ਕਪੂਰਥਲਾ : ਚੰਗੇ ਭਵਿੱਖ ਦੀ ਤਲਾਸ਼ ਵਿੱਚ ਸੱਤ ਸਮੁੰਦਰੋਂ ਪਾਰ ਗਏ ਨੌਜਵਾਨਾਂ ਨਾਲ ਵਾਪਰ ਰਹੀਆਂ ਘਟਨਾਵਾਂ ਨੇ ਸਾਰਿਆਂ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ। ਹੁਣ ਇੱਕ ਹੋਰ ਦੁਖਦਾਈ ਖ਼ਬਰ ਅਮਰੀਕਾ ਦੀ ਧਰਤੀ ਤੋਂ ਆ ਰਹੀ ਹੈ,ਜਿਥੇ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ।
ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਦੇ ਪਿੰਡ ਤਲਵੰਡੀ ਕੂਕਾ ਦੇ ਇੱਕ 22 ਸਾਲਾ ਨੌਜਵਾਨ ਦੀ ਅਮਰੀਕਾ ਦੇ ਮੈਰੀਲੈਂਡ ਖੇਤਰ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੱਸ ਦੇਈਏ ਕਿ ਰਾਜਵਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਤਲਵੰਡੀ ਕੂਕਾ ਸਾਲ 2018 ਵਿੱਚ ਅਮਰੀਕਾ ਗਿਆ ਸੀ। ਜਿੱਥੇ ਰਾਜਵਿੰਦਰ ਨੇ ਪਹਿਲਾਂ ਇੱਕ ਸਟੋਰ ਵਿੱਚ ਕੰਮ ਕਰਦਾ ਸੀ ਅਤੇ ਬਾਅਦ ਵਿੱਚ ਟਰਾਲਾ ਚਲਾਉਣਾ ਸਿੱਖ ਲਿਆ ਸੀ। ਹੁਣ ਰਾਜਵਿੰਦਰ ਸਿੰਘ ਅਮਰੀਕਾ ਵਿੱਚ ਟਰਾਲਾ ਚਲਾਉਂਦਾ ਸੀ।
ਇਸ ਵਜ੍ਹਾ ਕਾਰਨ ਵਾਪਰਿਆ ਹਾਦਸਾ
ਅਮਰੀਕਾ ਦੇ ਸਮੇਂ ਮੁਤਾਬਕ 5 ਅਪ੍ਰੈਲ ਨੂੰ ਸ਼ਾਮ ਕਰੀਬ 6 ਵਜੇ ਰਾਜਵਿੰਦਰ ਸਿੰਘ ਅਮਰੀਕਾ ਦੇ ਮੈਰੀਲੈਂਡ ਇਲਾਕੇ ‘ਚ ਟਰਾਲਾ ਖੜਾ ਕਰਕੇ ਇਕ ਦੁਕਾਨ ਤੋਂ ਸਾਮਾਨ ਖਰੀਦਣ ਜਾ ਰਿਹਾ ਸੀ ਤਾਂ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਰਾਜਵਿੰਦਰ ਸਿੰਘ ਗੰਭੀਰ ਰੂਪ ‘ਚ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।
ਕਰਜ਼ਾ ਲੈ ਕੇ ਅਮਰੀਕਾ ਭੇਜਿਆ ਸੀ
ਮ੍ਰਿਤਕ ਰਾਜਵਿੰਦਰ ਸਿੰਘ ਦੇ ਪਿਤਾ ਤਰਲੋਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਹੁਣ ਕੈਲੀਫੋਰਨੀਆ ਵਿਚ ਰਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਰਾਜਵਿੰਦਰ ਸਿੰਘ ਨੂੰ 17 ਸਾਲ ਦੀ ਉਮਰ ਵਿਚ ਕਰਜ਼ਾ ਲੈ ਕੇ ਅਮਰੀਕਾ ਭੇਜਿਆ ਸੀ ਪਰ ਅਜੇ ਤੱਕ ਉਸ ਨੂੰ ਗ੍ਰੀਨ ਕਾਰਡ ਨਹੀਂ ਮਿਲਿਆ ਸੀ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਰਿਵਾਰ ਆਰਥਿਕ ਤੌਰ ‘ਤੇ ਮਜ਼ਬੂਤ ਨਹੀਂ ਹੈ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਰਾਜਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ।
ਵਿਦੇਸ਼ਾਂ ‘ਚ ਵਸਦੇ ਨੌਜਵਾਨਾਂ ਦੇ ਆਏ ਦਿਨ ਮੌ ਤਾਂ ਦੇ ਸਿਲਸਿਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਭਾਰਤ ਤੋਂ ਹਰ ਸਾਲ ਹਜਾਰਾਂ ਨੌਜਵਾਨ ਵਿਦੇਸੀ ਧਰਤੀ ਉੱਤੇ ਸੁਨਿਹਰੇ ਭਵਿਖ ਲਈ ਰੋਜ਼ਗਾਰ ਖਾਤਰ ਜਾਂਦੇ ਹਨ। ਜਿਥੇ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਲਈ ਅਤੇ ਸਦੀਵੀ ਟਕਾਣੇ ਲਈ ਜੂਝਣਾ ਪੈਂਦਾ ਹੈ ਪਰ ਇਸ ਦੇ ਨਾਲ ਨਾਲ 7 ਸਮੁੰਦਰੋਂ ਪਾਰ ਮਾਪਿਆਂ ਦੇ ਲਾਡਲੇ ਜਿੰਦਗੀ ਦੇ ਸੰਘਰਸ਼ ਵਿੱਚ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ।