ਪਟਿਆਲਾ ‘ਚ ਇਕ ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਇਸ ਮਾਮਲੇ ਨੂੰ ਖ਼ੁਦਕੁਸ਼ੀ ਦੱਸ ਕੇ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ, ਉਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਸਹੁਰਿਆਂ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ “ਜਦੋਂ ਸਾਡੀ ਕੁੜੀ ਦੇ ਕੁੱਖੋਂ ਲੜਕੀ ਨੇ ਜਨਮ ਲਿਆ ਤਾਂ ਉਸ ਉਤੇ ਤਸ਼ੱਦਦ ਵਧ ਗਿਆ ਅਤੇ ਉਨ੍ਹਾਂ ਨੇ ਸਾਡੀ ਧੀ ਦਾ ਕਤਲ ਕਰ ਦਿੱਤਾ”, ਹਾਲਾਂਕਿ ਪੁਲਿਸ ਨੇ ਲੜਕੀ ਦੀ ਸੱਸ, ਸਹੁਰਾ, ਪਤੀ ਅਤੇ ਨਨਾਣ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਦੀ ਰਹਿਣ ਵਾਲੀ ਲੜਕੀ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ ਪਰ ਵਿਆਹ ਤੋਂ ਤੁਰੰਤ ਬਾਅਦ ਹੀ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ।
ਪਰਿਵਾਰ ਵਾਲਿਆਂ ਕਹਿਣਾ ਹੈ ਕਿ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਲੜਕੀ ਨੇ ਖੁਦਕੁਸ਼ੀ ਕਰ ਲਈ। ਜਿਸ ਤੋਂ ਤੁਰੰਤ ਬਾਅਦ ਲੜਕੀ ਨੂੰ ਹਸਪਤਾਲ ਲੈ ਗਏ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਲੜਕੀ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਲੜਕੀ ਦੇ ਸਹੁਰੇ, ਪਤੀ ਖਿਲਾਫ ਧਾਰਾ 304 ਦੀ ਕਾਰਵਾਈ ਕੀਤੀ ਗਈ ਹੈ।
ਪੁਲਿਸ ਨੇ ਮ੍ਰਿਤਕ ਮਹਿਲਾ ਦੇ ਮਾਪਿਆਂ ਦੀ ਸ਼ਿਕਾਇਤ ਉਤੇ ਪਤੀ, ਸਹੁਰੇ, ਦੇਵਰਾਣੀ ਅਤੇ ਸੱਸ ਖਿਲਾਫ ਥਾਣਾ ਸਿਵਲ ਲਾਈਨ ਪਟਿਆਲਾ ‘ਚ ਮਾਮਲਾ ਦਰਜ ਕਰ ਕੇ ਪਤੀ ਅਤੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।