Punjab

ਮਾਨਸਾ ‘ਚ 6 ਸਾਲਾ ਹਰਉਦੈਵੀਰ ਨੂੰ ਨਹੀਂ ਮਿਲਿਆ ਇਨਸਾਫ , ਪਰਿਵਾਰ ਵੱਲੋਂ ਵੱਡਾ ਐਕਸ਼ਨ

6-year-old Harudaiveer did not get justice in Mansa, big action from the family

ਮਾਨਸਾ ਨੇੜਲੇ ਪਿੰਡ ਕੋਟਲੀ ਕਲਾਂ ਵਿੱਚ ਕਤਲ ਕੀਤੇ ਛੇ ਸਾਲਾਂ ਦੇ ਬੱਚੇ ਹਰਉਦੈਵੀਰ ਸਿੰਘ ਦੇ ਕਤਲ ਦੇ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਪਰਿਵਾਰ, ਰਿਸ਼ਤੇਦਾਰਾਂ, ਪਿੰਡ ਵਾਸੀਆਂ ਅਤੇ ਵੱਖ ਵੱਖ ਜਥੇਬੰਦੀਆਂ ਨੇ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ ਹੈ। ਇਹ ਜਾਮ ਪਿੰਡ ਕੋਟਲੀ ਕਲਾਂ ਨੇੜੇ ਪੈਂਦੇ ਪਿੰਡ ਭਾਈਦੇਸਾ ਵਿਖੇ ਲਗਾਇਆ ਗਿਆ ਹੈ। ਪਰਿਵਾਰ ਨੇ ਹਰਉਦੈਵੀਰ ਸਿੰਘ ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਅਤੇ ਮੁੱਖ ਮੁਲਜ਼ਮਾਂ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ।‌‌

ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਮੁੱਖ ਮੁਲਜ਼ਮਾਂ ਨੂੰ ਪੁਲੀਸ ਫੜ ਨਹੀਂ ਰਹੀ, ਜਿਸ ਕਾਰਨ ਅੱਜ ਉਨ੍ਹਾਂ ਨੂੰ ਧਰਨੇ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਤਲ ਕੀਤੇ ਬੱਚੇ ਦੇ ਪਿਤਾ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੇ ਦਿਨ ਹੀ ਪੁਲੀਸ ਨੂੰ ਮੁੱਖ ਮੁਲਜ਼ਮਾਂ ਬਾਰੇ ਦੱਸ ਦਿੱਤਾ ਸੀ ਪਰ ਪੁਲੀਸ ਵਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ। ਪਰਿਵਾਰ ਅਤੇ ਇਕੱਠੇ ਹੋਏ ਲੋਕਾਂ ਨੇ ਮੰਗ ਕੀਤੀ ਕਿ ਕੱਲ੍ਹ ਭੋਗ ਤੋਂ ਪਹਿਲਾਂ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦੋ ਦੋਸ਼ੀ ਮੁਖ ਸਾਜਿਸ਼ਕਰਤਾ ਹਨ ਪਰ ਉਨ੍ਹਾਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਨਹੀਂ ਤਾਂ ਪਰਿਵਾਰ ਵੱਲੋਂ ਅਗਲਾ ਤਿੱਖਾ ਐਕਸ਼ਨ ਲਿਆ ਜਾਵੇਗਾ।

ਇਸ ਮੌਕੇ ਥਾਣਾ ਸਦਰ ਮਾਨਸਾ ਦੇ ਮੁਖੀ ਪਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਪੁਲੀਸ ਦੀ ਜਾਂਚ ਦੌਰਾਨ ਹੀ ਕਤਲ ਦੇ ਮੁੱਖ ਮੁਲਜ਼ਮ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਦੋ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਦੋ ਫ਼ਰਾਰ ਹਨ। ਉਨ੍ਹਾਂ ਨੂੰ ਫੜਨ ਲਈ ਲਗਾਤਾਰ ਛਾਪੇ ਜਾਰੀ ਹਨ।

ਪਿਛਲੇ ਦਿਨੀਂ ਮਾਨਸਾ ਦੇ ਪਿੰਡ ਕੋਟਲੀ ਕਲਾਂ ਵਿਚ ਛੇ ਸਾਲਾਂ ਦੇ ਬੱਚੇ ਦੀ ਬੁਲੇਟ ਮੋਟਰਸਾਈਕਲ ਸਵਾਰ ਦੋ ਜਾਣਿਆ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪਿੰਡ ਕੋਟਲੀ ਵਾਸੀ ਜਸਪ੍ਰੀਤ ਸਿੰਘ ਆਪਣੇ ਲੜਕੇ-ਲੜਕੀ ਨਾਲ ਘਰ ਜਾ ਰਿਹਾ ਸੀ ਤਾਂ ਅਚਾਨਕ ਬੁਲੇਟ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਇਸ ਦੌਰਾਨ ਗੋਲੀ ਬੱਚੇ ਦੇ ਸਿਰ ‘ਚ ਲੱਗ ਗਈ, ਜਿਸ ਨੂੰ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸਦੇ ਨਾਲ ਬੱਚੇ ਦੀ ਭੈਣ ਦੀ ਵੀ ਜ਼ਖ਼ਮੀ ਹੋ ਗਈ ਸੀ, ਜਿਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ।