ਚੰਡੀਗੜ੍ਹ : ਭਾਰਤ ਸਰਕਾਰ ਨੇ ਖਰੀਦ ਲਈ ਨਿਰਧਾਰਿਤ ਗੁਣਵੱਤਾ ਦੇ ਮਾਪਦੰਡਾਂ ਵਿੱਚ ਪੰਜਾਬ ਨੂੰ ਢਿੱਲ ਦੇ ਦਿੱਤੀ ਹੈ। ਪਰ ਅਨਾਜ ਦੀ ਖਰੀਦ ‘ਤੇ ਮੁੱਲ ਵਿੱਚ ਕਟੌਤੀ ਕਰਕੇ ਹੀ ਸੂਬੇ ਤੋਂ ਕਣਕ ਦੀ ਖਰੀਦ ਦੀ ਇਜਾਜ਼ਤ ਦਿੱਤੀ ਹੈ।
ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਸੂਬਾ ਸਰਕਾਰ ਨੂੰ ਕਣਕ ਖਰੀਦ ਕਰਨ ਲਈ ਸੂਚਿਤ ਕਰ ਦਿੱਤਾ ਹੈ। ਜਾਰੀ ਨੋਟੀਫਿਕੇਸ਼ਨ ਵਿੱਚ ਮਾਜੂ/ ਸੁੱਕੇ ਅਤੇ ਟੁੱਟੇ ਅਨਾਜ ਦੀ ਮੌਜੂਦਾ ਸੀਮਾ ਵਿੱਚ 6% ਦੇ ਮੁਕਾਬਲੇ 18% ਤੱਕ ਦੀ ਢਿੱਲ ਦਿੱਤੀ ਹੈ। ਜਦਕਿ ਇਸ ਤੋਂ ਪਹਿਲਾਂ ਸਿਰਫ 6 ਫੀਸਦੀ ਖਰਾਬ ਅਨਾਜ ਹੀ ਖਰੀਦਿਆ ਜਾ ਸਕਦਾ ਸੀ। ਹਾਲਾਂਕਿ ਕਣਕ ਖਰੀਦ ਮੁੱਲ ਵਿੱਚ 5.31 ਤੋਂ 31.87 ਰੁਪਏ ਪ੍ਰਤੀ ਕੁਇੰਟਲ ਤੱਕ ਦੀ ਕਟੌਤੀ ਕੀਤੀ ਗਈ ਹੈ। ਦੂਜੇ ਪਾਸੇ ਪੰਜਾਬ ਸਰਕਾਰ ਪਹਿਲਾਂ ਤੋਂ ਹੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਕਣਕ ਦੀ ਖਰੀਦ ਲਈ ਮਾਪਦੰਡਾਂ ਵਿੱਚ ਕੋਈ ਕਟੌਤੀ ਕੀਤੇ ਬਿਨਾਂ ਢਿੱਲ ਦਿੱਤੀ ਜਾਵੇ।
ਭਾਰਤ ਸਰਕਾਰ ਨੇ ਕਿਹਾ ਹੈ ਕਿ 10 ਪ੍ਰਤੀਸ਼ਤ ਤੱਕ ਨੁਕਸਾਨ ਦੀ ਸਥਿਤੀ ਵਿੱਚ, ਐਮਐਸਪੀ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। 10-80 ਪ੍ਰਤੀਸ਼ਤ ਦੇ ਵਿਚਕਾਰ ਚਮਕ ਦੇ ਨੁਕਸਾਨ ਦੀ ਸਥਿਤੀ ਵਿੱਚ, 5.31 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਵਿੱਚ ਕਟੌਤੀ ਹੋਵੇਗੀ।
ਇਸੇ ਤਰ੍ਹਾਂ ਅਨਾਜ ਦੇ 6 ਫੀਸਦੀ ਤੱਕ ਦੇ ਨੁਕਸਾਨ ਲਈ ਕੋਈ ਮੁੱਲ ਕਟੌਤੀ ਨਹੀਂ ਕੀਤੀ ਗਈ ਹੈ। ਪਰ 6-8 ਪ੍ਰਤੀਸ਼ਤ ਤੱਕ ਦੇ ਸੁਕੜੇ ਅਤੇ ਟੁੱਟੇ ਹੋਏ ਅਨਾਜ ਲਈ, 5.31 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ। 8-10 ਫੀਸਦੀ ਦੇ ਸੁੱਕੇ ਅਤੇ ਟੁੱਟੇ ਅਨਾਜ ਲਈ 10.62 ਰੁਪਏ ਪ੍ਰਤੀ ਕੁਇੰਟਲ ਕੱਟੇ ਜਾਣਗੇ।
