨ ਲਾਰੈਂਸ ਬਿਸ਼ਨੋਈ ਵਿੱਕੀ ਮਿੱਡੂਖੇੜਾ ਅਤੇ ਮਨਕੀਰਤ ਔਲਖ ਚੰਗੇ ਦੋਸਤ ਸਨ। 2021 ਵਿੱਚ ਵਿੱਕੀ ਮਿੱਡੂਖੇੜਾ ਦਾ ਮੁਹਾਲੀ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ । ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਇਸ ਦਾ ਬਦਲਾ ਲੈਣ ਦਾ ਐਲਾਨ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਲਾਰੈਂਸ ਅਤੇ ਗੋਲਡੀ ਬਰਾੜ ਨੇ ਵਿੱਕੀ ਮਿੱਡੂਖੇੜਾ ਦਾ ਬਦਲਾ ਲੈਣ ਦੇ ਲਈ ਸਿੱਧੂ ਮੂਸੇਵਾਲਾ ਨੂੰ ਨਿਸ਼ਾਨਾ ਬਣਾਇਆ ਸੀ। ਹੁਣ ਜਦੋਂ ਤੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ ਮਨੀਕਰਤ ਔਲਖ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ,ਹਾਲਾਂਕਿ ਉਹ ਕਈ ਵਾਰ ਤੈਅ ਚੁੱਕੇ ਹਨ ਕਿ ਉਸ ਦਾ ਕਾਲਜ ਤੋਂ ਬਾਅਦ ਲਾਰੈਂਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ । ਉਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਮਾਨਸਾ ਪੁਲਿਸ ਨੇ ਵੀ ਵਿੱਕੀ ਮਿੱਡੂਖੇੜਾ ਦੇ ਭਰਾ ਅਤੇ ਮਨਕੀਰਤ ਔਲਖ ਤੋਂ ਪੁੱਛ-ਗਿੱਛ ਕੀਤੀ ਸੀ। ਕੇਂਦਰੀ ਏਜੰਸੀਆਂ ਵੀ ਮਿਊਜ਼ ਸਨਅਤ ਵਿੱਚ ਗੈਂਗਸਟਰਾਂ ਦੀ ਸ਼ਮੂਲੀਅਤਰ ਨੂੰ ਲੈਕੈ ਮਨਕੀਰਤ ਔਲਖ ਤੋਂ ਪੁੱਛ-ਗਿੱਛ ਕਰ ਚੁੱਕੀ ਹੈ । 2 ਮਹੀਨੇ ਪਹਿਲਾਂ ਜਦੋਂ ਮਨਕੀਰਤ ਔਲਖ ਦੁਬਈ ਸ਼ੋਅ ਦੇ ਲਈ ਜਾ ਰਹੇ ਸਨ ਤਾਂ ਏਜੰਸੀ ਨੇ ਉਨ੍ਹਾਂ ਚੰਡੀਗੜ੍ਹ ਏਅਰਪੋਰਟ ‘ਤੇ ਹੀ ਰੋਕ ਲਿਆ ਸੀ ਅਤੇ ਪੁੱਛ-ਗਿੱਛ ਕੀਤੀ ਸੀ।