ਚੰਡੀਗੜ੍ਹ : ਮੌਸਮ ਕਾਰਨ ਖਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਇਸ ਕੜੀ ਵੱਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਜ਼ਿਲੇ ਦੇ ਮੁੱਖ ਖੇਤੀਬਾੜੀ ਦਫ਼ਤਰਾਂ ਦਾ ਘਿਰਾਓ ਕੀਤਾ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਪੰਜਾਬ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿਚ ਦੱਸਿਆ ਕਿ ਇਸ ਵਕਤ ਬੇਮੌਸਮੀ ਬਰਸਾਤ, ਹਨ੍ਹੇਰੀ, ਝੱਖੜ ਅਤੇ ਗੜੇਮਾਰੀ ਝੰਬੇ ਨੁਕਸਾਨ ਕਾਰਨ ਪ੍ਰੇਸ਼ਾਨ, ਹੈਰਾਨ ਅਤੇ ਕੁਦਰਤ ਸਾਹਮਣੇ ਮਜ਼ਬੂਰ ਹੋਏ ਬੈਠੇ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਜਥੇਬੰਦੀ ਨੂੰ ਕਿਸਾਨਾਂ ਨੂੰ ਏਕਤਾਬੰਦ ਕਰਦੇ ਹੋਏ ਇਸ ਮਾਯੂਸੀ ਅਤੇ ਪ੍ਰੇਸ਼ਾਨੀ ਵਿਚੋਂ ਕੱਢਣ ਲਈ ਕੋਸ਼ਿਸ਼ਾਂ ਜਾਰੀ ਹਨ ਪਰ ਲਗਾਤਾਰ ਕੇਂਦਰ ਅਤੇ ਪੰਜਾਬ ਸਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਟਾਲ-ਮਟੋਲ ਅਤੇ ਲਾਰੇਬਾਜ਼ੀ ਕਰ ਰਹੀ ਹੈ। ਇਨ੍ਹਾਂ ਸਰਕਾਰਾਂ ਵਿਰੁੱਧ ਸੰਘਰਸ਼ ਕਰਕੇ ਆਪਣੇ ਹੱਕ ਲੈਣ ਲਈ ਮਜਬੂਰ ਕਰਨਾ ਹੀ ਇਕੋ ਇਕ ਹੱਲ ਹੈ।
ਉਨ੍ਹਾਂ ਨੇ ਕਿਹਾ ਕਿ 75 ਤੋਂ 100% ਫਸਲ ਦੇ ਖਰਾਬੇ ਦਾ 15000/- ਪ੍ਰਤੀ ਕਿਸਾਨਾਂ ਨੂੰ ਕਿਸੇ ਹਾਲਤ ਵਿਚ ਮਨਜ਼ੂਰ ਨਹੀਂ, ਕਿਉਕਿ ਸੱਚੀ ਮੁੱਚੀ ਅਤੇ ਇਮਾਨਦਾਰੀ ਨਾਲ ਮੁਆਵਜ਼ਾ ਦੇਣਾ ਹੈ ਤਾਂ 75% ਤੋਂ 100% ਖਰਾਬੇ ਪ੍ਰਤੀ ਏਕੜ ਦਾ 50,000 ਰੁਪਏ 50 ਤੋਂ 76% ਨੁਸਕਾਨ ਦਾ 30,000 ਰੁਪਏ ਅਤੇ ਇਸ ਤੋਂ ਘੱਟ ਨੁਕਸਾਨ ਦਾ 20,000 ਰੁਪਏ ਪ੍ਰਤੀ ਏਕੜ ਦਿੱਤੇ ਜਾਵੇ ਤਾਂ ਹੀ ਕਿਸਾਨਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਦਾ ਕੰਮ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਕੁਦਰਤ ਦੀ ਕਰੋਪੀ ਝੱਲ ਰਹੇ ਕਿਸਾਨਾਂ ਦਾ ਪੰਜਾਬ ਸਰਕਾਰ ਮਖੌਲ ਨਾ ਕਰੇ, ਘੱਟੋ ਘੱਟ 20,000 ਰੁਪਏ ਮੁਆਵਜ਼ਾ ਦੇਣਾ ਬਿਨਾਂ ਗਿਰਦਾਰਵੀ ਤੋਂ ਮੌਜੂਦਾ ਪੰਜਾਬ ਦੀ ਆਪ ਸਰਕਾਰ ਦਾ ਵਾਅਦਾ ਹੈ। ਇਸ ਵਾਅਦੇ ’ਤੇ ਪੂਰੇ ਉਤਰੇ। ਅਸੀਂ ਅੱਜ ਹਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਦਾ ਘਿਰਾਉ/ਧਰਨਾ ਦੇ ਕੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਰੀਦਕੋਟ, ਫਾਜ਼ਿਲਕਾ, ਲੁਧਿਆਣਾ, ਗੁਰਦਾਸਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਅੰਦਰ ਰੋਸ ਧਰਨੇ ਅਤੇ ਘਿਰਾਓ ਕਰਾਂਗੇ।
ਇਨ੍ਹਾਂ ਜ਼ਿਲ੍ਹਿਆਂ ਵਿਚ ਅਗਵਾਈ ਪਟਿਆਲਾ ਵਿਚ ਰਾਮ ਸਿੰਘ ਮਟਰੋੜਾ ਸੂਬਾ ਖਜ਼ਾਨਚੀ ਤੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਢਕੜਬਾ, ਸੰਗਰੂਰ ਵਿਚ ਕਰਮ ਸਿੰਘ ਬਲਿਆਲ, ਜ਼ਿਲ੍ਹਾ ਪ੍ਰਧਾਨ ਬਰਨਾਲਾ ਵਿਚ ਦਰਸ਼ਨ ਸਿੰਘ ਉਗੋਕੇ, ਬਠਿੰਡਾ ਵਿਚ ਬਲਦੇਵ ਸਿੰਘ ਭਾਈਰੂਪਾ, ਮਾਨਸਾ ਵਿਚ ਲਛਮਣ ਸਿੰਘ ਚੱਕ ਤੇ ਮਹਿੰਦਰ ਸਿੰਘ ਭੈਣੀਬਾਘਾ, ਫਰੀਦਕੋਟ ਵਿਚ ਕਰਮਜੀਤ ਸਿੰਘ ਚੈਨਾ, ਫਾਜ਼ਿਲਕਾ ਵਿਚ ਜੋਗਾ ਸਿੰ ਭੋਡੀਪੁਰ, ਲੁਧਿਆਣਾ ਵਿਚ ਮਹਿੰਦਰ ਸਿੰਘ ਕਮਾਲਪੁਰ, ਗੁਰਦਾਸਪੁਰ ਵਿਚ ਗੁਰਵਿੰਦਰ ਸਿੰਘ ਅਤੇ ਤਰਨਤਾਰਨ ਵਿਚ ਨਿਰਪਾਲ ਸਿੰਘ ਆਦਿ ਨੇ ਅਗਵਾਈ ਕੀਤੀ।
ਕਿਸਾਨ ਆਗੂਆਂ ਨੇ ਖੇਤੀਬਾੜੀ ਅਧਿਕਾਰੀਆਂ ਨੂੰ ਇਨ੍ਹਾਂ ਰੋਸ ਪ੍ਰਗਟਾਵਿਆਂ ਰਾਹੀਂ ਚਿਤਾਵਨੀ ਦਿੱਤੀ ਕਿ ਨੁਕਸਾਨ ਦਾ ਜਾਇਜ਼ਾ ਖ਼ੁਦ ਜ਼ਿੰਮੇਵਾਰੀ ਲੈ ਕੇ ਸਰਕਾਰ ਤੱਕ ਰਿਪਰਟ ਸਹੀ ਪਹੁੰਚਦੀ ਕਰਨ ਅਤੇ ਦੱਸਣ ਕਿ ਕਣਕ ਤੋਂ ਤੂੜੀ ਕਿਵੇਂ ਪੰਜਾਬ ਦੇ ਲੋਕਾਂ ਤੇ ਪਸ਼ੂਆਂ ਦੀ ਜ਼ਿੰਦਗੀ ਲਈ ਸਾਰਾ ਸਾਲ ਵਾਸਤੇ ਕਿੰਨੀ ਅਹਿਮੀਅਤ ਰੱਖਦੀ ਹੈ। ਜੇਕਰ ਇਸ ਰੋਸ ਪ੍ਰਗਟਾਵੇ ਤੋਂ ਬਾਅਦ ਵੀ ਸਰਕਾਰ ਠੀਕ ਰਾਹ ਤੇਜ਼ੀ ਨਾਲ ਨਾ ਤੁਰੀ ਤਾਂ ਮਜਬੂਰਨ ਸਾਨੂੰ ਤਿੱਖੇ ਸੰਘਰਸ਼ ਦਾ ਐਲਾਨ ਕਰਨਾ ਪਵੇਗਾ।