ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੀਡੀਆ ਸਲਾਹਕਾਰ ਪਪਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਤੜਕੇ ਅਸਾਮ ਦੀ ਡਿਬੜੂਗੜ੍ਹ ਜੇਲ੍ਹ ਲਿਜਾਇਆ ਗਿਆ ਹੈ, ਉਨ੍ਹਾਂ ਖਿਲਾਫ ਵੀ ਪੁਲਿਸ ਨੇ NSA ਲਗਾਇਆ ਹੈ,ਇਸ ਲਈ ਉਨ੍ਹਾਂ ਨੂੰ ਵੀ ਪੰਜਾਬ ਤੋਂ ਬਾਹਰ ਲਿਜਾਇਆ ਗਿਆ ਹੈ। ਅੰਮ੍ਰਿਤਸਰ ਏਅਰ ਪੋਰਟ ਤੋਂ ਰਵਾਨਾ ਹੋਣ ਤੋਂ ਪਹਿਲਾਂ ਪਪਲਪ੍ਰੀਤ ਨੇ ਦੱਸਿਆ ਕਿ ‘ਮੈਂ ਚੜ੍ਹਦੀ ਕਲਾ ਵਿੱਚ ਹਾਂ, ਜੋ ਕੁਝ ਆਇਆ ਠੀਕ ਹੈ ਪੁਲਿਸ ਦੇ ਹਿਸਾਬ ਨਾਲ ਮੇਰੀ ਕੱਲ ਹੀ ਗ੍ਰਿਫਤਾਰੀ ਹੋਈ ਹੈ…ਕੱਥੂਨੰਗਲ ਤੋਂ ਹੋਈ ਹੈ’ । 28 ਮਾਰਚ ਨੂੰ ਹੁਸ਼ਿਆਰਪੁਰ ਪਹੁੰਚਣ ਤੋਂ ਬਾਅਦ ਹੀ ਪਪਲਪ੍ਰੀਤ ਸਿੰਘ,ਅੰਮ੍ਰਿਤਪਾਲ ਸਿੰਘ ਅਤੇ ਡਰਾਈਵਰ ਜੋਗਾ ਸਿੰਘ ਵੱਖ ਹੋ ਗਏ ਸਨ । ਜਦੋਂ ਪਪਲਪ੍ਰੀਤ ਨੂੰ ਪੁੱਛਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਸਰੰਡਰ ਕਰਨਗੇ ਜਾਂ ਨਹੀਂ ਤਾਂ ਉਨ੍ਹਾਂ ਕਿਹਾ ਮੈਨੂੰ ਨਹੀਂ ਪਤਾ ਹੈ ਇਹ ਉਨ੍ਹਾਂ ਨੂੰ ਹੀ ਪਤਾ ਹੈ । IG ਸੁਖਚੈਨ ਸਿੰਘ ਗਿੱਲ ਨੇ ਜਦੋਂ ਪਪਲਪ੍ਰੀਤ ਦੀ ਗ੍ਰਿਫਤਾਰੀ ਬਾਰੇ ਖੁਲਾਸਾ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਖਿਲਾਫ 6 ਹੋਰ ਕੇਸਾਂ ਵਿੱਚ ਵੀ FIR ਦਰਜ ਹੈ । ਉਧਰ ਅਕਾਲੀ ਦਲ ਦਾ ਦਾਅਵਾ ਹੈ ਕਿ ਪਪਲਪ੍ਰੀਤ ਨੇ ਆਪ ਸਰੰਡਰ ਕੀਤਾ ਹੈ,ਪਪਲਪ੍ਰੀਤ ਦੀ ਮਾਤਾ ਅਤੇ ਪਤਨੀ ਦਾ ਬਿਆਨ ਵੀ ਸਾਹਮਣੇ ਆਇਆ ਹੈ ।
#WATCH | Punjab: Police personnel brings Papalpreet Singh, a close aide of 'Waris Punjab De' chief Amritpal Singh, to Amritsar airport. He was yesterday detained from Amritsar's Kathu Nangal area. pic.twitter.com/npauxl8svN
— ANI (@ANI) April 10, 2023
ਅਕਾਲੀ ਦਲ ਦਾ ਦਾਅਵਾ
