Punjab

ਪੁਲਿਸ ਦਾ ਇੱਕ ਜਵਾਬ ! ਦੁਨੀਆ ਭਰ ਤੋਂ ਪੁੱਛੇ ਜਾ ਰਹੇ ਹਨ 100 ਸਵਾਲ ! ਵੇਖੋ ਖਾਸ ਰਿਪੋਰਟ

ਬਿਊਰੋ ਰਿਪੋਰਟ : ਅੰਮ੍ਰਿਤਪਾਲ ਸਿੰਘ ‘ਤੇ ਸਰਕਾਰ ਲਗਾਤਾਰ ਇੱਕ ਹੀ ਜਵਾਬ ਦੇ ਰਹੀ ਹੈ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਦਕਿ ਪਰਿਵਾਰ ਅਤੇ ਹਮਾਇਤੀ ਵੱਖ-ਵੱਖ ਵੀਡੀਓ ਦੇ ਜ਼ਰੀਏ ਦਾਅਵਾ ਕਰ ਰਹੇ ਹਨ ਕਿ ਪੁਲਿਸ ਨੇ ਸ਼ਨਿੱਚਵਾਰ ਹੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ । ਉਧਰ ਮਾਮਲਾ ਹੁਣ ਹਾਈਕੋਰਟ ਵੀ ਪਹੁੰਚ ਗਿਆ ਹੈ । ਅਦਾਲਤ ਨੇ ਮੰਗਲਵਾਰ ਤੱਕ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਦੌਰਾਨ ਦੇਸ਼ ਅਤੇ ਵਿਦੇਸ਼ ਦੋਵਾਂ ਥਾਵਾਂ ਤੋਂ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਮਾਨ ਸਰਕਾਰ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਸਭ ਤੋਂ ਵੱਡਾ ਸਵਾਲ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕਿਆ ਹੈ ।

ਜਥੇਦਾਰ ਸ੍ਰੀ ਅਕਾਲ ਤਖਤ ਦੀ ਨਸੀਹਤ

ਇਸ ਦਰਮਿਆਨ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਨੂੰ ਸਿਆਸੀ ਮੁਫਾਦਾਂ ਕਾਰਨ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਸਿਰਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਜੋ ਜਮਹੂਰੀਅਤ ਵਿੱਚ ਰਹਿ ਕੇ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਨੌਜਵਾਨ ਹਨ,ਉਨ੍ਹਾਂ ਨਾਲ ਸਰਕਾਰੀ ਜਬਰ ਅਤੇ ਨਾਜਾਇਜ਼ ਹਿਰਾਸਤ ਦਾ ਅਮਲ ਅਪਨਾਉਣ ਤੋਂ ਸਰਕਾਰਾ ਗੁਰੇਜ ਕਰਨ।’’ਕਹਿੰਦੇ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਹੰਢਾਇਆ ਹੈ ਅਤੇ ਹੁਣ ਚੰਗੇ ਭਵਿੱਖ ਵੱਲ ਤੁਰਨ ਦੀ ਲੋੜ ਹੈ। ਅਤੀਤ ਵਿੱਚ ਸਰਕਾਰਾਂ ਵੱਲੋਂ ਦਿੱਤੇ ਗਏ ਡੂੰਘੇ ਜ਼ਖ਼ਮ ਅਜੇ ਵੀ ਪੰਜਾਬ ਦੇ ਚੇਤਿਆਂ ਵਿੱਚ ਹਨ ਅਤੇ ਇਨ੍ਹਾਂ ਨੂੰ ਭਰਨ ਵਾਸਤੇ ਕਦੇ ਵੀ ਕਿਸੇ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ। ਇਸੇ ਲਈ ਸਿੱਖ ਨੌਜਵਾਨ ਮਾਨਸਿਕਤਾ ਵਿਚ ਸਮੇਂ ਦੀਆਂ ਸਰਕਾਰਾਂ ਦੀਆਂ ਵਧੀਕੀਆਂ ਅਤੇ ਵਿਤਕਰੇਬਾਜ਼ੀ ਖਿਲਾਫ ਡਾਢਾ ਅਸੰਤੋਸ਼ ਮੌਜੂਦ ਹੈ। ਕੁਝ ਵੱਡੀਆਂ ਤਾਕਤਾਂ ਹਰ ਵੇਲੇ ਮੌਕੇ ਦੀ ਤਾਕ ਵਿੱਚ ਰਹਿੰਦੀਆਂ ਹਨ ਜੋ ਸਿੱਖ ਨੌਜਵਾਨਾਂ ਨੂੰ ਦਿਸ਼ਾਹੀਣ ਕਰ ਕੇ ਬਲੀ ਦਾ ਬੱਕਰਾ ਬਨਾਉਣਾ ਚਾਹੁੰਦੇ ਹਨ।

ਗਿਆਨੀ ਹਰਪ੍ਰੀਤ ਸਿੰਘ ਸਿੱਖ ਨੌਜਵਾਨਾਂ ਨੂੰ ਵੀ ਟਕਰਾਅ ਦਾ ਰਾਹ ਅਪਣਾਉਣ ਦੀ ਥਾਂ ਆਪਣੇ ਬੌਧਿਕ ਅਤੇ ਅਕਾਦਮਿਕ ਕਾਇਆ-ਕਲਪ ਕਰਨ ਵਾਲੇ ਰਾਹ ’ਤੇ ਚੱਲਣ ਦੀ ਸਲਾਹ ਦਿੱਤੀ। ਉਨ੍ਹਾਂ ਸਰਕਾਰਾਂ ਤੇ ਦੋਸ਼ ਲਾਇਆ ਕਿ ਉਹਨਾਂ ਦੀਆਂ ਸਿੱਖਾਂ ਨੂੰ ਧਾਰਮਿਕ ਤੇ ਸਿਆਸੀ ਤੌਰ ਤੇ ਕਮਜ਼ੋਰ ਕਰਨ ਦੀਆਂ ਨੀਤੀਆਂ ਸਿਖਾਂ ਅੰਦਰ ਖਲਾਅ ਤੇ ਬੇਚੈਨੀ ਪੈਦਾ ਕਰਦੀਆਂ ਹਨ। ਅਜਿਹੇ ਅਮਲ ਨਾ ਸਰਕਾਰਾਂ ਲਈ ਅਤੇ ਨਾ ਹੀ ਪੰਜਾਬ ਦੇ ਹਿਤ ਵਿੱਚ ਹਨ, ਇਸ ਬਾਰੇ ਸੋਚਣ ਦੀ ਲੋੜ ਹੈ। ਅੱਜ ਸਮਾਂ ਮੰਗ ਕਰਦਾ ਹੈ ਕਿ ਅਤੀਤ ਦੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਸਰਕਾਰ ਸਿੱਖਾਂ ਦੇ ਧਾਰਮਿਕ, ਰਾਜਨੀਤਕ ਅਤੇ ਆਰਥਿਕ ਮਸਲਿਆਂ ਦਾ ਸਰਲੀਕਰਨ ਕਰਨ ਅਤੇ ਸਿੱਖਾਂ ਵਿਚ ਬੇਗਾਨਗੀ ਦੇ ਅਹਿਸਾਸ ਨੂੰ ਖਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿਆਸਤ ਤੇ ਸੱਤਾ ਦੇ ਹਿੱਤਾਂ ਨੂੰ ਪੂਰਨ ਵਾਸਤੇ ਸਰਕਾਰਾਂ ਨੂੰ ਘੱਟ ਗਿਣਤੀ ਨੌਜਵਾਨਾਂ ਵਿਚ ਦਹਿਸ਼ਤ, ਡਰ ਅਤੇ ਬੇਗਾਨਗੀ ਦਾ ਅਹਿਸਾਸ ਭਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਰਕਾਰਾਂ ਨੂੰ ਨਿਆਂਕਾਰੀ ਰਾਜ ਧਰਮ ਨੂੰ ਨਿਭਾਉਣ ਦੀ ਅਪੀਲ ਵੀ ਕੀਤੀ।

ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ

SGPC ਪ੍ਰਧਾਨ ਦਾ ਬਿਆਨ

ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਆਖਿਆ ਕਿ ਸਰਕਾਰਾਂ ਪੰਜਾਬ ਵਿਚ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਉਨਾਂ ਕਿਹਾ ਕੱਲ੍ਹ ਤੋਂ ਲੋਕਾਂ ਦੇ ਮਨਾਂ ਵਿਚ ਇਕ ਡਰ ਦਾ ਮਾਹੌਲ ਪਾ ਦਿੱਤਾ ਗਿਆ। ਇੰਟਰਨੈੱਟ, ਬੱਸਾਂ ਬੰਦ ਕਰਨਾ, ਧਾਰਾ 144 ਲਾਉਣਾ, ਇਸ ਨਾਲ ਲੋਕਾਂ ਨੂੰ ਪੁਰਾਣੇ ਸਮੇਂ ਚੇਤੇ ਆਈ ਜਾਂਦੀ ਹਨ। ਉਹ ਪੰਜਾਬ ਸਰਕਾਰ ਨੂੰ ਕਿਹਾ ਕਿ ਕਿ ਹਰ ਚੀਜ਼ ਦਾ ਇਕ ਸਿਸਟਮ ਹੁੰਦਾ ਹੈ। ਪਰ ਜੇਕਰ ਕਿਸੇ ਨੂੰ ਗ੍ਰਿਫਤਾਰ ਵੀ ਕਰਨਾ ਹੈ ਤਾਂ ਉਸ ਦਾ ਕੋਈ ਢੰਗ-ਤਰੀਕਾ ਹੁੰਦਾ ਹੈ। ਪਰ ਜਿਸ ਤਰ੍ਹਾਂ ਅੱਜ ਪੰਜਾਬ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਉਹ ਕੋਈ ਚੰਗੀ ਗੱਲ ਨਹੀਂ ਹੈ।

ਕੌਮੀ ਇਨਸਾਫ ਮੋਰਚੇ ਵੱਲੋਂ ਵਿਰੋਧ

ਕੌਮੀ ਇਨਸਾਫ ਮੋਰਚਾ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਦੀ ਉਨ੍ਹਾਂ ਵੱਲੋਂ ਨਿੰਦਾ ਕੀਤੀ ਜਾਂਦੀ ਹੈ ਅਤੇ ਮੋਰਚੇ ਵਿੱਚ ਫੁੱਟ ਦੀਆਂ ਅਫਵਾਹਾਂ ਦਾ ਖੰਡਨ ਕਰਦਾ ਹੈ । ਅੰਮ੍ਰਿਤਪਾਲ ਸਿੰਘ ਖਿਲਾਫ ਕੀਤੀ ਗਈ ਸਰਕਾਰ ਦੀ ਕਾਰਵਾਈ ਉਤੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਵਿੱਚ ਬਾਪੂ ਗੁਰਚਰਨ ਸਿਘ ਵੱਲੋਂ ਨੌਜਵਾਨਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ ।

ਪੰਥ ਸੇਵਕ ਸ਼ਖਸੀਅਤਾਂ ਦਾ ਬਿਆਨ

ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਦਿੱਲੀ ਦਰਬਾਰ (ਹਿੰਦ ਸਟੇਟ) ਵੱਲੋਂ ਮਿੱਥ ਕੇ ਪੰਜਾਬ ਵਿਚ ਦਹਿਸ਼ਤ ਦਾ ਮਹੌਲ ਬਣਾਇਆ ਜਾ ਰਿਹਾ ਹੈ। ਜਿਸ ਢੰਗ ਨਾਲ ਜਾਣਕਾਰੀ ਤੇ ਆਪਸੀ ਤਾਲਮੇਲ ਦੇ ਸਰੋਤ (ਇੰਟਰਨੈਟ) ਬੰਦ ਕਰਕੇ ਪੰਜਾਬ ਭਰ ਵਿਚੋਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਹ ਦਰਸਾਉਂਦਾ ਹੈ ਕਿ ਦਿੱਲੀ ਦਰਬਾਰ ਪੰਜਾਬ ਤੇ ਸਿੱਖਾਂ ਵਿਰੁਧ ਵਿਆਪਕ ਬਿਰਤਾਂਤ ਸਿਰਜਣ ਦੀ ਮੁਹਿੰਮ ਵਿੱਢ ਚੁੱਕਾ ਹੈ। ਕਿਸੇ ਮਾਮਲੇ ਵਿਚ ਲੋੜੀਂਦੇ ਵਿਅਕਤੀ ਦੀ ਗ੍ਰਿਫਤਾਰੀ ਬਾਰੇ ਤੈਅ ਨੇਮਾਂ ਨੂੰ ਛਿੱਕੇ ਟੰਗ ਕੇ ਜਿਸ ਢੰਗ ਨਾਲ ਰਾਜ-ਸੱਤਾ ਦੀ ਤਾਕਤ ਦਾ ਪ੍ਰਦਰਸ਼ਨ ਕਰਕੇ ਇਹ ਗ੍ਰਿਫਤਾਰੀ ਮੁਹਿੰਮ ਚਲਾਈ ਜਾ ਰਹੀ ਹੈ ਉਹ ਦਰਸਾਉਂਦਾ ਹੈ ਕਿ ਹਕੂਮਤ ਪੰਜਾਬ ਤੇ ਸਿੱਖਾਂ ਨੂੰ ਦਹਿਸ਼ਤਜ਼ਦਾ ਕਰਨ ਤੇ ਬਦਨਾਮ ਕਰਨ ਲਈ ਸਭ ਹੱਦ-ਬੰਨੇ ਟੱਪ ਰਹੀ ਹੈ।

ਪੰਜਾਬ ਭਰ ਵਿਚ ਬੀਤੇ ਦਿਨ ਤੋਂ ਹੋ ਰਹੀਆਂ ਗ੍ਰਿਫਤਾਰੀਆਂ ਤੇ ਛਾਪੇਮਾਰੀ ਬਾਰੇ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਪੰਜਾਬ ਤੇ ਸਿੱਖਾਂ ਨੂੰ ਬਦਨਾਮ ਕਰਕੇ ਨਿਖੇੜਨ ਅਤੇ ਨਿਸ਼ਾਨੇ ਉੱਤੇ ਲਿਆਉਣ ਦੀ ਉਸੇ ਲੜੀ ਦਾ ਹੀ ਅਗਲਾ ਹਿੱਸਾ ਹੈ ਜਿਸ ਤਹਿਤ ਸਿੱਖਾਂ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਕੀਤੀ ਮਨੁੱਖਤਾ ਦੀ ਸੇਵਾ ਅਤੇ ਕਿਰਸਾਨੀ ਸਾਂਝੇ ਸੰਘਰਸ਼ ਵਿਚ ਨਿਭਾਈ ਮੂਹਰੀ ਭੂਮਿਕਾ ਕਾਰਨ ਉਪਮਹਾਂਦੀਪ ਅਤੇ ਆਲਮੀ ਪੱਧਰ ਉੱਤੇ ਬਣੀ ਸਾਖ ਤੇ ਸਮਰੱਥਾ ਨੂੰ ਢਾਹ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾ ਕਿਹਾ ਕਿ ਪੰਜਾਬ ਅਤੇ ਸਿੱਖਾਂ ਦੀ ਸਾਖ ਤੇ ਸਮਰੱਥਾ, ਅਤੇ ਸਿੱਖ ਨੌਜਵਾਨਾਂ ਵਿਚ ਆਈ ਚੇਤਨਾ ਦਿੱਲੀ ਦਰਬਾਰ ਨੂੰ ਭੈਭੀਤ ਕਰ ਰਹੀ ਹੈ ਜਿਸ ਕਾਰਨ ਦਿੱਲੀ ਦੀਆਂ ਏਜੰਸੀਆਂ ਪੰਜਾਬ ਦੇ ਹਾਲਾਤ ਵਿਚ ਅਸਥਿਰਤਾ ਵਾਲੀ ਸਥਿਤੀ ਬਣਾ ਕੇ ਰੱਖਣਾ ਚਾਹੁੰਦੀ ਹੈ ਤਾਂ ਕਿ ਜ਼ਬਰ-ਜੁਲਮ ਤੇ ਵਧੀਕੀ ਦੀਆਂ ਕਾਰਵਾਈਆਂ ਨੂੰ ਵਾਜਬ ਠਹਿਰਾਉਣ ਦਾ ਯਤਨ ਕੀਤਾ ਜਾ ਸਕੇ।

ਪੰਥ ਸੇਵਕ ਸ਼ਖਸੀਅਤਾਂ ਦਾ ਬਿਆਨ

ਲੁਧਿਆਣਾ ਵਿੱਚ ਪ੍ਰਦਰਸ਼ਨ

ਸਿੱਖ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੁਲੀਸ ਕਾਰਵਾਈ ਦੇ ਵਿਰੋਧ ਵਿੱਚ ਲੁਧਿਆਣਾ ਵਿੱਚ ਪ੍ਰਦਰਸ਼ਨ ਦੇ ਕੋਸ਼ਿਸ਼ ਕਰ ਰਹੇ ਉਸ ਦੇ ਘੱਟੋ ਘੱਟ 21 ਸਮਰਥਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਲੁਧਿਆਣਾ ਰੇਂਜ ਦੇ ਆਈਜੀ ਪੁਲੀਸ ਕੌਸਤਭ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ‘ਧਰਨਾ’ ਲਾਉਣ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਲੁਧਿਆਣਾ ਦੇ ਨਵਾਂਸ਼ਹਿਰ, ਦਾਖਾ ਅਤੇ ਸਿੱਧਵਾਂ ਵਿੱਚ ਫਲੈਗ ਮਾਰਚ ਕੀਤਾ ਅਤੇ ਇਲਾਕੇ ਵਿੱਚ ਸ਼ਾਂਤੀ ਬਣੀ ਹੋਈ ਹੈ।

ਭਾਈ ਅੰਮ੍ਰਿਤਪਾਲ ਸਿੰਘ ਮੁਖੀ ਵਾਰਿਸ ਪੰਜਾਬ ਦੇ ਅਤੇ ਓਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੇ ਵਿਰੋਧ ਵਿੱਚ ਸ੍ਰੀ ਮਾਨ ਸੰਤ ਬਾਬਾ ਸ਼ਿੰਦਰ ਜੀ ਫਤਹਿਗੜ੍ਹ ਸਭਰਾਵਾਂ ਵਾਲਿਆਂ ਵੱਲੋਂ ਬੰਗਾਲੀ ਵਾਲੇ ਪੁਲ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੱਕਾ ਧਰਨਾ ਸਵੇਰੇ 6ਵਜੇ ਤੋਂ ਚੱਲ ਰਿਹਾ ਹੈ ਸੰਗਤ ਦੀ ਗਿਣਤੀ ਹਜਾਰਾਂ ਚ ਅਤੇ ਪਲ ਪਲ ਵੱਧ ਰਹੀ ਹੈ

