ਭਾਵਨਗਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਦਿੱਲੀ ਅਤੇ ਪੰਜਾਬ ਵਿੱਚ ਉਨ੍ਹਾਂ ਦੀ ਪਾਰਟੀ ਦੀਆਂ ਸਰਕਾਰਾਂ ਉਨ੍ਹਾਂ ਤੋਂ ਪਿਆਜ਼ ਖਰੀਦਣ ਲਈ ਰੇਲਗੱਡੀ ਭੇਜਣਗੀਆਂ। ਉਨ੍ਹਾਂ ਨੇ ਗੁਜਰਾਤ ਦੇ ਭਾਵਨਗਰ ਦੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਸਬਰ ਰੱਖਣ ਅਤੇ ਘੱਟ ਕੀਮਤ ਕਾਰਨ ਆਪਣੇ ਪਿਆਜ਼ ਨੂੰ ਘਾਟੇ ਉੱਤੇ ਨਾ ਵੇਚਣ। ਦਰਅਸਲ ਗੁਜਰਾਤ ਦੇ ਕਿਸਾਨਾਂ ਨੇ ਭਾਵਨਗਰ ਸਰਕਟ ਹਾਊਸ ‘ਚ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕੀਤੀ।
ਮਾਨ ਗੁਜਰਾਤ ਦੇ ਭਾਵਨਗਰ ਪਹੁੰਚੇ ਸਨ, ਜਿੱਥੇ ਸਥਾਨਕ ਕਿਸਾਨਾਂ ਉਨ੍ਹਾਂ ਨੂੰ ਵਪਾਰੀਆਂ ਵੱਲੋਂ ਚੰਗੀ ਕੀਮਤ ਨਾ ਦਿੱਤੇ ਜਾਣ ਦੀ ਸ਼ਿਕਾਇਤ ਕੀਤੀ। ਭਗਵੰਤ ਮਾਨ ਨੇ ਕਿਸਾਨਾਂ ਨੂੰ ਕਿਹਾ ਕਿ ਮੈਂ ਵੀ ਕਿਸਾਨ ਦਾ ਪੁੱਤਰ ਹਾਂ। ਇਸ ਲਈ, ਮੈਂ ਤੁਹਾਡੇ ਦਰਦ ਨੂੰ ਸਮਝ ਸਕਦਾ ਹਾਂ। ਕਿਰਪਾ ਕਰਕੇ ਆਪਣੀਆਂ ਫਸਲਾਂ ਨੂੰ ਬਰਬਾਦ ਨਾ ਕਰੋ। ਮੈਂ ਪੰਜਾਬ ਅਤੇ ਦਿੱਲੀ ਵਿੱਚ ਪਿਆਜ਼ ਦੀ ਮੰਗ ਬਾਰੇ ਪੁੱਛਗਿੱਛ ਕਰਾਂਗਾ ਅਤੇ ਆਰਡਰ ਕਰਾਂਗਾ। ਉਨ੍ਹਾਂ ਨੇ ਕਿਹਾ ਮੈਂ ਤੁਹਾਡੇ ਪਿਆਜ਼ ਲਈ ਰੇਲ ਭੇਜਾਂਗਾ।
ਇਸ ਮੌਕੇ ਮਾਨ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਇਸ ਮੁੱਦੇ ਨੂੰ ਸੰਸਦ ਦੇ ਨਾਲ-ਨਾਲ ਗੁਜਰਾਤ ਵਿਧਾਨ ਸਭਾ ਵਿੱਚ ਵੀ ਉਠਾਇਆ ਜਾਵੇਗਾ। ਸੀਐਮ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਈਸ਼ੂਦਾਨ ਗੜ੍ਹਵੀ ਨੂੰ ਕਿਸਾਨਾਂ ਦੇ ਵੇਰਵੇ ਇਕੱਠੇ ਕਰਨ ਲਈ ਕਿਹਾ ਹੈ ਤਾਂ ਜੋ ਪਾਰਟੀ ਅਗਲੇ ਮਹੀਨੇ ਸੰਸਦ ਦੇ ਸੈਸ਼ਨ ਵਿੱਚ ਲੋਕ ਸਭਾ ਅਤੇ ਰਾਜ ਸਭਾ ਵਿੱਚ ਇਸ ਮੁੱਦੇ ਨੂੰ ਚੁੱਕ ਸਕੇ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਹ ਮੁੱਦਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਗੁਜਰਾਤ ਤੋਂ ਰਾਜ ਸਭਾ ਮੈਂਬਰ ਸ਼ਕਤੀ ਸਿੰਘ ਗੋਹਿਲ ਨੇ ਉਠਾਇਆ ਸੀ। ਇਹ ਦਾਅਵਾ ਕੀਤਾ ਗਿਆ ਸੀ ਕਿ ਬੰਪਰ ਝਾੜ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਲਈ ਸਿਰਫ਼ 2 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ।