ਚੰਡੀਗੜ੍ਹ : ਮੁਹਾਲੀ-ਚੰਡੀਗੜ੍ਹ ਦੀ ਹੱਦ ‘ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ਼ ਮੋਰਚੇ ਵਿਚ, ਦੋ ਨਿਹੰਗਾਂ ਵਿਚਾਲੇ ਝੜਪ ਤੋਂ ਬਾਅਦ ਗੁੱਟ ਵੱਢੇ ਜਾਣ ਦੇ ਮਾਮਲੇ ‘ਚ ਪੁਲਿਸ ਵੱਲੋਂ FIR ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ 6 ਨਿਹੰਗਾਂ ਸਮੇਤ 10 ਖਿਲਾਫ FIR ਦਰਜ ਕੀਤੀ ਗਈ ਹੈ।
ਇਹ ਘਟਨਾ ਐਤਵਾਰ ਸਵੇਰੇ ਹੋਈ ਦੱਸੀ ਜਾ ਰਹੀ ਹੈ। ਕਿਸੇ ਕਾਰਨ ਨਿਹੰਗਾਂ ਦੇ ਦੋ ਧੜੇ ਆਪਸ ਵਿੱਚ ਭਿੜ ਗਏ। ਜਿਸ ਵਿੱਚ ਇੱਕ ਨਿਹੰਗ ਸਿੰਘ ਦਾ ਗੁੱਟ ਵੱਢਿਆ ਗਿਆ। ਉਸ ਨੂੰ ਮੁਹਾਲੀ ਦੇ 6ਵੇਂ ਫੇਜ਼ ਵਿੱਚ ਸਥਿਤ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ।ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਅਧਿਕਾਰੀ ਮੌਕੇ ‘ਤੇ ਪਹੁੰਚੇ।
ਫਿਲਹਾਲ ਮੌਕੇ ‘ਤੇ ਸਥਿਤੀ ਆਮ ਵਾਂਗ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਬਹਿਸ ਹੋਈ ਸੀ। ਜਿਸ ਦੌਰਾਨ ਮਾਮਲਾ ਇੰਨਾ ਵੱਧ ਗਿਆ ਕਿ ਦੋਵਾਂ ਗੁੱਟਾਂ ਨੇ ਇੱਕ ਦੂਜੇ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਨਿਹੰਗ ਗੰਭੀਰ ਜ਼ਖ਼ਮੀ ਹੋ ਗਿਆ। ਬਾਅਦ ਵਿੱਚ ਮੋਰਚੇ ਦੇ ਆਗੂ ਵੀ ਮੌਕੇ ’ਤੇ ਪਹੁੰਚ ਗਏ ਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਸੀ ਤੇ ਹੁਣ ਦੱਸ ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।