ਹੁਸ਼ਿਆਰਪੁਰ ਕੇਂਦਰੀ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਇੱਕ ਕੈਦੀ ਨੇ ਜੇਲ੍ਹ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਇਸ ਸਬੰਧੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਹਾਜੀਪੁਰ ਵਾਸੀ ਰੋਹਿਤ ਵਸ਼ਿਸ਼ਟ 302 ਤਹਿਤ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਕਿਸੇ ਕਾਰਨ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਗਿਆ, ਜਿਸ ਦਾ ਕੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਸ ਨੂੰ ਸਜ਼ਾ 20 ਸਾਲ ਦੀ ਹੋਈ ਸੀ। ਖਿੜਕੀ ਦੀ ਗਰਿੱਲ ਤੋਂ ਨਾਲ ਪਰਨੇ ਦੀ ਰੱਸੀ ਬਣਾ ਕੇ ਉਸ ਨੇ ਫਾਹਾ ਲੈ ਲਿਆ। ਮ੍ਰਿਤਕ ਰੋਹਿਤ ਵਸ਼ਿਸ਼ਟ ਦੇ ਪਰਿਵਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਆਤਮ ਹੱਤਿਆ ਕਰਨ ਵਾਲਾ ਕੈਦੀ ਹੱਤਿਆ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਸੀ। ਉਸ ਨੂੰ ਕੋਰਟ ਤੋਂ ਉਮਰ ਕੈਦ ਦੀ ਸਜ਼ਾ ਹੋਈ ਸੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੜਕੇ ‘ਤੇ ਗਲਤ ਕੇਸ ਬਣਾਇਆ ਗਿਆ ਸੀ, ਜਿਸ ਤੋਂ ਉਹ ਪ੍ਰੇਸ਼ਾਨ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਰੋਹਿਤ ਵਸ਼ਿਸ਼ਟ ਨੇ ਜੇਲ੍ਹ ਵਿਚ ਹੀ ਕੱਪੜੇ ਨੂੰ ਪਹਿਲਾਂ ਰੱਸੀ ਦੀ ਤਰ੍ਹਾਂ ਬਣਾਇਆ। ਉਸ ਦੇ ਬਾਅਦ ਜਦੋਂ ਰਾਤ ਨੂੰ ਬੈਰਕ ਵਿਚ ਸਾਰੇ ਕੈਦੀ ਸੌਂ ਗਏ ਤਾਂ ਉਹ ਲੁਕ ਕੇ ਬਾਥਰੂਮ ਗਿਆ। ਉਸ ਨੇ ਬਾਥਰੂਮ ਦੀ ਖਿੜਕੀ ਵਿਚ ਲੱਗੀ ਗਰਿੱਲ ਨਾਲ ਫੰਦਾ ਬਣਾਇਆ ਤੇ ਉਸ ਨਾਲ ਉਹ ਲਟਕ ਗਿਆ। ਸਵੇਰੇ ਜਦੋਂ ਕੈਦੀ ਉਠੇ ਤਾਂ ਉਨ੍ਹਾਂ ਨੇ ਰੋਹਿਤ ਨੂੰ ਫੰਦੇ ਨਾਲ ਲਟਕਿਆ ਹੋਇਆ ਦੇਖਿਆ।
ਰੋਹਿਤ ਦੇ ਆਤਮਹੱਤਿਆ ਕਰ ਲਏ ਜਾਣ ਦੇ ਬਾਅਦ ਕੈਦੀਆਂ ਨੇ ਤੁਰੰਤ ਇਸ ਦੀ ਸੂਚਨਾ ਜੇਲ੍ਹ ਸਟਾਫ ਨੂੰ ਦਿੱਤੀ। ਜੇਲ੍ਹ ਸਟਾਫ ਨੇ ਪੁਲਿਸ ਨੂੰ ਬੁਲਾ ਕੇ ਉਸ ਦੀ ਲਾਸ਼ ਨੂੰ ਫੰਦੇ ਤੋਂ ਉਤਾਰਿਆ। ਇਸ ਦੇ ਬਾਅਦ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ। ਸਿਵਲ ਹਸਪਤਾਲ ਪਹੁੰਚੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ 2020 ਵਿਚ ਇਕ ਕਤਲ ਹੋਇਆ ਸੀ। ਉਸ ਮਾਮਲੇ ਵਿਚ ਪੁਲਿਸ ਨੇ ਸਿਰਫ ਇਕਤਰਫਾ ਕਾਰਵਾਈ ਕੀਤੀ।
ਪੁਲਿਸ ਨੇ ਕਤਲ ਦੇ ਕਾਰਨਾਂ ਨੂੰ ਬਿਲਕੁਲ ਵੀ ਨਹੀਂ ਜਾਂਚਿਆ ਤੇ ਨਾ ਹੀ ਰੋਹਿਤ ਦਾ ਪੱਖ ਸੁਣਿਆ। ਅਜੇ ਹੁਣੇ ਜਿਹੇ ਪੁਲਿਸ ਦੀ ਰਿਪੋਰਟ ਦੇ ਆਧਾਰ ‘ਤੇ ਰੋਹਿਤ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਹੁਣ ਉਹ ਕੇਸ ਨੂੰ ਉਪਰੀ ਅਦਾਲਤ ਵਿਚ ਲਿਜਾਣ ਦੀ ਤਿਆਰੀ ਹੀ ਕਰਰਹੇ ਸਨ ਕਿ ਉਸ ਨੇ ਦੁਖੀ ਹੋ ਕੇ ਆਤਮਹੱਤਿਆ ਕਰ ਲਈ। ਜੇਲ੍ਹ ਵਿਚ ਮਿਲਣ ਲਈ ਉਸ ਨੂੰ ਸਿਰਫ ਉਸ ਦੀ ਮਾਤਾ ਆਉਂਦੀ ਸੀ। ਉਨ੍ਹਾਂ ਨੂੰ ਵੀ ਰੋਹਿਤ ਨੇ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ।