Punjab

ਬਜਟ ਸੈਸ਼ਨ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਮਗਰੋਂ CM ਮਾਨ ਦਾ ਵੱਡਾ ਬਿਆਨ , ਕਹੀ ਇਹ ਗੱਲ…

CM Mann's big statement after the Supreme Court's decision on the budget session, said this...

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਿਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਉੱਪਰ ਤੰਜ ਕਸਿਆ ਹੈ। ਉਨ੍ਹਾਂ ਨੇ ਬਜਟ ਸੈਸ਼ਨ ਬਲਾਉਣ ਲਈ ਸੁਪਰੀਮ ਕੋਰਟ ਦੇ ਦਖਲ ਦਾ ਸ਼ੁਕਰੀਆ ਕਰਦਿਆਂ ਰਾਜਪਾਲ ਨੂੰ ਨਿਸ਼ਾਨਾ ਬਣਾਇਆ ਹੈ। ਸੀਐਮ ਮਾਨ ਨੇ ਕਿਹਾ ਹੈ ਕਿ ਪੰਜਾਬ ‘ਚ ਲੋਕਤੰਤਰ ਦੀ ਹੋਂਦ ਨੂੰ ਬਚਾਉਣ ਲਈ ਮਾਣਯੋਗ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਦਾ ਧੰਨਵਾਦ।

ਸੀਐਮ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਲ਼ੋਕਤੰਤਰ ਦੀ ਹੋਂਦ ਨੂੰ ਬਚਾਉਣ ਲਈ ਮਾਣਯੋਗ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਦਾ ਧੰਨਵਾਦ.. ਹੁਣ 3 ਕਰੋੜ ਪੰਜਾਬੀਆਂ ਦੀ ਆਵਾਜ਼ “ਵਿਧਾਨ ਸਭਾ ਦਾ ਸੈਸ਼ਨ “ ਬਿਨਾ ਕਿਸੇ ਰੋਕ ਟੋਕ ਤੋਂ ਚੱਲੇਗਾ…।

ਦੱਸ ਦਈਏ ਕਿ ਸੁਪਰੀਮ ਕੋਰਟ ਦੇ ਦਖਲ ਮਗਰੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 3 ਮਾਰਚ ਨੂੰ ਸਵੇਰ 10 ਵਜੇ ਬੁਲਾਏ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਦੇ ਸੌਲੀਸਿਟਰ-ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਰਾਜਪਾਲ ਵੱਲੋਂ ਬਜਟ ਇਜਲਾਸ ਸੱਦੇ ਜਾਣ ਸਬੰਧੀ ਲਏ ਗਏ ਫ਼ੈਸਲੇ ਨੂੰ ਰਿਕਾਰਡ ’ਤੇ ਰੱਖਿਆ।

ਜ਼ਿਕਰਯੋਗ ਹੈ ਕਿ ਟਕਰਾਓ ਦੀ ਸਥਿਤੀ ਉਦੋਂ ਪੈਦਾ ਹੋਈ ਸੀ ਜਦੋਂ ਰਾਜਪਾਲ ਨੇ 13 ਫਰਵਰੀ ਨੂੰ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸਿੰਗਾਪੁਰ ਭੇਜੇ ਗਏ ਪ੍ਰਿੰਸੀਪਲਾਂ ਦੀ ਚੋਣ ਤੇ ਖ਼ਰਚੇ, ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਚਾਹਿਲ ਬਾਰੇ, ਦਲਿਤ ਬੱਚਿਆਂ ਦੀ ਵਜ਼ੀਫ਼ਿਆਂ ਆਦਿ ਬਾਰੇ ਸੂਚਨਾ ਮੰਗੀ ਸੀ ਤੇ ਪਹਿਲਾਂ ਲਿਖੇ ਪੱਤਰਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੀ ਗੱਲ ਵੀ ਆਖੀ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬੀ ਟਵੀਟ ਕਰਕੇ ਕਿਹਾ ਸੀ ਕਿ ਉਹ ਪੰਜਾਬ ਦੇ ਤਿੰਨ ਕਰੋੜ ਲੋਕਾਂ ਨੂੰ ਜਵਾਬਦੇਹ ਹਨ। ਮੁੱਖ ਮੰਤਰੀ ਨੇ ਪੱਤਰ ਲਿਖ ਕੇ ਰਾਜਪਾਲ ਦੀ ਯੋਗਤਾ ’ਤੇ ਵੀ ਸੁਆਲ ਉਠਾਏ ਸਨ। ਇਸ ਮਗਰੋਂ ਹੀ ਰਾਜਪਾਲ ਨੇ ਬਜਟ ਸੈਸ਼ਨ ਸੱਦੇ ਜਾਣ ਦੇ ਮਾਮਲੇ ਨੂੰ ਟਾਲ ਦਿੱਤਾ ਸੀ।

ਪੰਜਾਬ ਸਰਕਾਰ ਨੇ ਮਾਰਚ ਮਹੀਨੇ ਵਿਚ ਬਜਟ ਸੈਸ਼ਨ ਬੁਲਾਉਣ ਲਈ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਭੇਜੀ ਸੀ ਪਰ ਰਾਜਪਾਲ ਨੇ ਆਪਣੇ ਜਵਾਬ ਵਿਚ ਇਹ ਕਹਿੰਦੇ ਹੋਏ ਬਜਟ ਸੈਸ਼ਨ ਨੂੰ ਮਨਜ਼ੂਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਮੁੱਖ ਮੰਤਰੀ ਨੇ ਜੋ ਉਨ੍ਹਾਂ ਦੀ ਚਿੱਠੀ ਦੇ ਜਵਾਬ ਵਿਚ ਟਵੀਟ ਕੀਤਾ ਸੀ ਉਹ ਅਪਮਾਨਜਨਕ ਸੀ। ਇਸ ਲਈ ਉਹ ਕਾਨੂੰਨੀ ਸਲਾਹ ਲੈ ਰਹੇ ਹਨ। ਕਾਨੂੰਨੀ ਸਲਾਹ ਦੇ ਬਾਅਦ ਹੀ ਉਹ ਮਨਜ਼ੂਰੀ ‘ਤੇ ਫੈਸਲਾ ਲੈਣਗੇ।