Punjab

CM ਨੇ ਰਾਜਪਾਲ ਦੇ ਸਵਾਲ ਦਾ ਦਿੱਤਾ ਜਵਾਬ, ਸਿੰਘਾਪੁਰ ਭੇਜੇ ਪ੍ਰਿੰਸੀਪਲਾਂ ਦੀ ਕਿਵੇਂ ਹੋਈ ਚੋਣ

The CM answered the Governor's question

‘ਦ ਖ਼ਾਲਸ ਬਿਊਰੋ : ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜਪਾਲ ਵੱਲੋਂ ਪੁੱਛੇ ਸਵਾਲ ਦਾ ਜਵਾਬ ਮੀਡੀਆ ਨੂੰ ਦਿੱਤਾ ਹੈ। ਅੱਜ ਪੰਜਾਬ ਦੇ 30 ਪ੍ਰਿੰਸੀਪਲਾਂ ਦਾ ਦੂਸਰਾ ਜਥਾ ਸਿੰਘਾਪੁਰ ਲਈ ਰਵਾਨਾ ਕੀਤਾ ਗਿਆ। ਇਸ ਨੂੰ ਲੈ ਕੇ ਹੀ ਜਦੋਂ ਪਹਿਲਾਂ ਜਥਾ ਭੇਜਿਆ ਗਿਆ ਸੀ ਤਾਂ ਪੰਜਾਬ ਦੇ ਰਾਜਪਾਲ ਨੇ ਸਵਾਲ ਖੜ੍ਹੇ ਕੀਤੇ ਸਨ ਕਿ ਇਹਨਾਂ ਪ੍ਰਿੰਸੀਪਲਾਂ ਦੀ ਚੋਣ ਕਿਵੇਂ ਕੀਤੀ ਗਈ? ਹਾਲਾਂਕਿ, ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਮਾਪਦੰਡਾਂ ਨੂੰ ਸਾਂਝਾ ਤਾਂ ਜ਼ਰੂਰ ਕੀਤਾ ਹੈ ਪਰ ਰਾਜਪਾਲ ਦੇ ਨਾਲ ਨਹੀਂ ਸਗੋਂ ਮੀਡੀਆ ਨਾਲ ਨਸ਼ਰ ਕੀਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਮੁਤਾਬਕ ਸਿੰਗਾਪੁਰ ਭੇਜੇ ਗਏ ਪ੍ਰਿੰਸੀਪਲਾਂ ਦੀ ਚੋਣ ਕਿਸੇ ਵੀ ਸਿਫਾਰਿਸ਼ ਤਹਿਤ ਨਹੀਂ ਹੋਈ, ਇਸ ਦੇ ਲਈ ਅਧਿਆਪਕਾਂ ਦੀ ਯੋਗਤਾ, ਉਹਨਾਂ ਦਾ ਸਟੱਡੀ ਦਾ ਲੇਵਲ ਚੈੱਕ ਕੀਤਾ ਗਿਆ। ਪ੍ਰਿੰਸੀਪਲਾਂ ਦੀ ਚੋਣ ਲਈ 5 ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਇਹ ਸਭ ਖੂਬੀਆਂ ਵਾਲੇ ਪ੍ਰਿੰਸੀਪਲਾਂ ਦੀ ਚੋਣ ਕਰਦੀ ਹੈ, ਕਈ ਅਧਿਆਪਕਾਂ ਦੇ ਨਾਂਅ ਰੱਦ ਵੀ ਕਰਨੇ ਪਏ ਸਨ, ਜੋ ਸਾਡੇ ਮਾਪਦੰਡ ‘ਤੇ ਖਰੇ ਨਹੀਂ ਉੱਤਰੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਜਥੇ ‘ਚ ਕਈ ਪ੍ਰਿੰਸੀਪਲ ਸਟੇਟ ਤੇ ਨੈਸ਼ਨਲ ਐਵਾਰਡੀ ਵੀ ਸ਼ਾਮਲ ਹਨ।

ਅੱਜ 30 ਅਧਿਆਪਕਾਂ ਦਾ ਦੂਸਰਾ ਜਥਾ ਸਿੰਗਾਪੁਰ ਲਈ ਰਵਾਨਾ ਕੀਤਾ ਗਿਆ, ਜੋ 4 ਮਾਰਚ ਤੋਂ 11 ਮਾਰਚ ਤੱਕ ਟ੍ਰੇਨਿੰਗ ਹਾਸਲ ਕਰਨਗੇ। ਇਸ ਤੋਂ ਪਹਿਲਾਂ ਫਰਵਰੀ ਮਹੀਨੇ ਵਿੱਚ 36 ਪ੍ਰਿੰਸੀਪਲ ਸਿੰਗਾਪੁਰ ਭੇਜੇ ਗਏ ਸਨ, ਜਿਸ ‘ਤੇ ਪੰਜਾਬ ਦੇ ਰਾਜਪਾਲ ਨੇ ਭਗਵੰਤ ਮਾਨ ਨੂੰ ਲੈਟਰ ਜਾਰੀ ਕਰਕੇ ਇਹਨਾਂ ਪ੍ਰਿੰਸੀਪਲਾਂ ਦੀ ਚੋਣ ਦੀ ਪ੍ਰਕੀਰਿਆ ਪੁੱਛੀ ਸੀ ਤਾਂ ਸੀਐਮ ਨੇ ਇਹ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਉਲਟਾ ਗਵਰਨਰ ‘ਤੇ ਹੀ ਸਵਾਲ ਖੜ੍ਹੇ ਕੀਤੇ ਸਨ ਕਿ ਉਹ ਸਰਕਾਰ ਦੇ ਕੰਮਕਾਜ ‘ਚ ਦਖਲ ਦੇ ਰਹੇ ਹਨ।

ਮਾਨ ਨੇ ਕਿਹਾ ਸੀ ਕਿ ਰਾਜਪਾਲ ਜੀ, ਮੈਂ ਤੁਹਾਨੂੰ ਜਵਾਬਦੇਹ ਨਹੀਂ ਹਾਂ, ਮੈਂ ਪੰਜਾਬ ਦੀ 3 ਕਰੋੜ ਜਨਤਾ ਨੂੰ ਜਵਾਬ ਦੇਣਾ ਹੈ ਤੇ ਉਹਨਾਂ ਨੂੰ ਮੇਰਾ ਜਵਾਬ ਮਿਲ ਗਿਆ ਹੈ। ਇਸੇ ਲਈ ਇੱਕ ਵਾਰ ਫਿਰ ਪੰਜਾਬ ਸਰਕਾਰ ਤੇ ਰਾਜਪਾਲ ਵਿਚਾਲੇ ਅੜਿੱਕੇ ਪੈਦਾ ਹੋਏ ਸਨ ਤੇ ਗਵਰਨਰ ਨੇ ਬਜਟ ਸੈਸ਼ਨ ਬੁਲਾਉਣ ਵਾਲੀ ਅਰਜ਼ੀ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ, ਜਿਸ ਕਰਕੇ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਜਾਣਾ ਪਿਆ ਸੀ। ਅੱਜ ਸੈਸ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਨੇ ਸਿੰਗਾਪੁਰ ਭੇਜੇ ਪ੍ਰਿੰਸੀਪਲਾਂ ਦੀ ਚੋਣ ਪ੍ਰਕੀਰਿਆ ਦਾ ਮਾਪਦੰਡ ਮੀਡੀਆ ਨਾਲ ਸਾਂਝਾ ਕਰ ਦਿੱਤਾ ਹੈ।