ਕੌਮਾਂਤਰੀ ਪੱਧਰ ‘ਤੇ ਪ੍ਰਦਰਸ਼ਨ

ਅਸਟ੍ਰੇਲੀਆ ਦੇ ਐਡੀਲੇਡ ਵਿੱਚ ਵਿਸਾਖੀ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਹੀ ਅੰਮ੍ਰਿਤਪਾਲ ਸਿੰਘ ਖਿਲਾਫ਼ ਪੰਜਾਬ ਦੀ ਕਾਰਵਾਈ ਦਾ ਵਿਰੋਧ ਕੀਤਾ ਗਿਆ ਹੈ। ਇਸ ਮੌਕੇ ਸਿੱਖ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਨੂੰ ਪਰੇਸ਼ਾਨ ਨਾ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਪੂਰੀ ਦੁਨੀਆ ਦੇ ਸਿੱਖ ਪੰਜਾਬ ਵਿੱਚ ਸੜਕਾਂ ਉੱਤੇ ਉਤਰਨਗੇ ਤੇ ਇੱਥੇ ਵੀ ਕੌਂਸਲਟਾਂ ਘੇਰੀਆਂ ਜਾਣਗੀਆਂ, ਜੇ ਅੰਮ੍ਰਿਤਪਾਲ ਸਿੰਘ ਨੂੰ ਪਰੇਸ਼ਾਨ ਕਰਨ ਤੋਂ ਨਾ ਹਟਿਆ ਗਿਆ। ਸਰਕਾਰਾਂ ਨੂੰ ਖ਼ਾਲਿਸਤਾਨ ਬਣਨ ਤੋਂ ਡਰ ਹੈ। ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਜਲਦ ਰਿਹਾਅ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਵੀ ਨਿਸ਼ਾਨੇ ਕਸੇ। ਇਸ ਮੌਕੇ ਸਿੱਖ ਰਾਜ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਅਮ੍ਰਿਤਪਾਲ ਸਿੰਘ ਦਾ ਹਮਾਇਤ ਵਿੱਚ 19 ਮਾਰਚ ਨੂੰ ਇਕੱਠ ਰੱਖਿਆ ਗਿਆ ਹੈ। ਇਸ ਇਕੱਠ ਲਈ ਸੱਦਾ ਦਿੰਦੇ ਇੱਕ ਪੋਸਟਰ ਵਿੱਚ ਅਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਲੋਕਾਂ ਨੂੰ 3ਈ 64 ਸਟਰੀਟ ਨਿਊ ਯਾਰਕ ਵਿੱਚ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ।
ਵਿਦੇਸ਼ਾਂ ਤੋਂ ਵੀ ਲੀਡਰਾਂ ਦੇ ਵੱਖ ਵੱਖ ਪ੍ਰਤੀਕਰਮ ਸਾਹਮਣੇ ਆਏ ਹਨ। ਕੈਨੇਡਾ ਵਿੱਚ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਟਵਿੱਟਰ ਉਪਰ ਲਿਖਿਆ ਹੈ, “ਮੈਂ ਇਸ ਗੱਲ ਨਾਲ ਚਿੰਤਿਤ ਹਾਂ ਕਿ ਭਾਰਤ ਨੇ ਸ਼ਹਿਰੀਆਂ ਦੇ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸੂਬੇ ਵਿੱਚ ਇੰਟਰਨੈੱਟ ਬੰਦ ਕੀਤਾ ਹੈ।” ਉਹਨਾਂ ਇੱਕ ਹੋਰ ਟਵੀਟ ਵਿੱਚ ਕਿਹਾ, “ਮੈਂ ਜਸਟਿਨ ਟਰੂਡੋ ਅਤੇ ਲਿਬਰਲ ਸਰਕਾਰ ਨੂੰ ਕਹਿੰਦਾ ਹਾਂ ਕਿ ਨਾਗਰਿਕ ਆਜ਼ਾਦੀ ਖਤਮ ਕਰਨ ਅਤੇ ਵਿਦੇਸ਼ਾਂ ਵਿੱਚ ਕੈਨੇਡੀਅਨਾਂ ਦੀ ਸੁਰੱਖਿਆ ਬਾਰੇ ਤੁਰੰਤ ਆਪਣੇ ਭਾਰਤੀ ਹਮਰੁਤਬਾ ਨਾਲ ਸੰਪਰਕ ਕਰਨ।”

ਕੈਨੇਡਾ ਦੇ ਐਡਮਿੰਟਨ ਮਿੱਲ ਵੁਡਸ ਤੋਂ ਮੈਂਬਰ ਪਾਰਲੀਮੈਂਟ ਟਿੰਮ ਉੱਪਲ ਨੇ ਇੱਕ ਟਵੀਟ ਕਰਕੇ ਲਿਖਿਆ, “ਭਾਰਤ ਦੇ ਪੰਜਾਬ ਵਿੱਚੋਂ ਆ ਰਹੀਆਂ ਰਿਪੋਰਟਾਂ ਨਾਲ ਕਾਫ਼ੀ ਚਿੰਤਿਤ ਹਾਂ। ਸਰਕਾਰ ਨੇ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਹਨ ਅਤੇ ਕੁਝ ਇਲਾਕਿਆਂ ਵਿੱਚ 4 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉਪਰ ਪਾਬੰਧੀ ਲਗਾਈ ਗਈ ਹੈ। ਅਸੀਂ ਹਲਾਤ ਦਾ ਨੇੜੇ ਤੋਂ ਜਾਇਜਾ ਲੈ ਰਹੇ ਹਾਂ।”

ਮਿਸੀਸਾਗਾ-ਮਾਲਟਨ ਤੋਂ ਇੱਕ ਹੋਰ ਮੈਂਬਰ ਪਾਰਲੀਮੈਂਟ ਇੱਕਵਿੰਦਰ ਸਿੰਘ ਗਹੀਰ ਨੇ ਟਵੀਟ ਕੀਤਾ ਹੈ, “ਮੈਂ ਇਸ ਗੱਲ ਨਾਲ ਦੁਖੀ ਹਾਂ ਕਿ ਭਾਰਤ ਵਿੱਚ ਪੰਜਾਬ ਅੰਦਰ ਵੱਡੇ ਪੱਧਰ ਉਪਰ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਹਨ ਅਤੇ 4 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉਪਰ ਰੋਕ ਲਗਾਈ ਗਈ ਹੈ। ਲੋਕਤੰਤਰ ਵਿੱਚ ਨਾਗਰਿਕਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਨੂੰ ਬਣ ਕੇ ਰੱਖਿਆ ਜਾਵੇ।”

ਯੂਨਾਇਟਡ ਸਿੱਖ ਨਾਮ ਦੀ ਸੰਸਥਾ ਨੇ ਟਵੀਟ ਕਰਕੇ ਲਿਖਿਆ ਹੈ, “ਮਨੁੱਖੀ ਅਧਿਕਾਰ ਲੋਕਤੰਤਰ ਦਾ ਆਧਾਰ ਹੁੰਦੇ ਹਨ। ਭਾਰਤ ਸਰਕਾਰ ਸਿੱਖਾਂ ‘ਤੇ ਜ਼ੁਲਮ ਕਰਨ ਲਈ ਹਰ ਸੰਭਵ ਤਰੀਕੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਆਪਣੇ ਰਿਕਾਰਡ ਕਾਇਮ ਕਰ ਰਹੀ ਹੈ। ਭਾਰਤ ‘ਚ ਸਿੱਖਾਂ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵੱਡੇ ਅੱਤਿਆਚਾਰ ਕਿਉਂ ਹੋ ਰਹੇ ਹਨ? ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦਾ ਕੀ ਅਧਾਰ ਹੈ?

ਯੂਨਾਇਟਡ ਸਿੱਖ ਨਾਮ ਦੀ ਸੰਸਥਾ ਨੇ ਟਵੀਟ ਕਰਕੇ ਲਿਖਿਆ ਹੈ, “ਮਨੁੱਖੀ ਅਧਿਕਾਰ ਲੋਕਤੰਤਰ ਦਾ ਆਧਾਰ ਹੁੰਦੇ ਹਨ। ਭਾਰਤ ਸਰਕਾਰ ਸਿੱਖਾਂ ‘ਤੇ ਜ਼ੁਲਮ ਕਰਨ ਲਈ ਹਰ ਸੰਭਵ ਤਰੀਕੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਆਪਣੇ ਰਿਕਾਰਡ ਕਾਇਮ ਕਰ ਰਹੀ ਹੈ। ਭਾਰਤ ‘ਚ ਸਿੱਖਾਂ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵੱਡੇ ਅੱਤਿਆਚਾਰ ਕਿਉਂ ਹੋ ਰਹੇ ਹਨ? ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦਾ ਕੀ ਅਧਾਰ ਹੈ?