ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਆਪਣੇ 5 ਮੰਤਰੀਆਂ ਦੇ ਵਿਭਾਗਾਂ ਨੂੰ ਲੈਕੇ ਵੱਡਾ ਫੇਬਬਦਲ ਕੀਤਾ ਹੈ । ਸਭ ਤੋਂ ਵੱਧ ਨੁਕਸਾਨ ਮਾਨ ਕੈਬਨਿਟ ਵਿੱਚ ਨੰਬਰ ਤਿੰਨ ਦੀ ਪੁਜੀਸ਼ਨ ‘ਤੇ ਮੰਨੇ ਜਾਣ ਵਾਲੇ ਮੰਤਰੀ ਅਮਨ ਅਰੋੜਾ ਨੂੰ ਹੋਇਆ ਹੈ। ਮੁੱਖ ਮੰਤਰੀ ਨੇ ਉਨ੍ਹਾਂ ਤੋਂ 2 ਅਹਿਮ ਮੰਤਰਾਲੇ ਵਾਪਸ ਲੈਕੇ 2 ਕਮਜ਼ੋਰ ਮੰਤਰਾਲੇ ਸੌਂਪ ਦਿੱਤੇ ਹਨ । ਜਿਹੜੇ 2 ਮੰਤਰਾਲੇ ਉਨ੍ਹਾਂ ਤੋਂ ਵਾਪਸ ਲਏ ਗਏ ਹਨ ਉਸ ਵਿੱਚ ਸ਼ਹਿਰੀ ਵਿਕਾਸ ਮੰਤਰਾਲੇ ਵਰਗਾ ਅਹਿਮ ਵਿਭਾਗ ਹੈ ਜਿਸ ਨੂੰ ਕਾਫੀ ਵੱਡਾ ਮੰਤਰਾਲਾ ਮੰਨਿਆ ਜਾਂਦਾ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਆਪਣੇ ਕੋਲ ਲੈ ਲਿਆ ਹੈ । ਇਸ ਤੋਂ ਇਲਾਵਾ ਪ੍ਰੈਸ ਨਾਲ ਜੁੜਿਆ ਮੰਤਰਾਲਾ ਇਨਫੋਮੇਸ਼ਨ ਐਂਡ ਪਬਲਿਕ ਰਿਲੇਸ਼ਨ ਵਿਭਾਗ ਵੀ ਉਨ੍ਹਾਂ ਤੋਂ ਵਾਪਸ ਲੈਕੇ ਚੇਤਨ ਸਿੰਘ ਜੌੜਾਮਾਜਰਾ ਨੂੰ ਦੇ ਦਿੱਤਾ ਗਿਆ ਹੈ ।
ਕੈਬਨਿਟ ਮੰਤਰੀ ਮੀਤ ਹੇਅਰ ਤੋਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਵਾਪਲ ਲਿਆ ਗਿਆ ਹੈ ਅਤੇ ਇਸ ਨੂੰ ਅਮਨ ਅਰੋੜਾ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਨਮੋਲ ਗਗਨ ਮਾਨ ਤੋਂ ਨਿਊ ਐਂਡ ਰੀਨਿਉਬਲ ਐਨਰਜੀ ਰਿਸੋਰਸ ਵਿਭਾਗ ਵਾਪਸ ਲੈਕੇ ਅਮਨ ਅਰੋੜਾ ਨੂੰ ਦਿੱਤਾ ਗਿਆ ਹੈ । ਇਸ ਤਰ੍ਹਾ ਅਮਨ ਅਰੋੜਾ ਤੋਂ 2 ਅਹਿਮ ਵਿਭਾਗ ਵਾਪਸ ਲੈਕੇ 2 ਉਹ ਮੰਤਰਾਲੇ ਸੌਂਪੇ ਗਏ ਹਨ ਜਿਸ ਨੂੰ ਜ਼ਿਆਦਾ ਤਾਕਤਵਰ ਨਹੀਂ ਮੰਨਿਆ ਜਾਂਦਾ ਹੈ । ਲਾਲਜੀਤ ਸਿੰਘ ਭੁੱਲਰ ਦਾ ਵੱਡਾ ਪ੍ਰਮੋਸ਼ਨ ਹੋਇਆ ਹੈ,ਉਨ੍ਹਾਂ ਕੋਲ ਪਹਿਲਾਂ ਹੀ ਟਰਾਂਸਪੋਰਟ ਵਿਭਾਗ ਸੀ ਇਸ ਦੇ ਨਾਲ ਉਨ੍ਹਾਂ ਨੂੰ ਫੂਡ ਪ੍ਰੋਸੈਸਿੰਗ ਵਰਗੇ ਵੱਡੇ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਪਹਿਲਾਂ ਇਹ ਮੰਤਰਾਲਾ ਚੇਤਨ ਸਿੰਘ ਜੌੜਾਮਾਜਰਾ ਕੋਲ ਸੀ । ਪੰਜਾਬ ਕੈਬਨਿਟ ਵਿੱਚ 17 ਮੰਤਰੀ ਬਣ ਸਕਦੇ ਹਨ। ਇਸ ਵੇਲੇ ਮਾਨ ਕੈਬਨਿਟ ਵਿੱਚ 14 ਮੰਤਰੀ ਹਨ 3 ਮੰਤਰੀਆਂ ਦੀ ਥਾਂ ਖਾਲੀ ਹੈ।