ਮੁਹਾਲੀ : ਜਲੰਧਰ ਲੋਕ ਸਭਾ ਸੀਟ ਲਈ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਨੂੰ ਇੱਕ ਹੋਰ ਝਟਕਾ ਲੱਗਾ ਹੈ। ਅਕਾਲੀ ਆਗੂ ਅਤੇ ਸਾਬਕਾ ਡਿਪਟੀ ਸਕੀਪਰ ਚਰਨਜੀਤ ਅਟਵਾਲ ਦੇ ਪੁੱਤਰ ਸਾਬਕਾ ਵਿਧਾਇਕ ਇੰਦਰ ਇਕਬਾਲ ਅਟਵਾਲਾ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਇੰਦਰ ਇਕਬਾਲ ਸਿੰਘ ਅਟਵਾਲ ਭਾਜਪਾ ਦਫ਼ਤਰ ਪੁੱਜੇ, ਜਿਥੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਸਣੇ ਕਈ ਸੀਨੀਅਰ ਨੇਤਾ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਦਲਿਤ ਨੇਤਾ ਚਰਨਜੀਤ ਸਿੰਘ ਅਟਵਾਲ ਜੋ ਕਿ ਬਾਦਲ ਪਰਿਵਾਰ ਨਾਲ ਲੰਬੇ ਸਮੇਂ ਤੋਂ ਨਾਰਾਜ਼ ਚੱਲ ਰਹੇ ਸਨ। ਅੱਜ ਅਚਾਨਕ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿਤਾ ਸੀ। ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਬਣਾ ਸਕਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਚਰਨਜੀਤ ਸਿੰਘ ਅਟਵਾਲ ਜਲੰਧਰ ਲੋਕ ਸਭਾ ਹਲਕੇ ਤੋਂ ਬਹੁਤ ਹੀ ਥੋੜੇ ਫਰਕ ਨਾਲ ਕਾਂਗਰਸੀ ਉਮੀਦਵਾਰ ਤੋਂ ਹਾਰੇ ਸਨ।
ਇਸ ‘ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ ਦਲਜੀਤ ਸਿੰਘ ਚੀਮਾ ਨੇ ਆਪਣੀ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਜਿਉਂ-ਜਿਉਂ ਚੋਣਾਂ ਨੇੜੇ ਆਉਂਦੀਆਂ ਹਨ, ਇਹ ਆਮ ਵਰਤਾਰਾ ਬਣ ਗਿਆ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੀ ਗਿਣਤੀ ਆਗੂ ਆਪਣੇ ਸਵਾਰਥ ਲਈ ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਛੱਡ ਕੇ ਨਵੀਆਂ ਪਾਰਟੀਆਂ ਵਿਚ ਸ਼ਾਮਲ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰਾ ਸੁਝਾਅ ਹੈ ਕਿ ਜਦੋਂ ECI ਦੁਆਰਾ ਕਿਸੇ ਵੀ ਚੋਣ ਲਈ ਕਾਰਜਕ੍ਰਮ ਦੀ ਘੋਸ਼ਣਾ ਕੀਤੀ ਜਾਂਦੀ ਹੈ, ਤਾਂ ਉਹ ਵਫ਼ਾਦਾਰੀ ਬਦਲਣ ਦੀ ਆਖਰੀ ਮਿਤੀ ਦਾ ਐਲਾਨ ਵੀ ਕਰ ਸਕਦਾ ਹੈ। ਇਹ ਸਾਰੀਆਂ ਸਿਆਸੀ ਪਾਰਟੀਆਂ ਦੇ ਕੰਮਕਾਜ ਵਿੱਚ ਸਥਿਰਤਾ ਲਿਆਵੇਗਾ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਹਨ। ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਹੀ ਜਲੰਧਰ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਹੈ।