ਅੰਮ੍ਰਿਤਸਰ : 32 ਸਾਲ ਪਹਿਲਾਂ ਇੱਕ ਵਿਅਕਤੀ ਨੂੰ ਅਗਵਾ ਕਰਕੇ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਦੇ ਮਾਮਲੇ ਵਿੱਚ ਜਿੱਥੇ ਮੋਹਾਲੀ ਦੀ ਸੀਬੀਆਈ ਅਦਾਲਤ ਨੇ ਚਾਰ ਸੇਵਾਮੁਕਤ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਹੈ। ਦੂਜੇ ਪਾਸੇ ਮ੍ਰਿਤਕ ਬਲਜੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਵੀ ਕਈ ਖੁਲਾਸੇ ਕੀਤੇ ਹਨ।
ਮ੍ਰਿਤਕ ਦੇ ਭਰਾ ਸੇਵਾਮੁਕਤ ਸੂਬੇਦਾਰ ਗੁਰਭਾਗ ਸਿੰਘ ਵਾਸੀ ਮਾਲੇਵਾਲ ਸੰਤਾ ਜ਼ਿਲ੍ਹਾ ਤਰਨਤਾਰਨ ਨੇ ਦੱਸਿਆ ਕਿ ‘ਉਸ ਦੇ ਭਰਾ ਬਲਜੀਤ ਸਿੰਘ ਅਤੇ ਪਰਮਜੀਤ ਸਿੰਘ (32) ਦੋਵੇਂ ਖੇਤੀਬਾੜੀ ਦਾ ਕੰਮ ਕਰਦੇ ਸਨ ਅਤੇ 7-8-1991 ਨੂੰ ਝਬਾਲ ਅੱਡਾ ਵਿਖੇ ਵਸੂਲੀ ਕਰਨ ਗਏ ਸਨ। ਉਦੋਂ ਹੀ ਥਾਣਾ ਝਬਾਲ ਵਿੱਚ ਤਾਇਨਾਤ ਚਾਰ ਪੁਲਿਸ ਮੁਲਾਜ਼ਮਾਂ ਨੇ ਬਿਨਾਂ ਕਿਸੇ ਕਾਰਨ ਹੀ ਦੋਵੇਂ ਭਰਾਵਾਂ ਨੂੰ ਚੁੱਕ ਕੇ ਲੈ ਗਏ।’
ਹਾਲਾਂਕਿ ਕਿਸੇ ਵੀ ਪਾਸਿਓਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਜਿਸ ਤੋਂ ਬਾਅਦ ਪੁਲਿਸ ਨੇ ਪਰਮਜੀਤ ਸਿੰਘ ਨੂੰ ਤਾਂ ਛੱਡ ਦਿੱਤਾ ਪਰ ਬਲਜੀਤ ਸਿੰਘ ਨੂੰ ਨਹੀਂ ਬਖਸ਼ਿਆ। ਪੀੜਤ ਨੇ ਦੱਸਿਆ ਕਿ 15-8-1991 ਤੱਕ ਪਰਿਵਾਰਕ ਮੈਂਬਰ ਬਲਜੀਤ ਸਿੰਘ ਨੂੰ ਥਾਣੇ ‘ਚ ਮਿਲਦੇ ਰਹੇ ਪਰ ਉਸ ਤੋਂ ਬਾਅਦ ਪੁਲਿਸ ਕਹਿਣ ਲੱਗੀ ਕਿ ਬਲਜੀਤ ਨੂੰ ਉਨ੍ਹਾਂ ਦੇ ਕੋਲ ਨਹੀਂ ਹੈ। ਪੀੜਤ ਸੇਵਾਮੁਕਤ ਸੂਬੇਦਾਰ ਗੁਰਭਾਗ ਸਿੰਘ ਨੇ ਦੱਸਿਆ ਕਿ ਮਾਂ ਅਤੇ ਭਰਜਾਈ ਬਲਬੀਰ ਕੌਰ ਭਰਾ ਬਲਜੀਤ ਸਿੰਘ ਦੇ ਕੇਸ ਵਿੱਚ ਇਨਸਾਫ਼ ਲੈਣ ਲਈ ਅਦਾਲਤ ਦੇ ਗੇੜੇ ਮਾਰਨ ਲੱਗ ਪਈਆਂ ਹਨ। 2009 ‘ਚ ਮਾਂ ਆਪਣੇ ਬੇਟੇ ਦੇ ਲਾਪਤਾ ਮਾਮਲੇ ‘ਚ ਇਨਸਾਫ ਲੈਣ ਲਈ ਦੁਨੀਆ ਤੋਂ ਚੱਲੀ ਗਈ, ਜਦੋਂ ਕਿ ਇੱਕ ਸਾਲ ਪਹਿਲਾਂ ਭਾਬੀ ਬਲਬੀਰ ਕੌਰ ਵੀ ਆਪਣੇ ਪਤੀ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਆਖਰੀ ਗਵਾਹੀ ਦੇ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਈ ਸੀ।
ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਜਦੋਂ ਬਲਜੀਤ ਸਿੰਘ ਦੇ ਪਰਿਵਾਰ ਨੇ ਅਦਾਲਤ ਵਿੱਚ ਕੇਸ ਦਾਇਰ ਕੀਤਾ ਤਾਂ ਸਾਰੇ ਪੁਲਿਸ ਮੁਲਾਜ਼ਮਾਂ ਨੇ ਕਈ ਵਾਰ ਆਪਣੇ ਹੀ ਲੋਕ ਭੇਜ ਕੇ ਪਰਿਵਾਰ ’ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਕਈ ਵਾਰ ਉਹ ਬਲਬੀਰ ਕੌਰ ਦੇ ਘਰ ਜਾਂਦੇ ਸਨ ਅਤੇ ਉਥੇ ਜਾ ਕੇ ਉਸ ਨੂੰ ਕੇਸ ਵਾਪਸ ਲੈਣ ਲਈ ਪੈਸੇ ਦੀ ਪੇਸ਼ਕਸ਼ ਕਰਦੇ ਸਨ, ਪਰ ਪੀੜਤ ਪਰਿਵਾਰ ਆਪਣੀ ਥਾਂ ‘ਤੇ ਅੜਿਆ ਰਿਹਾ।
ਅਦਾਲਤ ਵਿੱਚ ਚੱਲ ਰਹੇ ਇਸ ਕੇਸ ਵਿੱਚ ਮ੍ਰਿਤਕ ਬਲਜੀਤ ਸਿੰਘ ਦੇ ਪਰਿਵਾਰ ਵੱਲੋਂ 16 ਵਿਅਕਤੀ ਗਵਾਹੀ ਦੇਣ ਆਏ ਸਨ। ਇਨ੍ਹਾਂ ਵਿਚ ਸੁਰਜੀਤ ਸਿੰਘ ਨਾਂ ਦਾ ਵਿਅਕਤੀ ਵੀ ਮੌਜੂਦ ਸੀ, ਜਿਸ ਨੇ 2005/6 ਵਿਚ ਅਦਾਲਤ ਵਿਚ ਬਿਆਨ ਦਿੱਤਾ ਸੀ ਕਿ ਉਸ ਨੂੰ ਬਲਜੀਤ ਸਿੰਘ ਦੇ ਨਾਲ-ਨਾਲ ਲਾਕ-ਅੱਪ ਵਿਚ ਬੰਦ ਕੀਤਾ ਗਿਆ ਸੀ ਅਤੇ ਉਸ ਦੇ ਸਾਹਮਣੇ ਹੀ ਕਥਿਤ ਤੌਰ ਉੱਤੇ ਉਕਤ ਪੁਲਿਸ ਵਾਲਿਆਂ ਨੇ ਬਲਜੀਤ ਦਾ ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਬਲਜੀਤ ਦੀ ਲਾਸ਼ ਨੂੰ ਕਿੱਥੇ ਲਿਜਾਇਆ ਗਿਆ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਚਾਰ ਮੁਲਜ਼ਮਾਂ ਦੀ ਤਰਫ਼ੋਂ 2 ਪੁਲਿਸ ਮੁਲਾਜ਼ਮ ਗਵਾਹੀ ਦੇਣ ਲਈ ਆਏ ਸਨ।
ਪੀੜਤ ਸੇਵਾਮੁਕਤ ਸੂਬੇਦਾਰ ਗੁਰਭਾਗ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੇ ਭਰਾ ਬਲਜੀਤ ਸਿੰਘ ਨੂੰ ਪੁਲਿਸ ਨੇ ਫੜ ਲਿਆ ਤਾਂ ਉਸ ਦੀ ਰਿਹਾਈ ਲਈ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਪੁਲਿਸ ਨੂੰ ਇਹ ਗੱਲ ਹਜ਼ਮ ਨਾ ਹੋ ਸਕੀ, ਇਸ ਲਈ ਪੁਲਿਸ ਨੇ ਉਸ ਨੂੰ ਅਤੇ ਉਸ ਦੇ ਭਰਾ ਪਰਮਜੀਤ ਸਿੰਘ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਉਹ ਫੌਜ ਵਿੱਚ ਹੈ ਤਾਂ ਉਸ ਨੂੰ ਅਤੇ ਉਸ ਦੇ ਭਰਾ ਪਰਮਜੀਤ ਸਿੰਘ ਨੂੰ ਛੱਡ ਦਿੱਤਾ ਗਿਆ।
ਜਦਕਿ ਪੁਲਿਸ ਨੇ ਬਲਜੀਤ ਨੂੰ ਆਪਣੀ ਹਿਰਾਸਤ ਵਿੱਚ ਰੱਖਿਆ। ਪਿੰਡ ਵਿੱਚ ਹੀ ਇੱਕ ਚੌਕੀਦਾਰ ਮੌਜੂਦ ਸੀ ਅਤੇ ਉਹ ਲਾਕ-ਅੱਪ ਵਿੱਚ ਬਲਜੀਤ ਸਿੰਘ ਨੂੰ ਚਾਹ-ਪਾਣੀ ਪਹੁੰਚਾਉਂਦਾ ਸੀ, ਜਿਸ ਨੇ ਪਰਿਵਾਰ ਨੂੰ ਇਹ ਵੀ ਦੱਸਿਆ ਕਿ ਬਲਜੀਤ ਪੁਲਿਸ ਹਿਰਾਸਤ ਵਿੱਚ ਹੈ। ਪੁਲਿਸ ਨੇ ਬਲਜੀਤ ਨੂੰ 15 ਅਗਸਤ 1991 ਤੋਂ ਬਾਅਦ ਲਾਪਤਾ ਐਲਾਨ ਦਿੱਤਾ ਸੀ।