‘ਦ ਖ਼ਾਲਸ ਬਿਊਰੋ : ਭਾਰਤ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਉਸਨੇ ਪਾਕਿਸਤਾਨ ਨੂੰ ਲਗਾਤਾਰ ਅਪੀਲ ਕੀਤੀ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ( Kartarpur Sahib ) ਜਾਣ ਵਾਲੇ ਸ਼ਰਧਾਲੂਆਂ ਤੋਂ ਕੋਈ ਫੀਸ ਨਾ ਲਈ ਜਾਵੇ ਪਰ ਪਾਕਿਸਤਾਨ ਨੇ ਭਾਰਤ ਦੀ ਇਸ ਮੰਗ ਉੱਤੇ ਹਾਲੇ ਤੱਕ ਗੌਰ ਨਹੀਂ ਕੀਤਾ ਹੈ। ਪਾਕਿਸਤਾਨ ਇਸ ਯਾਤਰਾ ਦੇ ਲਈ ਹੁਣ ਤੱਕ ਹਰ ਤੀਰਥਯਾਤਰੀ ਤੋਂ 20 ਡਾਲਰ ਲੈ ਰਿਹਾ ਹੈ।
ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਇੱਕ ਲਿਖਤੀ ਜਵਾਬ ਵਿੱਚ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ ਹੈ। ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਪਾਸਪੋਰਟ ਮੁਕਤ ਯਾਤਰਾ ਬਾਰੇ ਪੰਜਾਬ ਦੇ ਬਠਿੰਡਾ ਤੋਂ ਲੋਕ ਸਭਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਭਾਰਤ ਸਰਕਾਰ ਨੇ ਇਹ ਜਵਾਬ ਦਿੱਤਾ ਹੈ।
ਆਪਣੇ ਜਵਾਬ ਵਿੱਚ ਸਰਕਾਰ ਨੇ ਕਿਹਾ ਹੈ ਕਿ ਹੁਣ ਤੱਕ ਦੇ ਨਿਯਮਾਂ ਅਨੁਸਾਰ ਭਾਰਤੀ ਅਤੇ ਓਸੀਆਈ ਕਾਰਡ ਧਾਰਕ ਪ੍ਰਵਾਸੀ ਭਾਰਤੀ ਲੋਕ ਪਾਕਿਸਤਾਨ ਸਥਿਤ ਇਸ ਗੁਰਦੁਆਰਾ ਸਾਹਿਬ ਵਿਖੇ ਬਿਨਾਂ ਵੀਜ਼ਾ ਦੇ ਯਾਤਰਾ ਕਰਦੇ ਹਨ ਪਰ ਲੋਕਾਂ ਕੋਲ ਪਾਸਪੋਰਟ ਹੋਣਾ ਲਾਜ਼ਮੀ ਹੁੰਦਾ ਹੈ। ਸਰਕਾਰ ਨੇ ਦੱਸਿਆ ਕਿ ਇਸ ਯਾਤਰਾ ਨੂੰ ਪਾਸਪੋਰਟ ਮੁਕਤ ਬਣਾਉਣ ਦੇ ਲਈ ਕਈ ਅਪੀਲਾਂ ਉਨ੍ਹਾਂ ਨੂੰ ਮਿਲੀਆਂ ਹਨ, ਹਾਲਾਂਕਿ, ਉਨ੍ਹਾਂ ਨੇ ਇਸ ਬਾਰੇ ਪਾਕਿਸਤਾਨ ਦੇ ਰੁਖ਼ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਆਪਣੇ ਜਵਾਬ ਵਿੱਚ ਉਨ੍ਹਾਂ ਨੇ ਇਹ ਵੀ ਦੱਸਿਆ ਕਿ 9 ਨਵੰਬਰ 2019 ਨੂੰ ਇਸ ਕੋਰੀਡੋਰ ਦੇ ਖੁੱਲ੍ਹਣ ਤੋਂ ਲੈ ਕੇ ਹੁਣ ਤੱਕ 1.70 ਲੱਖ ਯਾਤਰੀ ਇਸ ਗੁਰਦੁਆਰਾ ਸਾਹਿਬ ਦੀ ਯਾਤਰਾ ਕਰ ਚੁੱਕੇ ਹਨ।
