ਮਾਨਸਾ : ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਵਰਗੀ ਵੱਡੀ ਸ਼ਖਸੀਅਤ ਦੇ ਨਾਲ ਬਹੁਤ ਛੋਟੀ ਗੱਲ ਹੋਈ ਹੈ। ਜਾਨ ਮਾਲ ਦੀ ਰਖਵਾਲੀ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ। ਮੂਸੇਵਾਲਾ ਦੀ ਸੁਰੱਖਿਆ ਵਿੱਚ ਕਮੀ ਕਿਉਂ ਕੀਤੀ ਗਈ। ਅੱਜ ਮੇਰੀ ਸਿਕਿਓਰਿਟੀ ਵੀ ਘਟਾ ਦਿੱਤੀ, ਹੁਣ ਸਿਰਫ਼ 13 ਬੰਦੇ ਮੇਰੇ ਕੋਲ ਰਹਿ ਗਏ। ਜਿਵੇਂ ਉਹਨੂੰ ਮਰਵਾਇਆ, ਉਵੇਂ ਹੀ ਮੈਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੂਸੇਵਾਲਾ ਪੈਸੇ ਲਈ ਨਹੀਂ ਸੀ ਆਇਆ, ਉਹ ਵੱਡੀਆਂ ਤਾਕਤਾਂ ਦੇ ਖਿਲਾਫ਼ ਬੋਲਦਾ ਸੀ।
ਗੈਂਗਸਟਰ ਕੋਈ ਹੋਰ ਨਹੀਂ, ਸਾਡੇ ਹੀ ਭਟਕੇ ਹੋਏ ਨੌਜਵਾਨ ਹਨ, ਜਿਨ੍ਹਾਂ ਨੂੰ ਸਰਕਾਰਾਂ ਸਿਆਸਤ ਲਈ ਵਰਤ ਰਹੀ ਹੈ। ਸਿਆਸਤਦਾਨ ਅਜਿਹੇ ਭਟਕੇ ਹੋਏ ਨੌਜਵਾਨਾਂ ਨੂੰ ਵਰਤਦੀ ਹੈ। ਅੱਜ ਦੁਨੀਆ ਵਿੱਚ ਸਭ ਤੋਂ ਵੱਡਾ ਬੋਝ ਮੂਸੇਵਾਲਾ ਦੇ ਪਿਤਾ ਨੇ ਚੁੱਕਿਆ ਹੋਇਆ ਹੈ। ਬਾਪ ਦੇ ਕੰਧੇ ਉੱਤੇ ਬੇਟੇ ਦੀ ਅਰਥੀ ਸਭ ਤੋਂ ਵੱਡਾ ਬੋਝ ਹੁੰਦਾ ਹੈ। ਗੈਂਗਸਟਰ ਪੁਲਿਸ ਹਿਰਾਸਤ ਵਿੱਚ ਹੁੰਦੇ ਹਨ। ਜੇਲ੍ਹਾਂ ਦੀ ਇੱਕ ਖ਼ਾਸ ਗੱਲ ਹੈ। ਜੇਲ੍ਹਾਂ ਵਿੱਚ 10 ਰੁਪਏ ਦੀ ਜਰਦੇ ਦੀ ਪੁੜੀ 2000 ਰੁਪਏ ਵਿੱਚ ਵਿਕਦੀ ਹੈ। ਜੇਲ੍ਹਾਂ ਦੇ ਆਲੇ ਦੁਆਲੇ ਹਜ਼ਾਰਾਂ ਸੈਟੇਲਾਈਟ ਲਗਾ ਦਿਓ ਤੇ ਜੇਲ੍ਹਾਂ ਵਿੱਚ 10 ਲੱਖ ਫੋਨ ਸੁੱਟ ਦਿਓ, ਇੱਕ ਵੀ ਨਹੀਂ ਚੱਲੇਗਾ, ਪਰ ਫਿਰ ਵੀ ਗੈਂਗਸਟਰਾਂ ਦੀਆਂ ਅੰਦਰੋਂ ਵੀਡੀਓ ਚੱਲਦੀਆਂ ਹਨ। ਜੇਲ੍ਹਾਂ ਨੂੰ ਤਾਂ ਅਪਰਾਧ ਦੇ ਸੁਵਿਧਾ ਸੈਂਟਰ ਬਣਾਇਆ ਗਿਆ ਹੈ।
ਮੂਸੇਵਾਲਾ ਵਰਗਿਆਂ ਦੀ ਸਿਕਿਓਰਿਟੀ ਤੁਸੀਂ ਘਟਾ ਦਿੱਤੀ ਤੇ ਗੈਂਗਸਟਰਾਂ ਨੂੰ ਜ਼ੈੱਡ ਪਲੱਸ ਸਿਕਿਓਰਿਟੀ ਦੇ ਰਹੇ ਹੋ। ਮੂਸੇਵਾਲਾ ਦੀ ਮੌਤ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ। ਮੇਰੀ ਸੁਰੱਖਿਆ ਘਟਾਉਣ ਨਾਲ ਮੈਂ ਚੁੱਪ ਨਹੀਂ ਹੋਵਾਂਗਾ। ਸੀਐੱਮ ਮਾਨ ਨੂੰ ਚੁਣੌਤੀ ਦਿੰਦਿਆਂ ਸਿੱਧੂ ਨੇ ਕਿਹਾ ਕਿ ਇਹ ਜੋ 13 ਵੀ ਰਹਿ ਗਏ ਹਨ, ਬੇਸ਼ੱਕ ਇਹ ਵੀ ਵਾਪਸ ਲੈ ਲਓ। ਪੁਲਿਸ ਕਮਜ਼ੋਰ ਨਹੀਂ ਹੈ, ਦਿੱਤੇ ਜਾਣ ਵਾਲੇ ਆਰਡਰ ਪੁਲਿਸ ਨੂੰ ਕਮਜ਼ੋਰ ਕਰਦੇ ਹਨ।
ਸਿੱਧੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਤੰਜ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਸੀ ਕਿ ਉਹ ਪੰਜਾਬ ਵਿੱਚ ਤਰੱਕੀ ਦੇ ਏਨੇ ਮੌਕੇ ਪੈਦਾ ਕਰਨਗੇ ਕਿ ਬਾਹਰੋਂ ਗੋਰੇ ਨੌਕਰੀ ਕਰਨ ਲਈ ਆਉਣਗੇ ਪਰ ਮਾਨ ਦੇ ਤਾਂ ਖੁਦ ਦੇ ਬੱਚੇ ਬਾਹਰ ਹਨ। ਪੰਜਾਬ ਦੇ ਹਾਲਾਤਾਂ ਨੇ ਲੋਕਾਂ ਨੂੰ ਬਾਹਰ ਜਾਣ ਲਈ ਮਜ਼ਬੂਰ ਕਰ ਦਿੱਤਾ ਹੈ। ਸਿੱਧੂ ਨੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸੂਬਾ ਬਚਾਉਣਾ ਚਾਹੀਦਾ ਹੈ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਵੀਡੀਓ ਉੱਤੇ ਸਰਕਾਰ ਨੇ ਕਮੇਟੀ ਬਣਾਏ ਜਾਣ ਦਾ ਦਾਅਵਾ ਕੀਤਾ ਸੀ ਪਰ ਹਾਲੇ ਤੱਕ ਰਿਪੋਰਟ ਕਿਉਂ ਨਹੀਂ ਆਈ ਤੇ ਨਾ ਹੀ ਸਾਨੂੰ ਰਿਪੋਰਟ ਆਉਣ ਦਾ ਕੋਈ ਸਮਾਂ ਦਿੱਤਾ ਗਿਆ ਹੈ ਕਿ ਕਦੋਂ ਕੁ ਤੱਕ ਰਿਪੋਰਟ ਆਵੇਗੀ।
ਨਵਜੋਤ ਸਿੱਧੂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਸਿੱਧੂ ਨੇ ਸਪੱਸ਼ਟੀਕਰਨ ਕੀਤਾ ਕਿ ਜਦੋਂ ਸਹੀ ਸਮਾਂ ਆਵੇਗਾ, ਉਦੋਂ ਉਹ ਖੁਦ ਸਵਾਲ ਲੈਣਗੇ ਪਰ ਅੱਜ ਉਨ੍ਹਾਂ ਨੇ ਸਿਰਫ਼ ਮੀਡੀਆ ਨੂੰ Address ਹੀ ਕਰਨਾ ਸੀ।