Punjab

ਕਿਸਾਨ ਸੰਘਰਸ਼ ਕਮੇਟੀ ਵੱਲੋਂ ਗੁਰਦਾਸਪੁਰ,ਅੰਮ੍ਰਿਤਸਰ,ਪਠਾਨਕੋਟ ‘ਚ ਰੇਲਵੇ ਟਰੈਕ ਜਾਮ ! ਕਈ ਟ੍ਰੇਨਾਂ ਪ੍ਰਭਾਵਿਤ

ਬਿਉਰੋ ਰਿਪੋਰਟ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਗੁਰਦਸਾਪੁਰ ਰੇਲਵੇ ਸਟੇਸ਼ਨ, ਅੰਮ੍ਰਿਤਸਰ ਅਤੇ ਪਠਾਨਕੋਟ ਰੇਲਵੇ ਟਰੈਕ ਅਣਮਿੱਥੇ ਸਮੇਂ ਦੇ ਲ਼ਈ ਜਾਮ ਕਰ ਦਿੱਤਾ ਗਿਆ । ਜਥੇਬੰਦੀ ਦੇ ਆਗੂ ਸਰਵਣ ਸਿੰਘ ਪੰਧੇਰ ਅਤੇ ਸਤਵਿੰਦਰ ਸਿੰਘ ਵੱਲੋ ਐਲਾਨੇ ਇਸ ਜਾਮ ਨਾਲ 10 ਟ੍ਰੇਨਾਂ ਅਤੇ ਹਜ਼ਾਰਾ ਯਾਤਰੀ ਪ੍ਰਭਾਵਿਤ ਹੋਏ । ਦਿੱਲੀ ਅਤੇ ਹੋਰ ਸ਼ਹਿਰਾਂ ਨੂੰ ਜੋੜਨ ਵਾਲੀਆਂ ਕਈ ਟ੍ਰੇਨਾਂ ਦੇ ਰੂਟ ਬਦਲ ਦਿੱਤੇ ਗਏ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਦੋਂ 30 ਜਨਵਰੀ ਨੂੰ ਬਟਾਲਾ ਵਿੱਚ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕੀਤੇ ਸਨ ਤਾਂ ਸਰਕਾਰ ਅਤੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਿਆ ਜਾਵੇਗਾ ਪਰ ਹੁਣ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ । ਕਿਸਾਨਾਂ ਦੀ ਸਭ ਤੋਂ ਵੱਡੀ ਪਰੇਸ਼ਾਨੀ ਗੰਨੇ ਦੇ ਬਕਾਏ ਨੂੰ ਲੈ ਕੇ ਆ ਰਹੀ ਹੈ । ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਬਕਾਇਆ 1 ਹਜ਼ਾਰ ਕਰੋੜ ਹੋ ਚੁੱਕਾ ਹੈ । ਉਨ੍ਹਾਂ ਕਿਹਾ ਜੇਕਰ ਕਿਸਾਨਾਂ ਨੂੰ ਸਮੇਂ ਸਿਰ ਫਸਲ ਦਾ ਮੁੱਲ ਨਹੀਂ ਮਿਲੇਗਾ ਤਾਂ ਉਹ ਕੀ ਕਰਨਗੇ । ਇਸ ਤੋਂ ਇਲਾਵਾ ਜਥੇਬੰਦੀ ਨੇ ਕਿਹਾ ਕਿਸਾਨਾਂ ਨੂੰ ਹਾਈਵੇਅ ਅਤੇ ਐਕਸਪ੍ਰੈਸ ਅਧੀਨ ਆਉਣ ਵਾਲੀਆਂ ਜ਼ਮੀਨਾਂ ਦੀ ਸਹੀ ਕੀਮਤਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ ।

ਜਥੇਬੰਦੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੇ ਵੱਡੇ ਮਗਰਮੱਛਾਂ ਦੇ ਖਿਲਾਫ ਕਾਰਵਾਈ ਕਰਕੇ ਜਮੀਨੀ ਪੱਧਰ ‘ਤੇ ਨੌਜਵਾਨਾਂ ਨੂੰ ਬਚਾਉਣਾ ਵੀ ਕਿਸਾਨਾਂ ਦੀ ਲੜਾਈ ਵਿਚ ਸ਼ਾਮਿਲ ਹੈ। ਕਿਲੋ ਦੇ ਹਿਸਾਬ ਨਾਲ ਪੁਲਿਸ ਨਸ਼ਾ ਫੜ ਰਹੀ ਹੈ ਪੰਜਾਬ ਵਿੱਚ ਟਨਾਂ ਦੇ ਹਿਸਾਬ ਨਾਲ ਨਸ਼ਾ ਆ ਰਿਹਾ ਹੈ। ਇਹ ਪੁਲਿਸ ਦੀ ਕਾਮਯਾਬੀ ਨਹੀਂ ਨਲੈਕੀ ਹੈ । ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਬਚਾਉਣਾ ਅਤੇ ਜਨਹਿਤ ਦੇ ਹੋਰ ਕਈ ਮੁੱਦੇ ਵੀ ਕਿਸਾਨਾਂ ਨੇ ਆਪਣੇ ਇਸ ਸੰਘਰਸ਼ ਵਿੱਚ ਸ਼ਾਮਲ ਕੀਤੇ ਹਨ। ਜਿਨ੍ਹਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ,ਐਮਐਸਪੀ ਅਤੇ ਸਵਾਮੀ ਨਾਥਨ ਰਿਪੋਰਟ ਲਾਗੂ ਕਰਵਾਉਣੀ ,ਲਖੀਮਪੁਰ ਖਿਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ,ਜਦੋ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਓਦੋਂ ਤੱਕ ਸੰਗਰਸ਼ ਜਾਰੀ ਰਹੇਗਾ।