Punjab

ਇੰਸਪੈਕਟਰ ਜਨਰਲ ਆਫ਼ ਪੁਲਿਸ ਸੁਖਚੈਨ ਸਿੰਘ ਗਿੱਲ ਦੀ ਹਫਤਾਵਰੀ ਪ੍ਰੈਸ ਕਾਨਫਰੰਸ,ਪੇਸ਼ ਕੀਤਾ ਕਾਰਵਾਈਆਂ ਦਾ ਬਿਊਰਾ

ਚੰਡੀਗੜ੍ਹ : ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਪੰਜਾਬ ਪੁਲਿਸ ਵਲੋਂ ਚਲਾਈ ਗਈ ਮੁਹਿੰਮ ਨੂੰ ਹੁਣ ਤੱਕ ਬਹੁਤ ਸਾਰੀਆਂ ਸਫ਼ਲਤਾਵਾਂ ਮਿਲ ਚੁੱਕੀਆਂ ਹਨ। ਨੌਵੇਂ ਮਹੀਨੇ ‘ਚ ਦਾਖ਼ਲ ਹੋਈ ਪੰਜਾਬ ਪੁਲਿਸ ਦੀ ਇਸ ਮੁਹਿੰਮ ਦੇ ਦੌਰਾਨ 5 ਜੁਲਾਈ, 2022 ਤੋਂ ਹੁਣ ਤੱਕ 8458 ਐਫਆਈਆਰਜ਼ ਦਰਜ ਕੀਤੀਆਂ ਹਨ,ਜਿਹਨਾਂ ਵਿੱਚ 962 ਵਪਾਰਕ ਮਾਮਲੇ ਸ਼ਾਮਲ ਹਨ । ਇਸ ਸਾਰੀ ਕਾਰਵਾਈ ਦੇ ਦੌਰਾਨ 1628 ਵੱਡੀਆਂ ਮੱਛੀਆਂ ਸਮੇਤ 11360 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇੰਸਪੈਕਟਰ ਜਨਰਲ ਆਫ਼ ਪੁਲਿਸ (ਹੈਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ ਤੇ ਕਿਹਾ ਹੈ ਕਿ ਪੁਲਿਸ ਟੀਮਾਂ ਨੇ ਸੂਬੇ ਭਰ ਤੋਂ ਨਸ਼ਾ ਪ੍ਰਭਾਵਿਤ ਇਲਾਕਿਆਂ ਅਤੇ ਸੰਵੇਦਨਸ਼ੀਲ ਰੂਟਾਂ ‘ਤੇ ਨਾਕਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 612.78 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ,ਪੰਜਾਬ ਤੋਂ ਬਾਹਰ ਵੀ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਕਾਰਵਾਈ ਕੀਤੀ ਹੈ ਤੇ ਇਸ ਦੌਰਾਨ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਸਿਰਫ਼ ਅੱਠ ਮਹੀਨਿਆਂ ਵਿੱਚ ਕੁੱਲ 760.28 ਕਿਲੋ ਹੈਰੋਇਨ ਦੀ ਬਰਾਮਦਗੀ ਹੋ ਗਈ ਹੈ।

ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਆਈ.ਜੀ.ਪੀ. ਨੇ ਦੱਸਿਆ ਕਿ ਪੁਲਿਸ ਨੇ ਸੂਬੇ ਭਰ ਵਿੱਚੋਂ 464.18 ਕਿਲੋ ਅਫੀਮ, 586 ਕਿਲੋ ਗਾਂਜਾ, 270 ਕੁਇੰਟਲ ਭੁੱਕੀ ਅਤੇ 53.73 ਲੱਖ ਨਸ਼ੀਲੀਆਂ ਗੋਲੀਆਂ,ਕੈਪਸੂਲ,ਟੀਕੇ ਤੇ ਫਾਰਮਾ ਓਪੀਓਡਜ਼ ਦੀਆਂ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਪੁਲੀਸ ਨੇ ਇਨ੍ਹਾਂ ਅੱਠ ਮਹੀਨਿਆਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 10.36 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।

ਲੰਘੇ ਹਫ਼ਤੇ ਦੀਆਂ ਕਾਰਵਾਈਆਂ ਦੀ ਜਾਣਕਾਰੀ ਦਿੰਦੇ ਹੋਏ ਆਈਜੀਪੀ ਗਿੱਲ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਦੌਰਾਨ ਪੁਲਿਸ ਨੇ 22 ਵਪਾਰਕ ਮਾਮਲਿਆਂ ਸਮੇਤ 189 ਐਫਆਈਆਰਜ਼ ਦਰਜ ਕੀਤੀਆਂ ਹਨ ਤੇ 234 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ । ਇਹਨਾਂ ਕੋਲੋਂ 7.60 ਕਿਲੋਗ੍ਰਾਮ ਹੈਰੋਇਨ, 10.30 ਕਿਲੋ ਅਫੀਮ, 13.87 ਕਿਲੋ ਗਾਂਜਾ, 2.80 ਕੁਇੰਟਲ ਭੁੱਕੀ, 59271 ਗੋਲੀਆਂ,ਕੈਪਸੂਲ,ਟੀਕੇ,ਫਾਰਮਾ ਓਪੀਓਡਜ਼ ਦੀਆਂ ਸ਼ੀਸ਼ੀਆਂ ਸਮੇਤ 1.47 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।

ਨਸ਼ਿਆਂ ਦੇ ਅਲੱਗ-ਅਲੱਗ ਕੇਸਾਂ ਵਿੱਚ ਲੋੜੀਂਦੇ ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ 5 ਜੁਲਾਈ, 2022 ਨੂੰ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਜਿਸ ਦੌਰਾਨ ਲੰਘੇ ਹਫ਼ਤੇ ਦੌਰਾਨ ਐਨਡੀਪੀਐਸ ਕੇਸਾਂ ਵਿੱਚ 25 ਹੋਰ ਭਗੌੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੇ ਪ੍ਰਸਾਰ ਕਾਰਨ ਆਏ ਦਿਨ ਕਈ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਦੀਆਂ ਰਹਿੰਦੀਆਂ ਹਨ।ਇਸੇ ਕਾਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮੂਚੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਹਨ ਤਾਂ ਜੋ ਇਹਨਾਂ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ।