ਗੋਇੰਦਵਾਲ ਜੇਲ੍ਹ ਵਿੱਚ ਗੈਂਗਵਾਰ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਮਨਦੀਪ ਸਿੰਘ ਤੁਫ਼ਾਨ ਅਤੇ ਮਨਮੋਹਣ ਸਿੰਘ ਮੋਹਣਾ ਦੀ ਲਾਸ਼ਾਂ ਕੋਲ ਖੜ੍ਹ ਕੇ ਗੈਂਗਸਟਰ ਜਸ਼ਨ ਮਨਾ ਰਹੇ ਹਨ ਅਤੇ ਜੱਗੂ ਭਗਵਾਨਪੁਰੀਆ ਨੂੰ ਸ਼ਰੇਆਮ ਲਲਕਾਰਿਆ ਜਾ ਰਿਹਾ ਹੈ।
ਇਸ ਵੀਡੀਓ ਗੈਂਗਸਟਰ ਆਖ ਰਹੇ ਹਨ ਕਿ ਤੁਫ਼ਾਨ ਅਤੇ ਮੋਹਣਾ, ਦੋਵੇਂ ਠੋਕ ਦਿੱਤੇ। ਇਹ ਬਦਮਾਸ਼ੀ ਕਰਦੇ ਸੀ। ਆਹ ਪਏ ਨੇ ਦੋਵੇਂ, ਇਨ੍ਹਾਂ ਨੂੰ ਅਸੀਂ ਮਾਰਿਆ ਹੈ। ਉਹ ਜੱਗੂ ਨੂੰ ਰੱਬ ਮੰਨਦੇ ਸਨ। ਗੈਂਗਸਟਰ ਸਚਿਨ ਭਿਵਾਨੀ ਨੇ ਵੀਡੀਓ ਬਣਾਈ ਸੀ ਤੇ ਦੱਸਿਆ ਸੀ ਕਿ ਇਹ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਸਨ ਜਿਹਨਾਂ ਨੂੰ ਅਸੀਂ ਮਾਰ ਮੁਕਾਇਆ ਹੈ। ਨਿਊਜ਼ 18 ਦੀ ਖ਼ਬਰ ਮੁਤਾਬਿਕ ਇਸ ਵੀਡੀਓ ਵਿਚ ਸਚਿਨ ਭਿਵਾਨੀ ਕਹਿੰਦਾ ਹੈ ਕਿ ਰਾਮ ਰਾਮ ਭਾਈਓ, ਇਹ ਮੋਹਣਾ ਦੀ ਲਾਸ਼ ਪਈ ਹੈ ਜੋ ਜੱਗੂ ਭਗਵਾਨਪੁਰੀਆ ਗੈਂਗ ਦਾ ਸੀ। ਇਕ ਹੋਰ ਗੈਂਗਸਟਰ ਕਹਿੰਦਾ ਹੈ ਕਿ ਇਹ ਜੱਗੂ ਭਗਵਾਨਪੁਰੀਆ ਨੁੰ ਆਪਣਾ ਪਿਓ ਮੰਨਦੇ ਸੀ, ਆਹ ਪਈਆਂ ਨੇ ਉਹਨਾਂ ਦੀਆ ਲਾਸ਼ਾਂ।
ਦੱਸ ਦਈਏ ਕਿ ਗੋਇੰਦਵਾਲ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਸ਼ਾਮਲ ਮੁਲਜ਼ਮ ਆਪਸ ਵਿੱਚ ਭਿੜ ਗਏ ਸਨ। ਗੈਂਗਵਾਰ ਵਿੱਚ ਮਨਦੀਪ ਸਿੰਘ ਤੁਫ਼ਾਨ ਅਤੇ ਮਨਮੋਹਣ ਸਿੰਘ ਮੋਹਣਾ ਦੀ ਮੌਤ ਹੋ ਗਈ ਸੀ ਅਤੇ ਤੀਜਾ ਗੈਂਗਸਟਰ ਕੇਸ਼ਵ ਪੁੱਤਰ ਲਾਲ ਚੰਦ ਵਾਸੀ ਬਠਿਡਾ ਜ਼ਖਮੀ ਹੋ ਗਿਆ ਸੀ। ਜਿਸ ਤੋਂ ਬਾਅਦ ਜੇਲ੍ਹ ਪ੍ਰਸਾਸ਼ਨ ‘ਤੇ ਲਗਾਤਾਰ ਸਵਾਲ ਉੱਠ ਰਹੇ ਸਨ। ਹੈਰਾਨੀ ਵਾਲੀ ਗੱਲ ਹੈ ਕਿ ਜੇਲ੍ਹ ਦੇ ਅੰਦਰ ਕਤਲ ਕਰਨ ਮਗਰੋਂ ਬਹੁਤ ਆਸਾਨੀ ਨਾਲ ਇਹ ਗੈਂਗਸਟਰ ਵੀਡੀਓ ਬਣਾਉਂਦੇ ਹਨ ਤੇ ਇਹਨਾਂ ਕੋਲ ਮੋਬਾਈਲ ਵਰਗੀਆਂ ਸਹੂਲਤਾਂ ਮੌਜੂਦ ਹਨ।
ਇਸ ਮਾਮਲੇ ‘ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਜੇਲ੍ਹ ਦੇ ਡਿੱਪਟੀ ਸੁਪਰੀਡੈਂਟ ਹਰੀਸ਼ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਸੁਪਰੀਡੈਂਟ ਇਕਬਾਲ ਸਿੰਘ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਸੀ। ਹਾਈਪ੍ਰੋਫਾਈਲ ਜੇਲ੍ਹ ਵਿੱਚ ਇਸ ਤਰਾਂ ਨਾਲ ਗੈਂਗਵਾਰ ਹੋਣਾ ਤੇ 2 ਲੋਕਾਂ ਦਾ ਮਾਰਿਆ ਜਾਣਾ ਜੇਲ੍ਹ ਵਿੱਚ ਸੁਰੱਖਿਆ ‘ਤੇ ਗੰਭੀਰ ਸਵਾਲ ਖੜੇ ਕਰਦੇ ਹੈ । ਖਾਸ ਤੌਰ ‘ਤੇ ਉਦੋਂ,ਜਦੋਂ ਸਿੱਧੂ ਮੂਸੇ ਵਾਲੇ ਦੇ ਕਤਲ ਵਰਗੇ ਵੱਡੇ ਕੇਸ ਵਿੱਚ ਸ਼ਾਮਲ 25 ਮੁਲਜ਼ਮ ਇਕੋ ਜੇਲ੍ਹ ਵਿੱਚ ਹੋਣ।