ਅਕਾਲੀ ਦਲ ਦੇ ਬੁਲਾਰੇ ਅਤੇ ਗ੍ਰਿਫਤਾਰ ਕੀਤੇ ਗਏ ਸਿੱਖ ਕੈਦੀਆਂ ਦੇ ਕੇਸ ਲੜ ਰਹੇ ਅਰਸ਼ਦੀਪ ਸਿੰਘ ਕਲੇਰ ਨੇ ਦਾਅਵਾ ਕੀਤਾ ਹੈ ਕਿ ਪਪਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਉਸ ਨੇ ਆਪ ਸਰੰਡਰ ਕੀਤਾ ਹੈ। ਉਨ੍ਹਾਂ ਨੇ ਕਿਹਾ 80 ਹਜ਼ਾਰ ਪੁਲਿਸ ਮੁਲਾਜ਼ਮ ਇੰਨਾਂ ਦੀ ਤਲਾਸ਼ ਕਰ ਰਿਹਾ ਸੀ ਉਹ ਦਿੱਲੀ ਦਾ ਚੱਕਰ ਲੱਗਾ ਕੇ ਵਾਪਸ ਆ ਗਏ ਅਤੇ ਹੁਣ ਪੁਲਿਸ ਨੇ ਉਨ੍ਹਾਂ ਨੂੰ ਫੜਿਆ,ਇਹ ਡੀਜੀਪੀ ਲਈ ਵੱਡੀ ਨਾਮੋਸ਼ੀ ਹੈ ਅਤੇ ਇਹ ਹੀ IG ਸੁਖਚੈਨ ਸਿੰਘ ਦੀ ਸਵਾ 3 ਮਿੰਟ ਦੀ ਪ੍ਰੈਸ ਕਾਂਨਫਰੰਸ ਵਿੱਚ ਝਲਕੀ । ਉਨ੍ਹਾਂ ਕਿਹਾ ਕਿ ਪੁਲਿਸ ਲਗਾਤਾਰ ਇਹ ਦਾਅਵਾ ਕਰ ਰਹੀ ਸੀ ਕਿ ਉਹ ਤਕਨੀਕ ਦੀ ਵਰਤੋਂ ਨਹੀਂ ਕਰ ਰਹੇ ਜਦਕਿ 23 ਦਿਨਾਂ ਦੇ ਅੰਦਰ 2 ਵੀਡੀਓ ਸਾਹਮਣੇ ਆਏ ਸਨ । ਉਧਰ ਪਪਲਪ੍ਰੀਤ ਸਿੰਘ ਮਾਂ ਅਤੇ ਪਤਨੀ ਦਾ ਬਿਆਨ ਵੀ ਸਾਹਮਣੇ ਆਇਆ ਹੈ ।
ਮਾਂ ਅਤੇ ਪਤਨੀ ਦਾ ਬਿਆਨ
ਮਾਤਾ ਮਨਧੀਰ ਕੌਰ ਨੇ ਕਿਹਾ ਅੰਮ੍ਰਿਤਪਾਲ ਕੁਝ ਗਲਤ ਨਹੀਂ ਕਰ ਰਿਹਾ ਸੀ ਉਹ ਅੰਮ੍ਰਿਤਪਾਨ ਕਰਵਾ ਰਿਹਾ ਸੀ ਸਿੱਧੇ ਰਾਹ ਪਾ ਰਿਹਾ ਸੀ । ਉਨ੍ਹਾਂ ਨੇ ਪੁਲਿਸ ਅਤੇ ਸਰਕਾਰ ਨੂੰ ਕਿਹਾ ਕਿ ਸਾਡੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਹੈ, ਉਸ ‘ਤੇ ਕਿਸੇ ਤਰ੍ਹਾਂ ਦੀ ਤਸ਼ੱਦਦ ਨਹੀਂ ਹੋਣੀ ਚਾਹੀਦੀ ਹੈ ਇਸ ਦੇ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਮਾਂ ਨੇ ਕਿਹਾ ਪਪਲਪ੍ਰੀਤ ਸਿੰਘ ਪਿੰਡ ਦੀ ਪੰਚਾਇਤ ਦਾ ਮੈਂਬਰ ਸੀ ਅਤੇ ਵਾਰਿਸ ਪੰਜਾਬ ਦਾ ਮੀਡੀਆ ਸਲਾਹਕਾਰ ਸੀ ਉਹ ਸਲਾਹ ਦਿੰਦਾ ਸੀ ਕਿਸ ਨੂੰ ਇੰਟਰਵਿਊ ਦੇਣਾ ਹੈ । ਮਾਂ ਨੇ ਕਿਹਾ ਪਪਲਪ੍ਰੀਤ ਗਰੀਬ ਬੱਚਿਆਂ ਨੂੰ ਪੜਾਉਂਦਾ ਸੀ । ਉਨ੍ਹਾਂ ਕਿਹਾ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਫੰਡਿੰਗ ਨਹੀਂ ਹੋ ਰਹੀ ਸੀ,ਸਿਰਫ ਬਦਨਾਮ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਵਿਦੇਸ਼ ਵਿੱਚ ਬੈਠੇ ਸਿੱਖਾਂ ਨੂੰ ਖਾਸ ਅਪੀਲ ਕਰਦੇ ਹੋਏ ਕਿਹਾ ਮੇਰੇ ਪੁੱਤਰ ਦੇ ਨਾਂ ‘ਤੇ ਕਿਸੇ ਤਰ੍ਹਾਂ ਦੀ ਫੰਡਿੰਗ ਨਾ ਕੀਤੀ ਜਾਵੇ ਸਿਰਫ਼ ਅਰਦਾਸ ਕਰੋ । ਪਪਲਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਅਜਨਾਲਾ ਹਿੰਸਾ ਵਿੱਚ ਮੇਰੇ ਪਤੀ ਦਾ ਕੋਈ ਹੱਥ ਨਹੀਂ ਹੈ, ਉਹ ਮੌਕੇ ‘ਤੇ ਮੌਜੂਦ ਹੀ ਨਹੀਂ ਸੀ, ਸ਼ਾਮ ਵੇਲੇ ਰਹਿਰਾਸ ਸਮੇਂ ਅੰਮ੍ਰਿਤਪਾਲ ਸਿੰਘ ਦੇ ਚਾਚਾ ਨੇ ਉਨ੍ਹਾਂ ਨੂੰ ਬੁਲਾਇਆ ਸੀ । ਪਤਨੀ ਨੇ ਪੁਲਿਸ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਸਾਬਿਤ ਕਰਕੇ ਵਿਖਾਉਣ ਕਿ ਪਪਲਪ੍ਰੀਤ ਅਜਨਾਲਾ ਹਿੰਸਾ ਦੌਰਾਨ ਉੱਥੇ ਸੀ । ਰਾਜਵਿੰਦਰ ਕੌਰ ਨੇ ਕਿਹਾ ਪਪਲਪ੍ਰੀਤ ਸਿੰਘ ਦਾ ਅਕਸ ਸਾਫ ਸੁਥਰਾ ਹੈ ਉਸ ਨੂੰ ਖਰਾਬ ਕੀਤਾ ਜਾ ਰਿਹਾ ਹੈ,ਉਨ੍ਹਾਂ ਨੇ ਕਦੇ ਵੀ ਕੋਈ ਹਥਿਆਰ ਦੀ ਗੱਲ ਨਹੀਂ ਕੀਤੀ । ਪਤਨੀ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਜੋ ਸਹੀ ਹੈ ਉਹ ਕੀਤਾ ਜਾਵੇ ਪਰ ਨਾਜਾਇਜ਼ ਕੁਝ ਨਾ ਕੀਤਾ ਜਾਵੇ, NSA ਨਾ ਲਗਾਇਆ ਜਾਵੇ ਜਦੋਂ ਕੋਈ ਗੁਰੂ ਘਰ ਵਿੱਚ ਜਾਂਦਾ ਹੈ ਤਾਂ ਕੇਸ ਨਹੀਂ ਪਾਏ ਜਾਂਦੇ ਹਨ ।
SGPC ਦੇ ਪੈਨਲ ਨੇ ਡਿਬੜੂਗੜ੍ਹ ਜੇਲ੍ਹ ਵਿੱਚ ਮੁਲਾਕਾਤ ਕੀਤੀ
ਡਿਬੜੂਗੜ੍ਹ ਜੇਲ੍ਹ ਵਿੱਚ ਜਿੰਨਾਂ 8 ਖਿਲਾਫ਼ NSA ਲਗਾਇਆ ਗਿਆ ਹੈ ਉਨ੍ਹਾਂ ਦੇ ਨਾਲ SGPC ਦੇ ਵਕੀਲਾਂ ਦੇ ਪੈਨਲ ਨੇ ਮੁਲਾਕਾਤ ਕੀਤੀ,ਉਨ੍ਹਾਂ ਦੱਸਿਆ ਕਿ ਸਾਰੇ ਚੜਦੀ ਕਲਾ ਵਿੱਚ ਹਨ ਅਤੇ ਉਨ੍ਹਾਂ ਨੇ ਪਹਿਲੀ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਅੱਗੇ ਦੀ ਕਾਰਵਾਈ ਕਰਨਗੇ। ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਅਗਵਾਈ ਵਿੱਚ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਅਤੇ ਐਡਵੋਕੇਟ ਰੋਹਿਤ ਸ਼ਰਮਾ 8 ਲੋਕਾਂ ਦਾ ਕੇਸ ਲੜ ਰਹੇ ਹਨ । ਹੁਣ ਪਪਲਪ੍ਰੀਤ ਸਿੰਘ ਵੀ ਡਿਬੜੂਗੜ੍ਹ ਜੇਲ੍ਹ ਪਹੁੰਚ ਗਿਆ ਹੈ ਉਨ੍ਹਾਂ ਖਿਲਾਫ ਵੀ ਪੁਲਿਸ ਨੇ NSA ਦੇ ਤਹਿਤ ਕਾਰਵਾਈ ਕੀਤੀ ਹੈ, ਉਨ੍ਹਾਂ ਕੇਸ ਵੀ SGPC ਦਾ ਪੈਨਲ ਹੀ ਲੜੇਗਾ । ਹੁਣ ਤੱਕ NSA ਅਧੀਨ 9 ਨੂੰ ਡਿਟੇਨ ਕੀਤਾ ਗਿਆ ਹੈ,ਹਾਲਾਂਕਿ IG ਸੁਖਚੈਨ ਸਿੰਘ ਗਿੱਲ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਵੀ NSA ਹੀ ਲਗਾਇਆ ਗਿਆ ਹੈ।