Punjab

ਸਾਡਾ ਮਕਸਦ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣਾ: ਮਲਵਿੰਦਰ ਕੰਗ

Mann government, Malwinder Kang, punjab news

ਚੰਡੀਗੜ੍ਹ  : ਆਮ ਆਦਮੀ ਪਾਰਟੀ (ਆਪ) ਨੇ ਪਿਛਲੇ ਇੱਕ ਹਫਤੇ ਦੀਆਂ ਘਟਨਾਵਾਂ ‘ਤੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਇੱਕ ਪ੍ਰੋਪੇਗੰਡਾ ਦੇ ਤਹਿਤ ਅਫ਼ਵਾਹਾਂ ਫੈਲਾਅ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ ਆਦੇਸ਼ ਦਿੱਤੇ ਹਨ ਕਿ ਕਿਸੇ ਵੀ ਬੇਗੁਨਾਹ ਜਾਂ ਬੇਦੋਸ਼ੇ ਵਿਅਕਤੀ ‘ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ।

ਸ਼ਨੀਵਾਰ ਨੂੰ ਚੰਡੀਗੜ੍ਹ ਪਾਰਟੀ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਅੰਮ੍ਰਿਤਪਾਲ ਵਾਲੇ ਪੂਰੇ ਘਟਨਾਕ੍ਰਮ ਵਿੱਚ ਜਿਸ ਵਿਅਕਤੀ ਦੀ ਕੋਈ ਵੀ ਸਿੱਧੀ ਜਾਂ ਅਸਿੱਧੀ ਕੋਈ ਭੂਮਿਕਾ ਨਹੀਂ, ਜਿਹੜੇ ਲੋਕਾਂ ਨੇ ਦੇਸ਼ ਤੋੜਨ ਜਾਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ, ਉਨ੍ਹਾਂ ਨਾਲ ਕੋਈ ਜ਼ਿਆਦਤੀ ਜਾਂ ਉਨ੍ਹਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ। ਪਰ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਜਿਹੜੇ ਲੋਕ ਪੰਜਾਬ ਵਿਰੋਧੀ, ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ, ਜਿਨ੍ਹਾਂ ਨੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ, ਫਿਰਕਾਪ੍ਰਸਤੀ ਕਰ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਕੰਗ ਨੇ ਕਿਹਾ ਕਿ ਜਦੋਂ ਅਸੀਂ ਇਤਿਹਾਸ ਦੇਖਦੇ ਹਾਂ ਤਾਂ ਪੰਜਾਬ ਵਿਚ ਜਦੋਂ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ ਤਾਂ ਬੇਗੁਨਾਹ ਲੋਕਾਂ ਨੂੰ ਇਨ੍ਹਾਂ ਦਾ ਨੁਕਸਾਨ ਹੋਇਆ, ਝੂਠੇ ਪਰਚੇ ਹੋਏ। ਪਰ ਇਸ ਪੂਰੇ ਮਾਮਲੇ ਵਿੱਚ ਕੋਈ ਗੋਲੀ ਨਹੀਂ ਚੱਲੀ, ਕਿਸੇ ਵੀ ਆਮ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਹੋਇਆ। ਅੱਗੇ ਵੀ ਕਿਸੇ ਬੇਕਸੂਰ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਹੋਵੇਗੀ। ਜੇਕਰ ਪੰਜਾਬ ਪੁਲਿਸ ਕਿਸੇ ਤੱਕ ਪਹੁੰਚ ਕਰ ਵੀ ਰਹੀ ਹੈ ਤਾਂ ਉਸਦਾ ਮਕਸਦ ਸਿਰਫ਼ ਪੁੱਛਗਿੱਛ ਅਤੇ ਜਾਂਚ ਕਰਨਾ ਹੈ।

ਕੰਗ ਨੇ ਕਿਹਾ ਕਿ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਮਾਨ ਸਰਕਾਰ ਹਰ ਉਸ ਪੰਜਾਬੀ ਪ੍ਰਤੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾ ਰਹੀ ਹੈ ਜੋ ਪੰਜਾਬ ਦੀ ਤਰੱਕੀ, ਪੰਜਾਬ ਦੀ ਭਾਈਚਾਰਕ ਸਾਂਝ ਅਤੇ ਦੇਸ਼ ਦੀ ਅਖੰਡਤਾ ਵਿੱਚ ਵਿਸ਼ਵਾਸ ਰੱਖਦਾ ਹੈ।

ਉਨ੍ਹਾਂ ਦੁਹਰਾਇਆ ਕਿ ਪੰਜਾਬ ਦੇ ਲੋਕਾਂ ਅਤੇ ਪੰਜਾਬ ਸਰਕਾਰ ਦੀ ਤਰਜੀਹ ਪੰਜਾਬੀਆਂ ਨੂੰ ਰੁਜ਼ਗਾਰ ਦੇਣਾ, ਖੇਤੀਬਾੜੀ ਨੂੰ ਮੁੜ ਸੁਰਜੀਤ ਕਰਨਾ, ਭ੍ਰਿਸ਼ਟਾਚਾਰ ਖਤਮ ਕਰਨਾ, ਪੰਜਾਬ ਦੇ ਉਦਯੋਗਿਕ ਖੇਤਰ ਨੂੰ ਬਚਾਉਣ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ, ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣਾ, ਨੌਜਵਾਨਾਂ ਨੂੰ ਗ਼ਲਤ ਰਸਤੇ ‘ਤੇ ਜਾਣ ਤੋਂ ਰੋਕਣਾ ਅਤੇ ਸਰਬੱਤ ਦੇ ਭਲੇ ਦੇ ਰਸਤੇ ‘ਤੇ ਚਲਦਿਆਂ ਪੰਜਾਬ ਨੂੰ ਵਿਕਾਸ ਵੱਲ ਅੱਗੇ ਲੈ ਕੇ ਜਾਣਾ ਹੈ।