15-16 ਫੀਸਦੀ ਦੇ ਸੁੰਗੜੇ ਅਤੇ ਟੁੱਟੇ ਹੋਏ ਅਨਾਜ ਲਈ, 26.66 ਰੁਪਏ ਪ੍ਰਤੀ ਕੁਇੰਟਲ ਦੀ ਵੈਲਿਊ ਕਟੌਤੀ ਕੀਤੀ ਗਈ ਹੈ ਅਤੇ 16-18 ਫੀਸਦੀ ਲਈ 31.87 ਰੁਪਏ ਪ੍ਰਤੀ ਕੁਇੰਟਲ ਦੀ ਵੈਲਿਊ ਕਟੌਤੀ ਕੀਤੀ ਗਈ ਹੈ।
ਦੱਸ ਦੇਈਏ ਕਿ ਇਸ ਬਾਰ ਕਣਕ ਦਾ ਘੱਟੋ-ਘੱਟ ਸਮਰਥਣ ਮੁੱਲ (ਐੱਮ.ਐੱਸ.ਪੀ.) 2,125 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਗਈ ਹੈ। ਇਸ ਰੇਟ ਨੁੰ ਅਧਾਰ ਮੰਨ ਕੇ ਹੀ ਕਣਕ ਦੀ ਕੁਆਲਿਟੀ ਦੇ ਹਿਸਾਬ ਨਾਲ ਮੁੱਲ ਵਿੱਕ ਕਟੌਤੀ ਹੋਵੇਗੀ।
ਪੂਰੇ ਨਿਯਮ ਪੜ੍ਹਣ ਲਈ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਜਾਰੀ ਹੇਠ ਲਿਖਿਆ ਪੱਤਰ ਪੜ੍ਹ ਸਕਦੇ ਹੋ।
ਖਰੀਦੀ ਗਈ ਕਣਕ ਦੇ ਨੁਕਸਾਨ ਲਈ ਸੂਬਾ ਸਰਕਾਰ ਹੋਵੇਗੀ ਜਿੰਮੇਵਾਰ
ਸੂਬੇ ਨੂੰ ਇਨ੍ਹਾਂ ਅਨਾਜਾਂ ਨੂੰ ਵੱਖਰੇ ਤੌਰ ‘ਤੇ ਸਟੋਰ ਕਰਨ ਲਈ ਕਿਹਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਸਟੋਰੇਜ ਦੌਰਾਨ ਖਰੀਦੇ ਗਏ ਇਨ੍ਹਾਂ ਅਨਾਜਾਂ ਦੀ ਗੁਣਵੱਤਾ ਵਿੱਚ ਕਿਸੇ ਵੀ ਤਰ੍ਹਾਂ ਦੀ ਖਰਾਬੀ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਇਸ ਤਰ੍ਹਾਂ ਖਰੀਦੀ ਗਈ ਕਣਕ ਨੂੰ ਵੱਖਰੇ ਤੌਰ ‘ਤੇ ਸਟੋਰ ਕੀਤਾ ਜਾਵੇਗਾ ਅਤੇ ਇਸ ਦਾ ਲੇਖਾ-ਜੋਖਾ ਕੀਤਾ ਜਾਵੇਗਾ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਟੋਰੇਜ ਦੌਰਾਨ ਢਿੱਲੇ ਮਾਪਦੰਡਾਂ ਤਹਿਤ ਖਰੀਦੀ ਗਈ ਕਣਕ ਦੇ ਸਟਾਕ ਦੀ ਗੁਣਵੱਤਾ ਵਿੱਚ ਕਿਸੇ ਵੀ ਤਰ੍ਹਾਂ ਦੀ ਗਿਰਾਵਟ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਢਿੱਲ ਕਾਰਨ ਕੋਈ ਵੀ ਵਿੱਤੀ ਜਾਂ ਸੰਚਾਲਨ ਪ੍ਰਭਾਵ ਰਾਜ ਦੀ ਜ਼ਿੰਮੇਵਾਰੀ ਹੋਵੇਗੀ।
ਕੇਂਦਰੀ ਟੀਮਾਂ ਦਾ ਮੰਡੀਆਂ ਦਾ ਦੌਰਾ
ਦੱਸ ਦੇਈਏ ਕਿ ਸੂਬੇ ਵਿੱਚ ਤੇਜ਼ ਰਫ਼ਤਾਰ ਹਵਾਵਾਂ ਅਤੇ ਗੜੇਮਾਰੀ ਦੇ ਨਾਲ ਹਾਲ ਬੇਮੌਸਮੀ ਮੀਂਹ ਕਾਰਨ ਕਣਕ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਸੀ। ਕੇਂਦਰੀ ਟੀਮਾਂ ਨੇ ਪੰਜਾਬ ਦੀਆਂ ਮੰਡੀਆਂ ਦਾ ਦੌਰਾ ਕਰਕੇ ਅਨਾਜ ਦੀ ਗੁਣਵੱਤਾ ਦਾ ਮੁਲਾਂਕਣ ਕੀਤਾ ਅਤੇ ਐਤਵਾਰ ਨੂੰ ਕੇਂਦਰੀ ਮੰਤਰਾਲੇ ਨੂੰ ਰਿਪੋਰਟ ਸੌਂਪੀ। ਕੇਂਦਰ ਵੱਲੋਂ ਕੁਆਲਿਟੀ ਮਾਪਦੰਡਾਂ ਵਿੱਚ ਢਿੱਲ ਦੇਣ ਦਾ ਫੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਸੂਬੇ ਵਿੱਚ ਫ਼ਸਲ ਵਾਢੀ ਲਈ ਤਿਆਰ ਹੈ।
ਕੇਂਦਰ ਨੇ ਮੁਆਵਜ਼ਾ ਦੇਣ ਦੀ ਥਾਂ ਉਲਟਾ ਕਣਕ ਦੀ ਕੀਮਤ ਹੀ ਘਟਾ ਦਿੱਤੀ, ਕਿਸਾਨਾਂ ‘ਚ ਭਾਰੀ ਰੋਸ: BKU ਏਕਤਾ ਡਕੌਂਦਾ
ਕਣਕ ਦੀ ਆਮਦ ਅਤੇ ਖਰੀਦ ਸੁਸਤ
ਸੂਬੇ ਵਿੱਚ ਕਣਕ ਦੀ ਆਮਦ ਅਤੇ ਖਰੀਦ ਸੁਸਤ ਰਫ਼ਤਾਰ ਨਾਲ ਸ਼ੁਰੂ ਹੋ ਗਈ ਹੈ। ਸੋਮਵਾਰ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ ਕੁੱਲ 82,000 ਟਨ ਕਣਕ ਦੀ ਆਮਦ ਹੋਈ ਜਦਕਿ ਪਿਛਲੇ ਸਾਲ ਇਸ ਸਮੇਂ ਦੌਰਾਨ 5.75 ਲੱਖ ਟਨ ਕਣਕ ਦੀ ਆਮਦ ਹੋਈ ਸੀ।
ਦੂਜੇ ਪਾਸੇ ਸੂਬਾ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਫਸਲਾਂ ਦੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਗਿਰਦਾਵਰੀ ਕਰਨ ਦੀ ਪ੍ਰਕਿਰਿਆ ਵਿੱਚ ਹੈ। ਇਸਦੇ ਨਾਲ ਹੀ 13 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਖੁਦ ਅਬੋਹਰ ਵਿਖੇ ਇੱਕ ਸਮਾਗਮ ਦੌਰਾਨ ਪੀੜਤ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੀ ਵੰਡਣਗੇ। ਇਸ ਤਰ੍ਹਾਂ ਹਰ ਜਿਲ੍ਹੇ ਵਿੱਚ ਖਰਾਬੇ ਦੇ ਨੁਕਸਾਨ ਲਈ ਕਿਸਾਨਾਂ ਨੂੰ ਚੈੱਕ ਵੰਡੇ ਜਾਣਗੇ।