Khetibadi Punjab

ਬੇਮੌਸਮੀ ਮੀਂਹ ਅਤੇ ਝੱਖੜ ਨੇ ਪੰਜਾਬ ’ਚ ਕਣਕ ਦੀ ਫ਼ਸਲ ਹੋਈ ਬਰਬਾਦ, ਮੁਆਵਜ਼ੇ ਦੀ ਉੱਠੀ ਮੰਗ…

Unseasonal rain, destroyed wheat crop

ਚੰਡੀਗੜ੍ਹ : ਪੰਜਾਬ ਵਿੱਚ ਲੰਘੀ ਰਾਤ ਤੇਜ਼ ਹਵਾ ਨਾਲ ਪਏ ਮੀਂਹ ਨੇ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ। ਕਈ ਇਲਾਕਿਆਂ ਵਿੱਚ ਪੱਕਣ ਲਈ ਤਿਆਰ ਖੜ੍ਹੀ ਖੇਤਾਂ ਵਿੱਚ ਕਣਕ ਦੀ ਫਸਲ ਵਿਛ ਗਈ ਹੈ। ਕਣਕ ਦੀ ਫਸਲ ਨੂੰ ਨੁਕਸਾਨ ਹੋਣ ਤੋਂ ਪਰੇਸ਼ਾਨ ਕਿਸਾਨ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਇੰਨਾ ਹੀ ਨਹੀਂ ਬੇਮੌਸਮੀ ਮੀਂਹ ਵਾਢੀ ਲਈ ਤਿਆਰ ਖੜ੍ਹੀ ਸਰੋਂ ਦੀ ਫ਼ਸਲ ਲਈ ਨੁਕਸਾਨਦਾਇਕ ਹੈ। ਕਣਕ ਦੀ ਫਸਲ ਖੇਤਾਂ ਵਿਚ ਖੜ੍ਹੀ ਹੋਣ ਕਾਰਨ ਚੰਗੀ ਪੈਦਾਵਾਰ ਹੋਣ ਦੀ ਉਮੀਦ ਸੀ ਪਰ ਰਾਤ ਮੀਂਹ ਅਤੇ ਹਨੇਰੀ ਦੀ ਆਫ਼ਤ ਕਾਰਨ ਕਿਸਾਨਾਂ ਵੱਲੋਂ ਪੁੱਤਾਂ ਵਾਂਗੂ ਪਾਲੀ ਕਣਕ ਦੀ ਫਸਲ ਖੇਤਾਂ ਵਿਚ ਲੰਮੇ ਪੈਣ ਕਾਰਨ ਉਮੀਦਾਂ ਤੇ ਪਾਣੀ ਫਿਰ ਗਿਆ ਹੈ।

ਜਾਣਕਾਰੀ ਮੁਤਾਬਿਕ ਪੰਜਾਬ ਵਿੱਚ ਬੀਤੀ ਸ਼ਾਮ ਤੋਂ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਰਾਤ ਸਮੇਂ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਫਰੀਦਕੋਟ, ਗੁਰਦਾਸਪੁਰ, ਨਵਾਂ ਸ਼ਹਿਰ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਸੰਗਰੂਰ ਇਲਾਕੇ ਵਿੱਚ ਪਏ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਤੋਂ ਪਹਿਲਾਂ ਪਰਸੋਂ ਰਾਤ ਨੂੰ ਮਾਝੇ ਦੇ ਇਲਾਕਿਆਂ ਵਿੱਚ ਮੀਂਹ ਅਤੇ ਝੱਖੜ ਨੇ ਕਣਕ ਦੀ ਫਸਲ ਦਾ ਨੁਕਸਾਨ ਕੀਤਾ ਸੀ।

ਦਰਅਸਲ ਤੇਜ਼ ਹਨੇਰੀ ਕਾਰਨ ਕਣਕ ਦੀ ਫ਼ਸਲ ਜ਼ਮੀਨ ‘ਤੇ ਵਿਛ ਜਾਂਦੀ ਹੈ ਅਤੇ ਪਾਣੀ ਜਮ੍ਹਾਂ ਹੋਣ ਕਾਰਨ ਖ਼ਰਾਬ ਹੋਣਾ ਸ਼ੁਰੂ ਹੋ ਜਾਂਦੀ ਹੈ | ਜੇਕਰ ਖੇਤ ਵਿੱਚ ਪਾਣੀ ਨਾ ਹੋਵੇ ਤਾਂ ਬਹੁਤਾ ਨੁਕਸਾਨ ਨਹੀਂ ਹੁੰਦਾ।

ਮੌਸਮ ਵਿਭਾਗ ਵੱਲੋਂ ਚੇਤਾਵਨੀ

ਮੌਸਮ ਵਿਭਾਗ ਮੁਤਾਬਿਕ 21 ਮਾਰਚ 2023 ਤੱਕ ਮੀਂਹ ਦੇ ਨਾਲ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਝੱਖੜ ਆਉਣ ਦੀ ਸੰਭਾਵਨਾ ਹੈ। ਉੱਤਰੀ ਪੱਛਮੀ ਭਾਰਤ ਵਿੱਚ ਪੱਛਮੀ ਗੜਬੜੀ ਦੇ ਆਉਣ ਨਾਲ ਅਸਮਾਨ ਉੱਤੇ ਬੱਦਲਵਾਈ ਛਾ ਗਈ ਹੈ। ਆਉਣ ਵਾਲੇ ਤਿੰਨ ਚਾਰ ਦਿਨਾਂ ਵਿੱਚ ਇਸ ਖੇਤਰ ਵਿੱਚ ਮੀਂਹ ਪੈਣ ਦੀ ਗਤੀਵਿਧੀ ਵਿੱਚ ਵਾਧਾ ਹੋਵੇਗਾ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਗਲੇ 2-3 ਦਿਨਾਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਗਰਜ਼-ਤੂਫ਼ਾਨ ਦੀ ਸੰਭਾਵਨਾ ਹੈ। ਅਗਲੇ ਪੰਜ ਦਿਨਾਂ ਵਿੱਚ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 5 ਡਿਗਰੀ ਦੀ ਗਿਰਾਵਟ ਆਉਣ ਦੀ ਵੀ ਸੰਭਾਵਨਾ ਹੈ।

ਕਿਸਾਨਾਂ ਨੂੰ ਸਲਾਹ

ਕਣਕ ਦੀ ਫਸਲ ਵਿੱਚ ਕੀਟਨਾਸ਼ਕ, ਖਾਦ ਅਤੇ ਸਿੰਜਾਈ ਕਰਨਾ ਫਿਲਹਾਲ ਮੁਲਤਬੀ ਕਰੋ। ਸਰੋਂ ਦੀ ਫਸਲ ਦੀ ਵਾਢੀ ਵੀ ਅੱਗੇ ਪਾਉਣ ਅਤੇ ਕੱਟੀ ਹੋਈ ਫਸਲ ਨੂੰ ਸੁਰੱਖਿਅਤ ਜਗ੍ਹਾ ਉੱਤੇ ਰੱਖੋ।ਮੌਸਮ ਸਬੰਧੀ ਤਾਜ਼ਾ ਜਾਣਕਾਰੀ ਲਈ ‘ਦ ਖ਼ਾਲਸ ਟੀਵੀ’ ਨਾਲ ਜੁੜੇ ਰਹੋ। ਵਾਢੀ ਦੇ ਸੀਜਨ ਦੌਰਾਨ ਲਗਾਤਾਰ ਕਿਸਾਨਾਂ ਨੂੰ ਮੌਸਮ ਦੀ ਅਗਾਊਂ ਸੂਚਨਾ ਦੇਵਾਂਗੇ ਤਾਂਕਿ ਵੱਡੇ ਨੁਕਸਾਲ ਤੋਂ ਬਚਾਅ ਹੋ ਸਕੇ।