ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ( Punjabi singer Sidhu Moosewala murder case ) ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ( Gangster Lawrence Bishnoi ) ਵੀ ਨਾਮਜ਼ਦ ਹੈ। ਜਦੋਂ ਇੱਕ ਪਾਸੇ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਲਾਰੈਂਸ ਬਿਸ਼ਨੋਈ ਨੇ ਕਥਿਤ ਤੌਰ ਉੱਤੇ ਜੇਲ੍ਹ ਤੋਂ ਇੱਕ ਨਿੱਜੀ ਚੈਨਲ ABP ਨਿਊਜ਼ ਨੂੰ ਲਾਈਵ ਇੰਟਰਵਿਊ ਦੇ ਕੇ ਸਰਕਾਰ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਨਿੱਜੀ ਚੈਨਲ ਨੇ ਦਾਅਵਾ ਕੀਤਾ ਹੈ ਕਿ ਇਹ ਪੰਜਾਬ ਦੀ ਇੱਕ ਜੇਲ੍ਹ ਤੋਂ ਹੀ ਇੰਟਰਵਿਊ ਲਈ ਗਈ ਹੈ। ਚੈਨਲ ਦੇ ਪੱਤਰਕਾਰ ਨੂੰ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਬਾਰੇ ਕਈ ਖੁਲਾਸੇ ਕੀਤੇ ਹਨ।
ਚੈਨਲ ਦੀ ਖ਼ਬਰ ਮੁਤਾਬਿਕ ਬਿਸ਼ਨੋਈ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਗੈਂਗਸਟਰ ਗੋਲਡੀ ਬਰਾੜ ਤੇ ਸਚਿਨ ਬਿਸ਼ਨੋਈ ਨੇ ਹੀ ਕਰਵਾਇਆ ਹੈ। ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਬਾਰੇ ਕਿਹਾ ਕਿ ‘ਸਿੱਧੂ ਨੇ ਸਾਡੇ ਲੋਕਾਂ ਨੂੰ ਮਾਰਿਆ ਸੀ। ਇਸ ਲਈ ਅਸੀਂ ਉਸਨੂੰ ਸਜ਼ਾ ਦਿੱਤੀ ਹੈ।‘
ਬਿਸ਼ਨੋਈ ਨੇ ਇਹ ਵੀ ਕਿਹਾ ਕਿ ‘ਉਹ ਯੂਪੀ ਤੋਂ ਹਥਿਆਰ ਲੈ ਕੇ ਆਇਆ ਸੀ। ਉਸਨੇ ਕਿਹਾ ਕਿ ਮੈਨੂੰ ਬਾਹਰੀ ਦੁਨੀਆ ਦਾ ਪਤਾ ਵੀ ਨਹੀਂ ਹੈ, ਹੁਣ ਜੇਲ੍ਹ ਹੀ ਮੇਰਾ ਹੋਸਟਲ ਹੈ।‘ ਉਸਨੇ ਕਿਹਾ ਕਿ ‘ਮੈਂ ਹੀ ਗੋਲਡੀ ਨੂੰ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਸਾਡਾ ਦੁਸ਼ਮਣ ਹੈ ਅਤੇ ਐਂਟੀ ਗੈਂਗ ਨਾਲ ਜੁੜ ਕੇ ਉਨ੍ਹਾਂ ਨੂੰ ਮਜ਼ਬੂਤ ਕਰਨਾ ਚਾਹੁੰਦਾ ਸੀ।‘ਉਸਨੇ ਇਹ ਵੀ ਕਿਹਾ ਕਿ ‘ਸਿੱਧੂ ਮੂਸੇਵਾਲਾ ਦਾ ਕਤਲ ਗੋਲਡੀ ਬਰਾੜ ਨੇ ਕਰਵਾਇਆ ਸੀ। ਮੈਨੂੰ ਕਤਲ ਬਾਰੇ ਪਤਾ ਸੀ, ਪਰ ਮੈਂ ਇਸ ਵਿੱਚ ਸ਼ਾਮਲ ਨਹੀਂ ਸੀ।‘ ਉਸਨੇ ਸਪੱਸ਼ਟ ਕੀਤਾ ਕਿ ‘ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ ਵਿੱਚ ਉਨ੍ਹਾਂ ਦੇ ਗੈਂਗ ਦਾ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਧਮਕੀ ਨਹੀਂ ਦਿੱਤੀ।‘
ਬਿਸ਼ਨੋਈ ਨੇ ਕਿਹਾ ਕਿ ‘ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਸ਼ਾਮਲ ਸੀ, ਜਿਸ ਮਿੱਡੂਖੇੜਾ ਨੂੰ ਵੱਡਾ ਭਰਾ ਸਮਝਦਾ ਸੀ। ਬਿਸ਼ਨੋਈ ਨੇ ਇਹ ਵੀ ਕਿਹਾ ਕਿ ਸਾਡੇ ਗੈਂਗ ਨੂੰ ਹੁਣ ਗੋਲਡੀ ਬਰਾੜ ਚਲਾ ਰਿਹਾ ਹੈ ਅਤੇ ਉਸਨੇ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਫੋਨ ਉਤੇ ਕੈਨੇਡਾ ਤੋਂ ਜਾਣਕਾਰੀ ਦਿੱਤੀ ਸੀ।‘
ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਧਮਕੀ ਦੇਣ ਦੇ ਮਾਮਲੇ ‘ਤੇ ਲਾਰੈਂਸ ਨੇ ਕਿਹਾ ਕਿ ‘ਅਸੀਂ ਮੂਸੇਵਾਲਾ ਦੇ ਪਰਿਵਾਰ ਨੂੰ ਧਮਕੀ ਨਹੀਂ ਦਿੱਤੀ। ਸਾਡਾ ਉਸ ਦੇ ਪਰਿਵਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੂਸੇਵਾਲਾ ਦੇ ਪਿਤਾ ਨੇ ਚੋਣ ਲੜਨੀ ਹੈ, ਇਸ ਲਈ ਉਹ ਸਾਡੇ ਵਿਰੁੱਧ ਬੋਲਦਾ ਹੈ। ਉਹ ਸਾਡੇ ਤੋਂ ਬਦਲਾ ਲੈਣ ਦੀ ਗੱਲ ਕਰਦੇ ਹਨ, ਸਾਨੂੰ ਕੋਈ ਪਰਵਾਹ ਨਹੀਂ। ਬਿਨਾਂ ਕਿਸੇ ਕਾਰਨ ਉਨ੍ਹਾਂ ਨੇ ਕਈ ਗਾਇਕਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੈ।’
ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਦੀ ਨਹੀਂ ਹੈ: ਪੰਜਾਬ ਜੇਲ੍ਹ ਵਿਭਾਗ
ਹਾਲਾਂਕਿ ‘ਦ ਖ਼ਾਲਸ ਟੀਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਬਿਸ਼ਨੋਈ ਨੇ ਕਿਹੜੀ ਜੇਲ੍ਹ ਵਿਚ ਬੈਠ ਕੇ ਇਹ ਇੰਟਰਵਿਊ ਦਿੱਤੀ ਹੈ ਪਰ ਇਸ ਸਾਰੇ ਮਾਮਲੇ ਵਿੱਚ ਜੇਲ੍ਹ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਇਹ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਦੀ ਨਹੀਂ ਹੈ। ਜੇਲ੍ਹ ਦੇ ਉਚ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਨਾ ਤਾਂ ਇਹ ਵੀਡੀਓ ਬਠਿੰਡਾ ਜੇਲ੍ਹ ਦੀ ਅਤੇ ਨਾ ਹੀ ਪੰਜਾਬ ਦੀ ਕਿਸੇ ਹੋਰ ਜੇਲ੍ਹ ਦੀ ਹੈ। ਉਨ੍ਹਾਂ ਨੇ ਕਿਹਾ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਇਸ ਵੇਲੇ ਬਠਿੰਡਾ ਜੇਲ੍ਹ ਦੇ ਉੱਚ ਸੁਰੱਖਿਆ ਜ਼ੋਨ ਵਿੱਚ ਹੈ. ਜਿੱਥੇ ਉਸ ਦੀਆਂ ਗਤੀਵਿਧੀਆਂ ’ਤੇ 24 ਘੰਟੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀਡੀਓ ਨਿੱਜੀ ਚੈਨਲਾਂ ‘ਤੇ ਦਿਖਾਇਆ ਜਾ ਰਿਹਾ ਹੈ ਉਹ ਪੁਰਾਣਾ ਵੀਡੀਓ ਹੈ।
‘ਖਾਲਿਸਤਾਨ ਦੇ ਖਿਲਾਫ ਹਾਂ’ : ਲਾਰੈਂਸ ਬਿਸ਼ਨੋਈ
ਲਾਰੈਂਸ ਬਿਸ਼ਨੋਈ ਨੇ ਖਾਲਿਸਤਾਨ ਦੇ ਮੁੱਦੇ ‘ਤੇ ਕਿਹਾ ਕਿ ‘ਅਸੀਂ ਖਾਲਿਸਤਾਨ ਅਤੇ ਦੇਸ਼ ਨੂੰ ਵੰਡਣ ਦੀ ਗੱਲ ਕਰਨ ਵਾਲਿਆਂ ਦੇ ਖਿਲਾਫ਼ ਹਾਂ। ਮੈਂ ਅਤੇ ਮੇਰਾ ਗੈਂਗ ਅੱਤਵਾਦੀ ਜਾਂ ਗੱਦਾਰ ਨਹੀਂ, ਅਸੀਂ ਰਾਸ਼ਟਰਵਾਦੀ ਹਾਂ। ਅਸੀਂ ਵੀ ਦੇਸ਼ ਲਈ ਕੰਮ ਕਰਨਾ ਚਾਹੁੰਦੇ ਹਾਂ। ਮੈਂ ਬਾਹਰ ਆ ਕੇ ਗਊਸ਼ਾਲਾ ਬਣਾ ਕੇ ਸੇਵਾ ਕਰਨਾ ਚਾਹੁੰਦਾ ਹਾਂ। ਇਸ ਸਮੇਂ ਮੇਰਾ ਛੋਟਾ ਭਰਾ ਗਊਸ਼ਾਲਾ ਬਣਾ ਰਿਹਾ ਹੈ, ਜਦੋਂ ਮੈਂ ਬਾਹਰ ਆਵਾਂਗਾ ਜਾਂ ਮੌਕਾ ਮਿਲਿਆ ਤਾਂ ਮੈਂ ਵੀ ਗਊਸ਼ਾਲਾ ਬਣਾਵਾਂਗਾ।‘
ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਬਾਰੇ ਲਾਰੇਂਸ ਬਿਸ਼ਨੋਈ ਨੇ ਕਿਹਾ ਕਿ ‘ਸਲਮਾਨ ਖਾਨ ਨੂੰ ਕਾਲੇ ਹਿਰਨ ਨੂੰ ਮਾਰਨ ਲਈ ਸਾਡੇ ਸਮਾਜ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਇਸ ਦਾ ਵੀ ਠੋਸ ਜਵਾਬ ਦਿੱਤਾ ਜਾਵੇਗਾ। ਉਸ ਨੇ ਅਜੇ ਤੱਕ ਸਾਡੇ ਸਮਾਜ ਤੋਂ ਮੁਆਫੀ ਨਹੀਂ ਮੰਗੀ ਹੈ।‘
ਵਿਰੋਧੀ ਪਾਰਟੀਆਂ ਨੇ ਵੀ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ
ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਵੀ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਆਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਮੁੱਖ ਮੰਤਰੀ ਨੂੰ ਕਰੜੇ ਹੱਥੀਂ ਲੈਦਿਆਂ ਕਿਹਾ ਕਿ ਜਿਸ ਤਰੀਕੇ ਦੇ ਨਾਲ ਗੈਂਗਸਟਰ ਬਿਸ਼ਨੋਈ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ CM ਦੀ ਕੁਰਸੀ ਦੇ ਲਾਇਕ ਨਹੀਂ ਹਨ ਉਨ੍ਹਾਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਨੈਤਿਕਤਾ ਦੇ ਅਧਾਰ ‘ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ। ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਜਿਸ ਤੋਂ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗੋਡਿਆ ‘ਤੇ ਆ ਚੁੱਕੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਆਉਣ ਤੋਂ ਬਾਅਦ ਜਿੱਥੇ ਪੰਜਾਬ ਦੇ ਲੋਕਾਂ ਦੇ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਹੈ, ਉੱਥੇ ਸਿੱਧੂ ਮੂਸੇਵਾਲੇ ਦੇ ਮਾਤ ਪਿਤਾ ਜੋ ਕਿ ਉਸਦੇ ਇਨਸਾਫ ਦੀ ਲੜਾਈ ਲੜ ਰਹੇ ਹਨ ਉਨ੍ਹਾਂ ਦੇ ਦਿਲਾਂ ਵਿੱਚ ਡਰ ਦਾ ਮਾਹੌਲ ਪੈਦਾ ਹੋਵੇਗਾ।