ਭਾਰਤ ਅਤੇ ਪਾਕਿਸਤਾਨ ਨੇ 9 ਨਵੰਬਰ 2019 ਨੂੰ ਸਾਂਝੇ ਤੌਰ ‘ਤੇ ਇਤਿਹਾਸਕ ਕਦਮ ਚੁੱਕਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਈ ਲਾਂਘਾ ਖੋਲ੍ਹਿਆ ਸੀ। ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਆਪੋ-ਆਪਣੇ ਧਰਤੀ ‘ਤੇ ਖੜ ਕੇ ਲਾਂਘੇ ਦਾ ਉਦਘਾਟਨ ਕੀਤਾ ਸੀ ਜਿਹੜਾ ਕਿ ਕੌਮਾਂਤਰੀ ਪੱਧਰ ‘ਤੇ ਚਰਚਾ ਬਣਿਆ। 70 ਸਾਲਾਂ ਬਾਅਦ ਸ਼ਰਧਾਲੂਆਂ ਦੀ ਆਸ ਨੂੰ ਬੂਰ ਪਿਆ। ਲਾਂਘਾ ਖੋਲ੍ਹਣ ਤੋਂ ਪਹਿਲਾਂ ਸ਼ਰਧਾਲੂ ਜਾਂ ਤਾਂ ਡੇਰਾ ਬਾਬਾ ਨਾਨਕ ਤੋਂ ਦੂਰਬੀਨ ਰਾਹੀਂ ਦਰਸ਼ਨ ਕਰਦੇ ਸਨ ਜਾਂ ਫਿਰ ਭਾਰਤ ਤੋਂ ਵਿਰਸਾਤ-ਏ-ਲਾਹੌਰ ਦਰਸ਼ਨਾਂ ਲਈ ਆਉਣਾ ਪੈਂਦਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਮੌਕੇ ਇਹ ਵਿਸ਼ੇਸ਼ ਲਾਂਘਾ ਖੋਲ੍ਹਿਆ ਗਿਆ ਸੀ। ਉਂਝ, ਲਾਂਘਾ ਖੋਲ੍ਹਣ ਦੀ ਗੱਲ 1999 ਵਿੱਚ ਵੀ ਤੁਰੀ ਸੀ। ਉਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਨ।
ਪਿੰਡ ਕਰਤਾਰਪੁਰ ਰਾਵੀ ਦਰਿਆ ਦੇ ਪੂਰਬੀ ਕੰਢੇ ‘ਤੇ ਵਸਿਆ ਹੋਇਆ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਮਰ ਦੇ ਅਖੀਰਲੇ 18 ਵਰ੍ਹੇ ਗੁਜ਼ਾਰੇ ਸਨ। ਕਰਤਾਰਪੁਰ ਦਾ ਲਾਂਘਾ ਖੁੱਲ੍ਹਦਿਆਂ ਹੀ ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਦੇਸ਼ਾਂ ਤੋਂ ਸ਼ਰਧਾਲੂ ਦਰਸ਼ਨਾਂ ਲਈ ਆ ਪਹੁੰਚੇ ਸਨ। ਪਾਕਿਸਤਾਨ ਤੋਂ ਰੋਜ਼ਾਨਾ ਦੋ ਹਜ਼ਾਰ ਸ਼ਰਧਾਲੂ ਆਉਂਦੇ ਰਹੇ ਹਨ।
ਪ੍ਰਾਪਤ ਅੰਕੜਿਆਂ ਮੁਤਾਬਕ ਨਵੰਬਰ 2019 ਵਿੱਚ ਜਦੋਂ ਲਾਂਘਾ ਖੁੱਲ੍ਹਿਆ ਸੀ ਤਾਂ ਸ਼ਰਤਾਂ ਸਖਤ ਹੋਣ ਦੇ ਬਾਵਜੂਦ ਵੀ 12 ਹਜ਼ਾਰ ਦੇ ਕਰੀਬ ਸ਼ਰਧਾਲੂ ਦਰਸ਼ਨਾਂ ਲਈ ਪਹੁੰਚੇ। ਉਸ ਤੋਂ ਬਾਅਦ 128 ਦਿਨਾਂ ਵਿੱਚ ਦੇਸ਼ – ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਨਤਮਸਤਕ ਹੋਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਨ ਸਮਾਗਮ ਉਲੀਕੇ ਗਏ।