ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਲਸਾਈ ਰਾਜ ਵੇਲੇ ਦੇ ਝੰਡੇ ਦੀ ਖਾਲਿਸਤਾਨੀ ਝੰਡੇ ਦੇ ਤੌਰ ‘ਤੇ ਵਿਆਖਿਆ ਕਰਨ ਵਾਲੇ ਪੁਲਿਸ ਅਫ਼ਸਰਾਂ ਤੇ ਮੀਡੀਆ ਚੈਨਲਾਂ ਨੂੰ ਲੀਗਲ ਨੋਟਿਸ ਜਾਰੀ ਕਰ ਦਿੱਤੇ ਹਨ। ਇਹ ਜਾਣਕਾਰੀ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੰਤ੍ਰਿੰਗ ਕਮੇਟੀ ਇਕੱਤਰਤਾ ਉਪਰੰਤ ਹੋਈ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦਿੱਤੀ ਹੈ।ਉਹਨਾਂ ਇਹ ਵੀ ਕਿਹਾ ਹੈ ਕਿ ਜਲਦੀ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚਲਾਈ ਗਈ ਮੁਹਿੰਮ ਨਾਲ ਸੰਬੰਧਿਤ ਪ੍ਰੌਫੋਰਮੇ ਰਾਜਪਾਲ ਨੂੰ ਸੌਂਪੇ ਜਾਣਗੇ ਪਰ ਇਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਵੱਡਾ ਇਕੱਠ ਸੱਦਿਆ ਜਾਵੇਗਾ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਵੀ ਸ਼ਿਰਕਤ ਕਰਨਗੇ।
ਧਾਮੀ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਉਦਾਹਰਣ ਦਿੰਦੇ ਹੋਏ ਕਿਹਾ ਹੈ ਕਿ ਇਹਨਾਂ ਵੇਲੇ ਖਾਲਸਾਈ ਰਾਜ ਦਾ ਝੰਡਾ ਝੂਲਦਾ ਸੀ ਪਰ ਪੁਲਿਸ ਨੇ ਇਸ ਦੀ ਗਲਤ ਵਿਆਖਿਆ ਕੀਤੀ ਤੇ ਮੀਡੀਆ ਨੇ ਇਸ ਬਾਰੇ ਗਲਤ ਪ੍ਰਚਾਰ ਕੀਤਾ ਹੈ,ਸੋ ਹੁਣ ਇਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।ਇਸ ਤਰਾਂ ਕਮੇਟੀ ਨੇ ਜਥੇਦਾਰ ਸਾਹਿਬ ਦੇ ਹੁਕਮ ਤੇ ਵੀ ਫੁੱਲ ਚੜਾਏ ਹਨ।
ਕਮੇਟੀ ਤੇ ਸਿਆਸਤ ਕਰਨ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਹੈ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਚੋਂ ਗ੍ਰਿਫਤਾਰ ਕਰ ਕੇ ਅਸਾਮ ਲਿਜਾਏ ਗਏ ਨੌਜਵਾਨਾਂ ਦੀ ਕਾਨੂੰਨੀ ਮਦਦ ਲਈ ਵਕੀਲਾਂ ਦਾ ਪੈਨਲ ਬਣਾਇਆ ਗਿਆ ਹੈ । ਜਿਹਨਾਂ ਵਿੱਚ ਪੂਰਨ ਸਿੰਘ ਹੁੰਦਲ,ਭਗਵਾਨ ਸਿੰਘ ਸਿਆਲਕਾ,ਬਲਤੇਜ ਸਿੰਘ ਢਿੱਲੋਂ,ਅਰਸ਼ਦੀਪ ਸਿੰਘ ਕਲੇਰ,ਜਗੀਰ ਸਿੰਘ ਤੇ ਪਰਮਜੀਤ ਸਿੰਘ ਥਿਆੜਾ ਸ਼ਾਮਲ ਹਨ। ਇਸ ਤੋਂ ਇਲਾਵਾ ਤਿੰਨ ਮੈਂਬਰੀ ਵਫਦ ਨੂੰ ਨੌਜਵਾਨਾਂ ਦੀ ਪੈਰਵਾਈ ਕਰਨ ਦੇ ਲਈ ਅਸਾਮ ਭੇਜਿਆ ਗਿਆ ਹੈ।
ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਡੇਰਾ ਸਾਧ ਦੀ ਪੈਰੋਲ ਵੇਲੇ ਵੀ ਸਰਕਾਰ ਨੂੰ ਲੀਗਲ ਨੋਟਿਸ ਜਾਰੀ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਅੰਮ੍ਰਿਤਧਾਰੀ ਵਿਦਿਆਰਥੀਆਂ ਦੇ ਵਜੀਫੇ ਨੂੰ ਵੀ ਵਧਾਇਆ ਗਿਆ ਹੈ। ਜਿਸ ਅਧੀਨ ਹੁਣ 6ਵੀਂ ਤੋਂ 10ਵੀਂ ਤੱਕ ਦੇ ਬੱਚਿਆਂ ਨੂੰ 3500,11-12ਵੀਂ ਦੇ ਬੱਚਿਆਂ ਨੂੰ 5000,ਗਰਰੈਜੁਏਟ ਤੇ ਪੋਸਟ ਗਰੈਜੁਏਟ ਬੱਚਿਆਂ ਨੂੰ 8000 ਤੇ 10000 ਰੁਪਏ ਵਜੀਫਾ ਮਿਲਿਆ ਕਰੇਗਾ। ਇਸ ਤੋਂ ਇਲਾਵਾ IAS/IPS ਟੈਸਟਾਂ ਦਿ ਤਿਆਰੀ ਲਈ 11 ਬੱਚਿਆਂ ਨੂੰ ਮੁਫਤ ਟਰੇਨਿੰਗ ਲਈ ਚੁਣਿਆ ਗਿਆ ਹੈ। ਆਉਂਦੇ ਮਹੀਨਿਆਂ ਵਿੱਚ ਹੋਰ ਬੱਚਿਆਂ ਦੀ ਵੀ ਚੋਣ ਕੀਤੀ ਜਾਵੇਗੀ।