ਜਲੰਧਰ : ਆਸਟ੍ਰੇਲੀਆ ਤੋਂ ਪਰਤੇ 31 ਸਾਲਾ ਵਿਅਕਤੀ ਦੀ ਜ਼ਹਿਰ ਖਾਣ ਨਾਲ ਮੌਤ ਹੋ ਗਈ। ਦੋਸ਼ ਹੈ ਕਿ ਉਸ ਦੇ ਦੋਸਤ ਨੇ ਜ਼ਹਿਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਸੁਰਿੰਦਰਪਾਲ ਸਿੰਘ ਮੁਲਤਾਨੀ ਵਾਸੀ ਨਿਊ ਰਾਜਾ ਗਾਰਡਨ ਮਿੱਠਾਪੁਰ ਰੋਡ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਥਾਣਾ-7 ਦੀ ਪੁਲਿਸ ਨੇ ਇੱਕ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਸੁਰਿੰਦਰ ਪਾਲ ਦੀ ਮਾਤਾ ਕਰਮਜੀਤ ਕੌਰ ਮੁਲਤਾਨੀ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ। ਵੱਡਾ ਪੁੱਤਰ ਸੁਰਿੰਦਰ ਪਾਲ ਜੋ ਕਿ ਆਸਟ੍ਰੇਲੀਆ ਰਹਿੰਦਾ ਸੀ। ਪਿਛਲੇ ਦਿਨੀਂ ਜਦੋਂ ਉਹ ਭਾਰਤ ਪਰਤਿਆ ਸੀ, ਉਦੋਂ ਤੋਂ ਹੀ ਉਹ ਉਨ੍ਹਾਂ ਨਾਲ ਹੀ ਰਹਿ ਰਿਹਾ ਸੀ। ਮੰਗਲਵਾਰ ਦੁਪਹਿਰ 12 ਵਜੇ ਜਦੋਂ ਸੁਰਿੰਦਰ ਦਾ ਫੋਨ ਆਇਆ ਤਾਂ ਉਹ ਆਪਣੀ ਕਾਰ ‘ਚ ਬੈਠ ਕੇ ਕਿਤੇ ਚਲਾ ਗਿਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬੇਟੇ ਨਾਲ ਵੀ ਗੱਲਬਾਤ ਕੀਤੀ। ਬੁੱਧਵਾਰ ਤੜਕੇ ਕਰੀਬ 3:05 ਵਜੇ ਕਮਲਜੀਤ ਨੇ ਆਪਣੇ ਲੜਕੇ ਨੂੰ ਫੋਨ ਕੀਤਾ ਤਾਂ ਉਸ ਨਾਲ ਗੱਲ ਨਹੀਂ ਹੋ ਸਕੀ।
ਇਸ ਤੋਂ ਬਾਅਦ ਸਵੇਰੇ 9:30 ਵਜੇ ਕਮਲਜੀਤ ਦੇ ਘਰ ਪੰਜਾਬ ਐਵੀਨਿਊ ਦੀ ਰਹਿਣ ਵਾਲੀ ਪਰਮਜੀਤ ਕੌਰ ਮੁੰਦਰ ਆਪਣੇ ਲੜਕੇ ਮੁਲਜ਼ਮ ਲਵਦੀਪ ਸਿੰਘ ਨਾਲ ਆਈ ਅਤੇ ਕਿਹਾ ਕਿ ਉਸ ਦੇ ਲੜਕੇ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। ਇਸ ਕਾਰਨ ਉਸ ਦੀ ਮੌਤ ਹੋ ਗਈ ਹੈ। ਉਸ ਦੀ ਲਾਸ਼ ਕੈਂਟ ਰੋਡ ‘ਤੇ ਖੜ੍ਹੀ ਕਾਰ ‘ਚੋਂ ਮਿਲੀ। ਕਮਲਜੀਤ ਤੁਰੰਤ ਆਪਣੀ ਧੀ ਨਵਪ੍ਰੀਤ ਕੌਰ ਸਮੇਤ ਮੌਕੇ ‘ਤੇ ਪਹੁੰਚ ਗਈ।
ਜਿੱਥੇ ਸੁਰਿੰਦਰ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ ‘ਤੇ ਲੇਟਿਆ ਹੋਇਆ ਸੀ। ਡਾਕਟਰਾਂ ਨੇ ਦੱਸਿਆ ਕਿ ਸੁਰਿੰਦਰ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਕਿਹਾ ਕਿ ‘ਲਵਦੀਪ ਨੇ ਉਸ ਦੇ ਬੇਟੇ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ।’ ਪੁਲਿਸ ਨੇ ਜਾਂਚ ਤੋਂ ਬਾਅਦ ਲਵਦੀਪ ਖਿਲਾਫ ਮਾਮਲਾ ਦਰਜ ਕਰ ਲਿਆ ਹੈ।